ਪੰਜਾਬ ਸਰਕਾਰ ਵੱਲੋਂ ਲਾਏ ਲਾਕਡਾਊ੍ਨ ਵਿਰੁੱਧ ਐਸ ਡੀ ਐਮ ਦਫ਼ਤਰ ਨਿਹਾਲ ਸਿੰਘ ਵਾਲਾ ਦੇ ਮੂਹਰੇ ਰੋਸ ਪ੍ਰਦਰਸ਼ਨ
ਸੁਖਮੰਦਰ ਹਿੰਮਤਪੁਰੀ
- ਕਰੋਨਾ ਬਿਮਾਰੀ ਤੋਂ ਪਹਿਲਾਂ ਲੋਕ ਭੁਖਮਰੀ ਨਾਲ ਮਰ ਜਾਣਗੇ - ਬੂਟਾ ਸਿੰਘ ਭਾਗੀਕੇ
ਨਿਹਾਲ ਸਿੰਘ ਵਾਲਾ, 8 ਮਈ 2021 - ਬੀਕੇਯੂ ਏਕਤਾ ਉਗਰਾਹਾਂ ਦੀ ਬਲਾਕ ਕਮੇਟੀ ਨਿਹਾਲ ਸਿੰਘ ਵਾਲਾ ਵੱਲੋਂ ਪੰਜਾਬ ਸਰਕਾਰ ਵੱਲੋਂ ਲਾਏ ਜਬਰੀ ਲਾਕਡਾਊ੍ਨ ਵਿਰੁੱਧ ਐਸ ਡੀ ਐਮ ਦਫ਼ਤਰ ਨਿਹਾਲ ਸਿੰਘ ਵਾਲਾ ਦੇ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਬਲਾਕ ਜਰਨਲ ਸਕੱਤਰ ਬੂਟਾ ਸਿੰਘ ਭਾਗੀਕੇ ਨੇ ਕਿਹਾ ਕਿ ਕਰੋਨਾ ਦੀ ਆੜ ਹੇਠ ਜਬਰੀ ਲਾਕਡਾਊਨ ਰਾਹੀਂ ਆਮ ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ, ਵਪਾਰੀਆਂ ਅਤੇ ਰੇੜ੍ਹੀ ਫੜ੍ਹੀ ਵਾਲਿਆਂ ਦੇ ਕਾਰੋਬਾਰ ਠੱਪ ਕਰਕੇ ਉਨ੍ਹਾਂ ਨੂੰ ਭੁੱਖਮਰੀ ਵੱਲ ਧੱਕਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਕਰੋਨਾ ਦੀ ਰੋਕਥਾਮ ਅਤੇ ਪੀੜਤਾਂ ਦੇ ਸਹੀ ਇਲਾਜ ਲਈ ਲੋੜੀਂਦੀ ਜਨ-ਜਾਗ੍ਰਤੀ ਅਤੇ ਬੈੱਡਾਂ, ਵੈਂਟੀਲੇਟਰਾਂ, ਵੈਕਸੀਨੇਸ਼ਨਾਂ, ਆਕਸੀਜਨ ਆਦਿ ਦੇ ਪ੍ਰਬੰਧਾਂ 'ਚ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ। ਹੁਣ ਪੁਲਿਸ ਪ੍ਰਸ਼ਾਸਨ ਜਬਰੀ ਲਾਕਡਾਊਨ ਮੜ੍ਹ ਕੇ ਆਮ ਦੁਕਾਨਦਾਰਾਂ ਛੋਟੇ ਵਪਾਰੀਆਂ/ਕਾਰੋਬਾਰੀਆਂ ਅਤੇ ਰੋਜ਼ ਦੀ ਰੋਜ਼ ਕਮਾ ਕੇ ਖਾਣ ਵਾਲੇ ਹੋਰ ਗਰੀਬ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਜਾ ਰਿਹਾ ਹੈ। ਇਸੇ ਕਰੋਨਾ ਦੀ ਆੜ ਹੇਠ ਮੋਦੀ ਭਾਜਪਾ ਹਕੂਮਤ ਅਤੇ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ, ਦੁਕਾਨਦਾਰਾਂ ਅਤੇ ਹੋਰ ਵਰਗਾਂ ਉੱਤੇ ਕਾਲ਼ੇ ਖੇਤੀ ਕਾਨੂੰਨ,ਲੇਬਰ ਕੋਡ ਅਤੇ ਹੋਰ ਲੋਕ ਵਿਰੋਧੀ ਕਾਲੇ ਕਾਨੂੰਨ ਮੜ੍ਹੇ ਜਾ ਰਹੇ ਹਨ ਅਤੇ ਲੋਕਾਂ ਨੂੰ ਸੰਘਰਸ਼ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਪ੍ਰਧਾਨ ਜੰਗੀਰ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਸਮੇਤ ਦੇਸ਼ ਦੀ ਪੂਰੀ ਆਰਥਿਕਤਾ ਅਡਾਨੀ ਅੰਬਾਨੀ ਅਤੇ ਦੇਸੀ ਬਦੇਸ਼ੀ ਸਾਮਰਾਜੀ ਕਾਰਪੋਰੇਟਾਂ ਹਵਾਲੇ ਕਰਨ ਲਈ ਮੋਦੀ ਹਕੂਮਤ ਅਤੇ ਸੂਬਾ ਸਰਕਾਰਾਂ ਤਤਪਰ ਹਨ। ਉਨ੍ਹਾਂ ਕਿਹਾ ਕਿ ਇਹਨਾਂ ਸੰਘਰਸ਼ਾਂ ਨੂੰ ਸਰ ਕਰਨ ਲਈ ਅਤੇ ਇਨ੍ਹਾਂ ਸਾਰੇ ਲੋਕ-ਮਾਰੂ ਹੱਲਿਆਂ ਨੂੰ ਪਛਾੜਨ ਲਈ ਕਿਸਾਨਾਂ ਮਜਦੂਰਾਂ, ਔਰਤਾਂ,ਦੁਕਾਨਦਾਰਾਂ ਅਤੇ ਹੋਰ ਵਰਗਾਂ ਸਮੇਤ ਸਾਰੇ ਕਿਰਤੀ ਲੋਕਾਂ ਦੀ ਵਿਸ਼ਾਲ ਜੁਝਾਰੂ ਏਕਤਾ ਸਮੇਂ ਦੀ ਅਣਸਰਦੀ ਲੋੜ ਹੈ। ਇਸ ਜੁਝਾਰੂ ਏਕਤਾ ਦਾ ਪਸਾਰਾ ਪੂਰੇ ਦੇਸ਼ ਵਿੱਚ ਕਰਨ ਦੀ ਲੋੜ ਹੋਰ ਵੀ ਵਧੇਰੇ ਹੈ। ਸੁਦਾਗਰ ਸਿੰਘ ਖਾਈ ਨੇ ਕਿਹਾ ਕਿ ਲਾਕਡਾਊਨ ਵਿਰੁੱਧ ਸੰਘਰਸ਼ ਦੀ ਹਮਾਇਤ ਰਾਹੀਂ ਏਕਤਾ ਅਤੇ ਪਸਾਰੇ ਦੀ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਕਰੋਨਾ ਸਾਵਧਾਨੀਆਂ ਦਾ ਧਿਆਨ ਰੱਖਦਿਆਂ ਦਿੱਲੀ ਬਾਡਰਾਂ ਤੋਂ ਇਲਾਵਾ ਪੰਜਾਬ ਵਿੱਚ ਸਾਮਰਾਜੀ ਕਾਰੋਬਾਰਾਂ ਅਤੇ ਭਾਜਪਾ ਆਗੂਆਂ ਵਿਰੁੱਧ ਲਗਾਤਾਰ ਚੱਲ ਰਹੇ ਪੱਕੇ ਮੋਰਚਿਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ।
ਕਿਸਾਨ ਆਗੂ ਇੰਦਰਮੋਹਨ ਪੱਤੋਂ ਨੇ ਕਿਹਾ ਕਿ ਕਰੋਨਾ ਬਿਮਾਰੀ ਨੂੰ ਕਾਬੂ ਕਰਨ ਲਈ ਕੇਂਦਰ ਅਤੇ ਰਾਜ ਸਰਕਾਰ ਨੇ ਲਾਕਡਾਊਨ ਤੋਂ ਇਲਾਵਾ ਕੁਝ ਨਹੀਂ ਕੀਤਾ ਗਿਆ। ਲੋਕਾਂ ਨੇ ਪਿਛਲੇ ਸਾਲ ਸਰਕਾਰਾਂ ਦੀ ਗੱਲ ਮੰਨਕੇ ਘਰਾਂ ਵਿੱਚ ਬੰਦ ਰਹੇ ਨੇ ਪਰ ਲੋਕਾਂ ਦੇ ਰਾਸ਼ਨ ਦਾ ਕੋਈ ਪ੍ਰਬੰਧ ਨਹੀਂ ਕੀਤਾ। ਸਮੂਹ ਲੋਕ ਘਰਾਂ ਵਿੱਚ ਬੰਦ ਰਹਿਣਗੇ ਤਾਂ ਭੁਖਮਰੀ ਨਾਲ ਮਰ ਜਾਣਗੇ।ਇਸ ਲਈ ਜਿਊਂਦੇ ਰਹਿਣ ਲਈ ਲੋਕਾਂ ਕੋਲ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ। ਦੁਕਾਨਦਾਰ ਦੁਕਾਨਾਂ ਖੋਲ੍ਹਣਗੇ ਜੱਥੇਬੰਦੀ ਵੱਲੋਂ ਐਲਾਨ ਕੀਤਾ ਹੋਇਆ ਹੈ ਕਿ ਉਹਨਾਂ ਦੀ ਹਮਾਇਤ ਤੇ ਆਵੇਗੀ, ਪਿਛੇ ਨਹੀਂ ਹਟਣਗੇ ਅਤੇ ਹਰ ਤਰ੍ਹਾਂ ਦੀ ਮੱਦਦ ਕਰਾਂਗੀ। ਇਸ ਸਮੇਂ ਨੌਜਵਾਨ ਭਾਰਤ ਸਭਾ ਦੇ ਗੁਰਮੁਖ ਸਿੰਘ ਹਿੰਮਤਪੁਰਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਡੀਟੀਐਫ ਬਲਾਕ ਪ੍ਰਧਾਨ ਅਮਨਦੀਪ ਸਿੰਘ ਮਾਛੀਕੇ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਜਗਮੋਹਨ ਸਿੰਘ ਸੈਦੋਕੇ, ਗਗਨਦੀਪ ਸਿੰਘ ਸੈਦੋਕੇ, ਨਿਰਮਲ ਸਿੰਘ ਹਿੰਮਤਪੁਰਾ,ਮੇਜਰ ਸਿੰਘ ਰੌਂਤਾ, ਗੁਰਮੇਲ ਸਿੰਘ ਸੈਦੋਕੇ, ਮਨਪ੍ਰੀਤ ਸਿੰਘ ਲੋਪੋਂ, ਕੁਲਵੰਤ ਕੌਰ ਲੁਹਾਰਾ ਆਂਗਣਵਾੜੀ ਵਰਕਰ ਆਗੂ ਕਰਮਜੀਤ ਕੌਰ ਹਿੰਮਤਪੁਰਾ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਨੌਜਵਾਨ, ਦੁਕਾਨਦਾਰ ਅਤੇ ਔਰਤਾਂ ਵੱਡੀ ਵਿੱਚ ਹਾਜ਼ਰ ਸਨ।