ਮੋਹਾਲੀ: ਬਜ਼ੁਰਗ ਔਰਤ ਨੂੰ ਵੈਕਸੀਨ ਦੀ ਦੂਜੀ ਡੋਜ਼ ਬਦਲ ਕੇ ਲਾਉਣ ਦਾ ਡਿਪਟੀ ਕਮਿਸ਼ਨਰ ਨੇ ਲਿਆ ਸਖਤ ਨੋਟਿਸ
ਹਰਜਿੰਦਰ ਸਿੰਘ ਭੱਟੀ
- ਐਕਸਟਰਾ ਅਸਿਸਟੈਂਟ ਕਮਿਸ਼ਨਰ ਦਿਪਾਂਕਰ ਗਰਗ ਨੂੰ ਪੜਤਾਲ ਕਰਨ ਦੇ ਨਿਰਦੇਸ਼
ਐਸ.ਏ.ਐਸ. ਨਗਰ, 06 ਮਈ 2021 - ਬੀਤੇ ਦਿਨੀਂ ਇੱਕ ਬਜ਼ੁਰਗ ਔਰਤ ਨੂੰ ਕੋਵਿਡ ਵੈਕਸੀਨੇਸ਼ਨ ਤਹਿਤ ਦੂਜੀ ਡੋਜ਼ ਪਹਿਲਾਂ ਨਾਲੋਂ ਵੱਖਰੀ ਦਵਾਈ ਦੀ ਲਾਏ ਜਾਣ ਦਾ ਸਖਤ ਨੋਟਿਸ ਲੈਂਦਿਆ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਇਸ ਸਬੰਧੀ ਪੜਤਾਲ ਲਈ ਐਕਸਟਰਾ ਐਸਿਸਟੈਂਟ ਕਮਿਸ਼ਨਰ (ਯੂ.ਟੀ.) ਦਿਪਾਂਕਰ ਗਰਗ ਦੀ ਡਿਊਟੀ ਲਗਾਈ ਹੈ। ਉਨ੍ਹਾਂ ਕਿਹਾ ਹੈ ਕਿ ਅਜਿਹੀ ਅਣਗਿਹਲੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ੍ਰੀ ਦਿਆਲਨ ਨੇ ਮੈਡੀਕਲ ਸਟਾਫ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਜਿਸ ਵਿਅਕਤੀ ਨੂੰ ਜਿਹੜੀ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਹੈ, ਉਸੇ ਵੈਕਸੀਨ ਦੀ ਹੀ ਦੂਜੀ ਡੋਜ਼ ਦਿੱਤੀ ਜਾਵੇ।
ਉਨ੍ਹਾਂ ਨਾਲ ਹੀ ਨਿਰਦੇਸ਼ ਦਿੱਤੇ ਹਨ ਕਿ ਜਿਸ ਵਿਅਕਤੀ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਜਾਂਦੀ ਹੈ, ਉਸ ਵੈਕਸੀਨ ਦੀ ਜਾਣਕਾਰੀ ਸਬੰਧਤ ਵਿਅਕਤੀ ਨੂੰ ਜ਼ਰੂਰ ਦਿੱਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿੱਥੇ ਉਹ ਅੱਗੇ ਵੱਧ ਕੇ ਕੋਵਿਡ ਵੈਕਸੀਨੇਸ਼ਨ ਜ਼ਰੂਰ ਕਰਵਾਉਣ, ਉੱਥੇ ਇਸ ਦੀ ਗੱਲ ਦੀ ਜਾਣਕਾਰੀ ਸਬੰਧਤ ਸਟਾਫ ਤੋਂ ਜ਼ਰੂਰ ਲੈਣ ਕਿ ਉਨ੍ਹਾਂ ਨੂੰ ਕਿਹੜੀ ਵੈਕਸੀਨ ਲਾਈ ਗਈ ਹੈ ਤੇ ਦੂਜੀ ਡੋਜ਼ ਲਗਵਾਉਣ ਵੇਲੇ ਖ਼ੁਦ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਉਨ੍ਹਾਂ ਨੂੰ ਦੂਜੀ ਡੋਜ਼ ਵੀ ਉਸੇ ਵੈਕਸੀਨ ਦੀ ਹੀ ਲੱਗੇ ਜਿਹੜੀ ਪਹਿਲਾਂ ਲੱਗੀ ਸੀ।