ਲੁਧਿਆਣਾ: ਕੁੜੀਆਂ ਦੇ ਸਰਕਾਰੀ ਕਾਲਜ 'ਚ ਬਣਾਇਆ ਗਿਆ ਨਵਾਂ ਕੋਵਿਡ ਕੰਟਰੋਲ ਰੂਮ
ਸੰਜੀਵ ਸੂਦ
- ਹੁਣ ਕੋਰੋਨਾ ਦੇ ਲੱਛਣ ਮਿਲਣ ਤੇ ਇਲਾਜ ਲਈ ਸਿੱਧਾ ਡਾਇਲ ਕਰੋ 2403111
ਲੁਧਿਆਣਾ, 21 ਮਈ 2021 - ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਮਹਾਂਮਾਰੀ ਤੇ ਠੱਲ੍ਹ ਪਾਉਣ ਲਈ ਅਹਿਮ ਫ਼ੈਸਲਾ ਲੈਂਦਿਆਂ ਕਵਿਡ ਕੰਟਰੋਲ ਰੂਮ ਤਿਆਰ ਕੀਤਾ ਗਿਆ ਹੈ। ਜਿਸ ਵਿਚ ਅਤਿ ਆਧੁਨਿਕ ਸੁਵਿਧਾਵਾਂ ਹਨ। ਇਸ ਦੀ ਸ਼ੁਰੂਆਤ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵੱਲੋਂ ਕਰਵਾਈ ਗਈ। ਉਨ੍ਹਾਂ ਨੇ ਕਿਹਾ ਕਿ ਹੁਣ ਪਿੰਡਾਂ ਦੇ ਵਿਚ ਵੀ ਕੋਰੋਨਾ ਦੇ ਕੇਸ ਵਧ ਰਹੇ ਨੇ ਜਿਸ ਦੇ ਮੱਦੇਨਜ਼ਰ ਇਸ ਕੰਟਰੋਲ ਰੂਮ ਨੂੰ ਤਿਆਰ ਕੀਤਾ ਗਿਆ ਹੈ। ਲੁਧਿਆਣਾ ਦੇ ਭਾਰਤ ਨਗਰ ਚੌਕ ਵਿਚ ਸਥਿਤ ਕੁੜੀਆਂ ਦੇ ਸਰਕਾਰੀ ਕਾਲਜ ਵਿੱਚ ਕਾਲਜ ਦੇ ਪ੍ਰਬੰਧਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਇਸ ਨੂੰ ਬਣਵਾਇਆ ਗਿਆ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੰਟਰੋਲ ਰੂਮ ਪਹਿਲਾਂ ਵੀ ਚੱਲ ਰਹੇ ਹਨ। ਪਰ ਲਗਾਤਾਰ ਵਧ ਰਹੇ ਪਿੰਡਾਂ ਵਿੱਚ ਕੇਸਾਂ ਦੇ ਮੱਦੇਨਜ਼ਰ ਇੱਕ ਵੱਡਾ ਕਵਿਡ ਕੰਟਰੋਲ ਰੂਮ ਬਣਾਇਆ ਗਿਆ। ਜਿਸ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਬਾਕੀ ਸ਼ਹਿਰਾਂ ਅਤੇ ਪਿੰਡਾਂ ਦੇ ਹੈਲਪਲਾਈਨ ਨੰਬਰਾਂ ਤੋਂ ਇਲਾਵਾ 01612403111 ਨੰਬਰ ਵਿਸ਼ੇਸ਼ ਤੌਰ ਤੇ ਬਣਾਇਆ ਗਿਆ। ਜਿਸ ਤੋਂ ਕਿਸੇ ਵੀ ਵੇਲੇ ਫੋਨ ਕਰ ਕੇ ਮਦਦ ਲਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਜੇਕਰ ਕਿਸੇ ਨੂੰ ਵੀ ਕੋਰੋਨਾ ਵਰਗੇ ਲੱਛਣ ਲੱਗਦੇ ਹਨ ਤਾਂ ਉਹ ਤੁਰੰਤ ਇਸ ਨੰਬਰ ਤੇ ਫੋਨ ਕਰਕੇ ਆਪਣਾ ਇਲਾਜ ਸ਼ੁਰੂ ਕਰਵਾ ਸਕਦਾ ਹੈ। ਲੋੜ ਪੈਣ ਤੇ ਉਸ ਦੇ ਘਰ ਤੱਕ ਆਕਸੀਜਨ ਵੀ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਜੋ ਲੋਕ ਹਸਪਤਾਲ ਨਹੀਂ ਜਾਣਾ ਚਾਹੁੰਦੇ, ਘਰ ਵਿੱਚ ਆਪਣਾ ਇਲਾਜ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਘਰ ਵਿੱਚ ਇਲਾਜ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਪਿੰਡਾਂ ਵਿੱਚ ਕੋਰੋਨਾ ਤੋਂ ਪੀੜਤ ਹੋ ਰਹੇ ਨੇ, ਇਸ ਕਰਕੇ ਉਹ ਕੋਈ ਹੋਰ ਬਹਾਨੇ ਨਾ ਲਗਾਉਣ ਸਿੱਧਾ ਇਸ ਨੰਬਰ ਤੇ ਫੋਨ ਕਰਕੇ ਆਪਣਾ ਜਲਦ ਤੋਂ ਜਲਦ ਇਲਾਜ ਸ਼ੁਰੂ ਕਰਨ ਤਾਂ ਜੋ ਆਪਣੀ ਜਾਨ ਬਚਾ ਸਕਣ।