ਲੁਧਿਆਣਾ ਜਾਮਾ ਮਸਜਿਦ ’ਚ ਅਦਾ ਕੀਤੀ ਗਈ ਨਮਾਜ ਏ ਈਦ-ਉਲ-ਫਿਤਰ
ਸੰਜੀਵ ਸੂਦ
- ਗਲੇ ਚਾਹੇ ਨਾ ਮਿਲੋ ਕੋਰੋਨਾ ’ਚ ਸਾਥ ਜ਼ਰੂਰ ਦਿਓ : ਸ਼ਾਹੀ ਇਮਾਮ ਪੰਜਾਬ ਦਾ ਪੈਗਾਮ
ਲੁਧਿਆਣਾ, 14 ਮਈ 2021 - ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ’ਚ ਸਾਮਾਜਿਕ ਦੂਰੀ ਦੇ ਨਾਲ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਈਦ ਉਲ ਫਿਤਰ ਦੀ ਨਮਾਜ ਅਦਾ ਕਰਵਾਈ। ਇਸ ਮੌਕੇ ’ਤੇ ਆਪਣੇ ਪੈਗਾਮ ’ਚ ਸ਼ਾਹੀ ਇਮਾਮ ਨੇ ਕਿਹਾ ਕਿ ਈਦ ਰੋਜੇਦਾਰਾਂ ਲਈ ਅੱਲਾ ਤਾਆਲਾ ਦਾ ਇਨਾਮ ਹੈ, ਅੱਜ ਦੇ ਦਿਨ ਨਫਰਤ ਖਤਮ ਕਰਕੇ ਮੁਹੱਬਤਾਂ ਵੰਡੀਆਂ ਜਾਂਦੀਆਂ ਹਨ।
ਸ਼ਾਹੀ ਇਮਾਮ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਇਸ ਸਮੇਂ ’ਚ ਈਦ ਦੇ ਦਿਨ ਗਲੇ ਨਹੀਂ ਮਿਲ ਸਕਦੇ ਤਾਂ ਕੀ ਹੋਇਆ ਲੇਕਿਨ ਸਾਥ ਜਰੂਰ ਨਿਭਾਉਦੇ ਰਹੋ। ਸ਼ਾਹੀ ਇਮਾਮ ਨੇ ਕਿਹਾ ਕਿ ਇਹ ਮਹਾਮਾਰੀ ਸਿਰਫ ਇੰਸਾਨਾਂ ਦੀ ਜਾਨ ਹੀ ਨਹੀਂ ਲੈ ਰਹੀ ਸਗੋਂ ਰਿਸ਼ਤੀਆਂ ਅਤੇ ਦੋਸਤੀਆਂ ਦਾ ਵੀ ਕਤਲ ਕਰ ਰਹੀ ਹੈ। ਲੋਕ ਇੱਕ ਦੂੱਜੇ ਦੀ ਮਦਦ ਕਰਨ ਤੋਂ ਅੱਖਾਂ ਚੁਰਾ ਰਹੇ ਹਨ ਜੋ ਕੀ ਸ਼ਰਮ ਦੀ ਗੱਲ ਹੈ।
ਸ਼ਾਹੀ ਇਮਾਮ ਨੇ ਕਿਹਾ ਕਿ ਯਾਦ ਰੱਖੋਂ ਮੁਸੀਬਤ ਦਾ ਇਹ ਵਕਤ ਗੁਜਰ ਜਾਵੇਗਾ ਲੇਕਿਨ ਬੇਵਫਾਈਆਂ ਯਾਦ ਰਹਿਣਗੀਆਂ, ਇਸ ਲਈ ਆਪਣਾ ਜਮੀਰ ਜਿੰਦਾ ਰੱਖੋ। ਸ਼ਾਹੀ ਇਮਾਮ ਨੇ ਕਿਹਾ ਕਿ ਕੋਰੋਨਾ ’ਚ ਕਾਲਾ ਬਾਜਾਰੀ ਕਰਨ ਵਾਲੇ ਦੇਸ਼ ਦੇ ਗ਼ਦਾਰ ਹਨ, ਅਜਿਹੇ ਲੋਕਾਂ ਦੇ ਖਿਲਾਫ ਸਖ਼ਤ ਕਨੂੰਨ ਬਣਾ ਕੇ ਫ਼ਾਂਸੀ ਦਾ ਪ੍ਰਸਤਾਵ ਲਿਆਉਣਾ ਚਾਹੀਦਾ ਹੈ। ਸ਼ਾਹੀ ਇਮਾਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ’ਚ ਨਮਾਜ ਅਦਾ ਕਰਦੇ ਹੋਏ ਬੀਮਾਰਾਂ ਲਈ ਖਾਸ ਦੁਆ ਕਰੋ। ਇਸ ਮੌਕੇ ’ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਵੀ ਸੰਬੋਧਨ ਕੀਤਾ।