ਵਿੱਤ ਮੰਤਰੀ ਵੱਲੋਂ 50 ਬੈਡਾਂ ਵਾਲੇ ਕੋਵਿਡ ਕੇਅਰ ਸੈਂਟਰ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 22 ਮਈ2021 : ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਇੱਥੋਂ ਦੀਆਂ ਦੋ ਦਰਜਨ ਸਮਾਜ ਸੇਵੀ ਜੱਥੇਵੰਦੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰੇਰਣਾ ਤੇ ਸਹਿਯੋਗ ਨਾਲ ਬਣਾਏ ਗਏ ਬਠਿੰਡਾ ਕੋਵਿਡ ਕੇਅਰ ਸੈਂਟਰ ਦੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ੁਰੂਆਤ ਕੀਤੀ ਗਈ। ਸਥਾਨਕ ਮੈਰੀਟੋਰੀਅਸ ਸਕੂਲ ਵਿਖੇ 15 ਲੱਖ ਦੀ ਲਾਗਤ ਨਾਲ ਬਣਾਏ ਗਏ ਇਸ ਕੋਵਿਡ ਕੇਅਰ ਸੈਂਟਰ ਵਿਖੇ ਹਾਲ ਦੀ ਘੜੀ ਲੈਵਲ 2 ਲਈ 50 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਨ੍ਹਾਂ ’ਚ ਜ਼ਰੂਰਤ ਪੈਣ ਤੇ ਹੋਰ ਵਾਧਾ ਕੀਤਾ ਜਾਵੇਗਾ। ਇਸ ਮੌਕੇ ਵਿੱਤ ਮੰਤਰੀ ਨੇ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦੇ ਚਲਦਿਆਂ ਬਠਿੰਡਾ ਸ਼ਹਿਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਇਸ ਵਡਮੁੱਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵੀਆਂ ਵੱਲੋਂ ਇਕੱਠੇ ਹੋ ਕੇ ਮੁਸੀਬਤ ਦੀ ਘੜੀ ਵਿੱਚ ਦਰਦਮੰਦਾਂ ਦੀ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਤੋਂ ਨਾ ਸਿਰਫ ਬਠਿੰਡਾ ਵਾਸੀ ਸਗੋਂ ਪ੍ਰਮਾਤਮਾ ਵੀ ਰਾਜੀ ਹੋਵੇਗਾ।
ਵਿੱਤ ਮੰਤਰੀ ਨੇ ਇੱਥੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਮਹਾਨ ਦੱਸਦਿਆਂ ਕਿਹਾ ਕਿ ਇਸ ਕੋਵਿਡ ਕੇਅਰ ਸੈਂਟਰ ਵਿਖੇ ਜਿੱਥੇ ਕਰੋਨਾ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਤੇ ਦਵਾਈਆਂ ਮੁਫਤ ਹੋਣਗੇ ਉੱਥੇ ਹੀ ਮਰੀਜ਼ਾ ਨਾਲ ਆਉਣ ਵਾਲੇ ਪ੍ਰਵਾਰਿਕ ਮੈਂਬਰਾਂ ਲਈ ਮੁਫਤ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਬਠਿੰਡਾ ਵਾਸੀਆਂ ਦੀ ਸਿਹਤ ਸੁਰੱਖਿਆ ਨੂੰ ਮੁੱਖ ਰੱਖਦਿਆਂ ਜੇਕਰ ਇਸ ਕੋਵਿਡ ਕੇਅਰ ਸੈਂਟਰ ਲਈ ਹੋਰ ਵੀ ਮਦਦ ਦੀ ਲੋੜ ਪਈ ਤਾਂ ਉਹ ਕਦੇ ਪਿੱਛੇ ਨਹੀਂ ਹਟਣਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ, ਕੋਵਿਡ ਕੇਅਰ ਸੈਂਟਰ ਦੇ ਇੰਚਾਰਜ ਡਾ.ਹਰਿੰਦਰਪਾਲ ਸਿੰਘ, ਪਵਨ ਮਾਨੀ, ਅਰੁਣ ਵਧਾਵਨ ,ਡਾਕਟਰੀ ਸਟਾਫ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।