ਸ਼ੁੱਕਰਵਾਰ ਡ੍ਰਾਈ ਡੇ ਨੂੰ ਆਪਣੀ ਆਦਤ ਬਣਾਇਆ ਜਾਵੇ – ਸਿਵਲ ਸਰਜਨ ਕਪੂਰਥਲਾ
ਬਲਵਿੰਦਰ ਸਿੰਘ ਧਾਲੀਵਾਲ
- ਕੌਮੀ ਡੇਂਗੂ ਦਿਵਸ ਮੌਕੇ ਸਮਾਗਮ
ਸੁਲਤਾਨਪੁਰ ਲੋਧੀ, 15 ਮਈ 2021 - ਸਿਹਤ ਵਿਭਾਗ ਕਪੂਰਥਲਾ ਵੱਲੋਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੀ ਰਹਿਨੁਮਾਈ ਹੇਠ ਕੌਮੀ ਡੇਂਗੂ ਦਿਵਸ ਦੇ ਸੰਬੰਧ ਵਿਚ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਕੋਵਿਡ ਦੇ ਇਸ ਦੌਰ ਵਿਚ ਅਸਾਂ ਸਭਨਾਂ ਨੇ ਕੋਵਿਡ ਤੋਂ ਤਾਂ ਬਚਾਅ ਕਰਨਾ ਹੀ ਹੈ ਨਾਲ ਹੀ ਡੇਂਗੂ ਨਾਲ ਵੀ ਨਿਪਟਣਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਜਰੂਰੀ ਹੈ ਕਿ ਇਸ ਦੇ ਮੱਛਰ ਨੂੰ ਹੀ ਪੈਦਾ ਹੋਣ ਤੋਂ ਰੋਕਿਆ ਜਾਏ। ਉਨ੍ਹਾਂ ਜੋਰ ਦਿੱਤਾ ਕਿ ਹਰ ਸ਼ੁਕਰਵਾਰ ਡ੍ਰਾਈ ਡੇ ਨੂੰ ਆਪਣੀ ਆਦਤਾਂ ਵਿਚ ਸ਼ੁਮਾਰ ਕਰ ਲੈਣਾ ਚਾਹੀਦਾ ਹੈ ਤਾਂ ਜੋ ਘਰ ਵਿਚ ਅਤੇ ਘਰਾਂ ਦੇ ਆਸ ਪਾਸ ਕਿਤੇ ਵੀ ਸਾਫ ਪਾਣੀ ਦਾ ਠਹਰਾਅ ਹੀ ਨਾ ਹੋ ਸਕੇ।
ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਫੀਲਡ ਵਿਚ ਜਾ ਕੇ ਚੈਕਿੰਗ ਕੀਤੀ ਜਾਂਦੀ ਹੈ ਤੇ ਲਾਰਵਾ ਨੂੰ ਨਸ਼ਟ ਕੀਤਾ ਜਾਂਦਾ ਹੈ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਡੇਂਗੂ ਨੂੰ ਰੋਕਣ ਦੀ ਸ਼ੁਰੂਆਤ ਘਰ ਤੋਂ ਹੀ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਇਸ ਪ੍ਰਤੀ ਸਚੇਤ ਰਹਿਣਾ ਚਾਹੀਦਾ ਹੈ।
ਸੀਨੀਅਰ ਮੈਡੀਕਲ ਅਫਸਰ ਡਾ.ਸੰਦੀਪ ਧਵਨ ਨੇ ਦੱਸਿਆ ਕਿ ਦੱਸਿਆ ਕਿ ਡੇਂਗੂ ਬੁਖਾਰ ਏਡੀਜ ੲਜੀਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜੋ ਕਿ ਦਿਨ ਵੇਲੇ ਕੱਟਦਾ ਹੈ। ਉਨ੍ਹਾਂ ਦੱਸਿਆ ਕਿ ਤੇਜ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਚਮੜੀ ਤੇ ਦਾਨੇ, ਮਸੂੜਿਆਂ ਵਿੱਚ ਖੁਨ ਆਉਣਾ ਇਸ ਦੇ ਲੱਛਣ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਡੇਂਗੂ ਬੁਖਾਰ ਹੋਣ ਦੀ ਸੂਰਤ ਵਿੱਚ ਪੈਰਾਸੀਟਾਮੋਲ ਹੀ ਲਈ ਜਾਏ ਤੇ ਬਰੂਫਨ ਤੇ ਐਸਪੀਰੀਨ ਦਾ ਸੇਵਨ ਬਿਲਕੁਲ ਨਾ ਕੀਤਾ ਜਾਏ ਤੇ ਸੈਲਫ ਮੈਡੀਕੇਸ਼ਨ ਤੋਂ ਬਚਿਆ ਜਾਏ।
ਜਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਕਿਹਾ ਕਿ ਫਰਿੱਜਾਂ ਦੀਆਂ ਟ੍ਰੇਆਂ, ਕੂਲਰਾਂ ਦੀਆਂ ਟ੍ਰੇਆਂ ਨੂੰ ਹਰ ਸ਼ੁੱਕਰਵਾਰ ਚੰਗੀ ਤਰ੍ਹਾਂ ਸਾਫ ਕਰ ਕੇ ਸੁਕਾਇਆ ਜਾਏ। ਉਨ੍ਹਾਂ ਲੋਕਾਂ ਨੂੰ ਘਰਾਂ ਦੀਆਂ ਛੱਤਾਂ ਉੱਪਰ ਪਈਆਂ ਟੈਂਕੀਆਂ ਨੂੰ ਢੱਕ ਕੇ ਰੱਖਣ, ਛੱਤਾਂ ਤੇ ਪਏ ਕਬਾੜ ਨੂੰ ਸੁਟੱਣ ਲਈ ਕਿਹਾ ਤਾਂ ਜੋ ਬਰਸਾਤ ਦਾ ਪਾਣੀ ਉਨ੍ਹਾਂ ਵਿਚ ਇਕੱਠਾ ਨਾ ਹੋ ਸਕੇ ਤੇ ਡੇਂਗੂ ਮੱਛਰ ਦੇ ਪੈਦਾ ਹੋਣ ਦਾ ਕਾਰਣ ਨਾ ਬਣ ਸਕੇ।
ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਅਨੂ ਸ਼ਰਮਾ, ਜਿਲਾ ਸਿਹਤ ਅਫਸਰ ਡਾ.ਕੁਲਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਜਿਲਾ ਐਪੀਡੀਮੋਲੋਜਿਸਟ ਡਾ. ਨਵਪ੍ਰੀਤ ਕੌਰ, ਡਾ.ਸ਼ੁਭਰਾ ਸਿੰਘ, ਰਵਿੰਦਰ ਜੱਸਲ, ਹਰਕੰਵਲ ਸਿੰਘ, ਗੁਰਬੀਰ ਸਿੰਘ, ਦਵਿੰਦਰ ਸਿੰਘ, ਕੰਵਰ ਬਲਰਾਜ ਸਿੰਘ ਤੋਂ ਇਲਾਵਾ ਹੋਰ ਹਾਜਰ ਸਨ।