ਸ਼੍ਰੋਮਣੀ ਕਮੇਟੀ 23 ਮਈ ਤੋਂ ਰੋਪੜ 'ਚ ਸ਼ੁਰੂ ਕਰੇਗੀ 25 ਬੈਡਾਂ ਦਾ ਮੁਫਤ ਕੋਰੋਨਾ ਕੇਅਰ ਸੈਂਟਰ: ਡਾ.ਚੀਮਾ
ਹਰੀਸ਼ ਕਾਲੜਾ
- ਸੈਂਟਰ ਵਾਸਤੇ ਆਈ ਐਮ ਏ ਰੋਪੜ ਦੀ ਟੀਮ ਵੀ ਕਰੇਗੀ ਸਹਿਯੋਗ
- ਸੁਖਬੀਰ ਸਿੰਘ ਬਾਦਲ ਤੇ ਬੀਬੀ ਜਗੀਰ ਕੌਰ ਅਰਦਾਸ ਉਪਰੰਤ ਸ਼ੁਰੂ ਕਰਵਾਉਣਗੇ ਸੈਂਟਰ
ਰੂਪਨਗਰ, 21 ਮਈ 2021: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 23 ਮਈ ਤੋਂ ਗੁਰਦੁਆਰਾ ਭੱਠਾ ਸਾਹਿਬ ਰੋਪੜ ਵਿਖੇ 25 ਬੈਡਾਂ ਦਾ ਮੁਫਤ ਕੋਰੋਨਾ ਕੇਅਰ ਸੈਂਟਰ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਕੋਰੋਨਾ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ 23 ਮਈ ਨੂੰ ਅਰਦਾਸ ਉਪਰੰਤ ਸੈਂਟਰ ਦੀ ਸ਼ੁਰੂਆਤ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਸੈਂਟਰ ਵਿਚ ਮਰੀਜ਼ਾਂ ਦੀ ਭਰਤੀ 24 ਮਈ ਸੋਮਵਾਰ ਦੀ ਸਵੇਰ ਤੋਂ ਸ਼ੁਰੂ ਹੋਵੇਗੀ।
ਡਾ. ਚੀਮਾ ਨੇ ਦੱਸਿਆ ਕਿ ਇਸ ਸੈਂਟਰ ਵਾਸਤੇ ਜਿਥੇ ਡਾਕਟਰ ਤੇ ਨਰਸਾਂ ਭਰਤੀ ਕਰ ਲਈਆਂ ਗਈਆਂ ਹਨ, ਉਥੇ ਹੀ 24 ਘੰਟੇ ਐਂਬੂਲੈਂਸ ਸੇਵਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਜੇਕਰ ਕਿਸੇ ਮਰੀਜ਼ ਨੂੰ ਇਥੋਂ ਸਿਵਲ ਹਸਪਤਾਲ ਸ਼ਿਫਟ ਕਰਨਾ ਪਿਆ ਤਾਂ ਐਂਬੂਲੈਂਸ ਸੇਵਾ ਮੁਫਤ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਸੈਂਟਰ ਐਲ 1 ਸਹੂਲਤਾਂ ਵਾਲਾ ਹੋਵੇਗਾ। ਉਹਨਾਂ ਦੱਸਿਆ ਕਿ ਸੈਂਟਰ ਸਥਾਪਿਤ ਕਰਨ ਤੇ ਚਲਾਉਣ ਵਾਸਤੇ ਸਰਕਾਰ ਵੱਲੋਂ ਜਾਰੀ ਕੋਰੋਨਾ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ।ਅਕਾਲੀ ਆਗੂ ਨੇ ਦੱਸਿਆ ਕਿ ਸੈਂਟਰ ਵਿਚ ਮਰੀਜ਼ਾਂ ਲਈ ਆਕਸੀਜ਼ਨ ਕੰਸੈਂਟ੍ਰੇਟਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਮਰੀਜ਼ਾਂ ਲਈ ਮੁਫਤ ਆਕਸੀਜ਼ਨ ਸੇਵਾ ਤੋਂ ਇਲਾਵਾ ਮੁਫਤ ਦਵਾਈਆਂ ਤੇ ਡਾਕਟਰਾਂ ਦੀ ਸਲਾਹ ਅਨੁਸਾਰ ਪੌਸ਼ਟਿਕ ਭੋਜਨ ਵੀ ਮਰੀਜ਼ਾਂ ਨੂੰ ਦਿੱਤੀ ਜਾਵੇਗਾ।
ਉਹਨਾਂ ਦੱਸਿਆ ਕਿ ਸੈਂਟਰ ਚਲਾਉਣ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਰੋਪੜ ਦੀ ਟੀਮ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ ਤੇ ਸ਼ਹਿਰ ਦੇ ਸੀਨੀਅਰ ਪ੍ਰਾਈਵੇਟ ਡਾਕਟਰ ਸਮੇਂ ਸਮੇਂ 'ਤੇ ਸੈਂਟਰ ਵਿਚ ਆ ਕੇ ਸੇਵਾਵਾਂ ਦੇਣਗੇ।
ਉਹਨਾਂ ਨੇ ਇਹ ਸੈਂਟਰ ਰੋਪੜ ਵਿਖੇ ਸਥਾਪਿਤ ਕਰਨ ਲਈ ਬੀਬੀ ਜਗੀਰ ਕੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਤੇ ਇਸ ਲਈ ਸਹਿਯੋਗ ਦੇਣ ਵਾਸਤੇ ਆਈ ਐਮ ਏ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਚੀਮਾ ਦੇ ਨਾਲ ਡਾ. ਅਜੇ ਜਿੰਦਲ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਰੂਪਨਗਰ, ਡਾ. ਐੱਚ ਐੱਨ ਸ਼ਰਮਾ ਸਿਵਲ ਸਰਜਨ ਰਿਟਾਇਰਡ, ਡਾ. ਬੀ.ਪੀ.ਐਸ ਪਰਮਾਰ ਸੈਕਟਰੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਰੂਪਨਗਰ, ਡਾ. ਜੇ.ਪੀ.ਐਸ ਸਾਂਘਾ, ਡਾ. ਭੀਮ ਸੈਨ ਜੁਆਇੰਟ ਸੈਕਟਰੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਪ੍ਰੋਜੈਕਟ ਇੰਚਾਰਜ, ਡਾ. ਗੌਰਵ ਕੌਸ਼ਲ, ਡਾ. ਅੰਜਲੀ ਰਾਣਾ, ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਜਮੇਰ ਸਿੰਘ ਖੇੜਾ ਅਗਜੈਕਟਿਵ ਮੈਂਬਰ, ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਰਮਜੀਤ ਸਿੰਘ ਮੱਕੜ ਪ੍ਰਧਾਨ ਸ਼ਹਿਰੀ ਅਕਾਲੀ ਦਲ ਰੂਪਨਗਰ ਵੀ ਹਾਜ਼ਰ ਸਨ।