ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਾਂਗੇ - ਭੇੈਣੀ ਬਾਘਾ
ਸੰਜੀਵ ਜਿੰਦਲ
ਮਾਨਸਾ , 9 ਮਈ 2021 : ਕੋਰੋਨਾ ਮਹਾਂਮਾਰੀ ਨੇ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਹਾਹਾਕਾਰ ਮਚਾਈ ਹੋਈ ਹੈ । ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਲਈ ਵੱਖ ਵੱਖ ਨਿਯਮ ਅਤੇ ਹਦਾਇਤਾਂ ਜਾਰੀ ਕੀਤੀਆਂ ਹਨ । ਪਰ ਦੂਸਰੇ ਪਾਸੇ ਦੁਕਾਨਦਾਰ ਇਸ ਤੋਂ ਨਾਖੁਸ਼ ਨਜ਼ਰ ਆ ਰਹੇ ਹਨ । ਜਿਸਦੇ ਚਲਦਿਆਂ ਕਿਸਾਨ ਜਥੇਬੰਦੀਆਂ ਦੁਕਾਨਦਾਰਾਂ ਦੇ ਨਾਲ ਖੜ੍ਹ ਕੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੀਆਂ ਹਨ । ਪ੍ਰਸ਼ਾਸਨ ਅਤੇ ਲੋਕ ਆਹਮੋ ਸਾਹਮਣੇ ਹੋ ਗਏ ਹਨ । ਇਸੇ ਤਹਿਤ , ਕੋਰੋਨਾ ਸਬੰਧੀ ਅਸੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਾਂਗੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਕੀਤਾ ।
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋ ਪੂਰੇ ਪੰਜਾਬ ਚ ਮਿੰਨੀ ਲਾਕਡਾਊਨ ਲਗਾਕੇ ਗੈਰ ਜਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹੋਏ ਹਨ ਅਤੇ ਦੁਕਾਨਦਾਰ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਕੇ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਮੰਗ ਕਰ ਰਹੇ ਹਨ । ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋ ਅੱਜ ਤੋਂ ਸਾਰੀਆਂ ਦੁਕਾਨਾਂ ਖੁੱਲ੍ਹਵਾਉਣ ਦਾ ਫੈਸਲਾ ਕੀਤਾ ਹੈ । ਜਿਸ ਤਹਿਤ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਅਗਵਾਈ ਚ ਮਾਨਸਾ ਵਿਖੇ ਇਕੱਠੇ ਸੈਂਕੜੇ ਕਿਸਾਨਾਂ ਨੇ ਸਰਕਾਰ ਵੱਲੋ ਲਾਏ ਮਿੰਨੀ ਲਾਕਡਾਊਨ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲਣ ਦਾ ਸੱਦਾ ਦਿੱਤਾ ਹੈ।
ਕਿਸਾਨ ਆਗੂਆਂ ਨਾਲ ਕੀਤੀ ਗਈ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਦੁਕਾਨਾਂ ਨਾ ਖੁੱਲ੍ਹਵਾਈਆਂ ਗਈਆਂ ਤਾਂ ਪ੍ਰਦਰਸ਼ਨ ਤੇਜ ਕੀਤਾ ਜਾਵੇਗਾ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਅਸੀਂ ਕਿਸੇ ਕੋਰੋਨਾ ਨਾਂ ਦੀ ਬਿਮਾਰੀ ਨੂੰ ਨਹੀਂ ਮੰਨਦੇ ਇਸ ਲਈ ਨਾ ਹੀ ਅਸੀਂ ਮਾਸਕ ਪਾਵਾਂਗੇ , ਨਾ ਹੀ ਕਿਸੇ ਤਰ੍ਹਾਂ ਦੀ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਾਂਗੇ ਅਸੀਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਆਪਣੀਆਂ ਰੇਹੜੀਆਂ ਲਗਾਉ ਬਾਜ਼ਾਰ ਖੋਲ੍ਹੋ ਅਸੀਂ ਅੱਗੇ ਹੋ ਕੇ ਅਗਵਾਈ ਕਰਨ ਲਈ ਤਿਆਰ ਹਾਂ । ਤੁਸੀਂ ਆਪਣੇ ਕੰਮ ਤਾਂ ਸਰਕਾਰ ਦੇ ਕਹਿਣ ਤੇ ਬਰਬਾਦ ਨਾ ਕਰੋ ।
ਜਿੱਥੇ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਭੈਣੀਬਾਘਾ , ਬਲਕਰਨ ਸਿੰਘ ਬੱਲੀ, ਐਡਵੋਕੇਟ ਬਲਵੀਰ ਕੌਰ, ਕਾਮਰੇਡ ਸੁਖਚਰਨ ਸੂਚਨ ਕਾਮਰੇਡ ਗੁਰਸੇਵਕ ਮਾਨ, ਪਾਲ ਸਿੰਘ , ਮਾਨਸਾ ਕਾਮਰੇਡ ਕ੍ਰਿਸ਼ਨ ਚੌਹਾਨ, ਤੋਂ ਇਲਾਵਾ ਸੰਯੁਕਤ ਮੋਰਚੇ ਦੇ ਬਹੁਤ ਸਾਰੇ ਆਗੂਆਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਜੇਕਰ ਲਾਕਡਾਊਨ ਲਗਾਉਣਾ ਹੈ ਤਾਂ ਸਾਰੇ ਹੀ ਬੇਰੁਜ਼ਗਾਰ ਹੋਏ ਲੋਕਾਂ ਨੂੰ ਰੁਜ਼ਗਾਰ ਦੇਵੇ। ਬੇਸ਼ੱਕ ਸੰਯੁਕਤ ਮੋਰਚੇ ਵੱਲੋਂ ਇਹ ਰੋਸ ਧਰਨਾ ਦਿੱਤਾ ਗਿਆ ਸੀ ਪਰ ਸ਼ਹਿਰ ਵਾਸੀਆਂ ਵੱਲੋਂ ਬਹੁਤ ਮੱਠਾ ਹੁੰਗਾਰਾ ਮਿਲਿਆ । ਮਾਨਸਾ ਸ਼ਹਿਰ ਪੂਰੀ ਤਰ੍ਹਾਂ ਬੰਦ ਸੀ ਕਿਸੇ ਵੀ ਦੁਕਾਨਦਾਰ ਨੇ ਦੁਕਾਨ ਨਹੀਂ ਖੋਲ੍ਹੀ ਅਤੇ ਸਾਰੇ ਦੁਕਾਨਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਬਾਜ਼ਾਰ ਬੰਦ ਰੱਖੇ।