ਸਿਹਤ ਮੰਤਰੀ ਨੇ ਬਾਹਰੋਂ ਹੀ ਮੋੜੇ ਨੌਕਰੀਆਂ ਮੰਗਣ ਗਏ ਬੇਰੁਜ਼ਗਾਰ
ਅਸ਼ੋਕ ਵਰਮਾ
- ਜੱਥੇਬੰਦੀ ਵੱਲੋਂ ਮੋਤੀ ਮਹਿਲ ਦੇ ਘਿਰਾਓ ਦਾ ਐਲਾਨ
ਚੰਡੀਗੜ੍ਹ,12 ਮਈ2021:ਬੇਰੁਜਗਾਰ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਦੇ ਵਫਦ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਆਪਣੀ ਰਿਹਾਇਸ਼ ਦੇ ਗੇਟ ਤੋਂ ਹੀ ਭਰੋਸਾ ਦੇ ਕੇ ਮੋੜ ਦਿੱਤਾ। ਇਹ ਬੇਰੁਜਗਾਰ ਆਪਣੇ ਰੁਜਗਾਰ ਦੀ ਮੰਗ ਲੈਕੇ ਸਿਹਤ ਮੰਤਰੀ ਨੂੰ ਮਿਲਣ ਗਏ ਸਨ। ਜੱਥੇਬੰਦੀ ਦੇ ਵਫਦ ਨੇ ਸਿਹਤ ਮੰਤਰੀ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਆਗੂਆਂ ਨੇ ਦੱਸਿਆ ਕਿ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ (ਭਰਤੀ ਸੈਲ) ਨੇ ਅਗਸਤ 2020 ’ਚ ਮਲਟੀਪਰਪਜ ਹੈਲਥ ਵਰਕਰ (ਮੇਲ) ਦੀਆਂ 200 ਅਤੇ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਦੀਆਂ 600 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ।
ਇਸ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਵੱਲੋਂ ਲਿਖਤੀ ਇਮਤਿਹਾਨ ਅਤੇ ਕਾਊਂਸਲਿੰਗ ਕਰਕੇ ਅੰਤਿਮ ਮੈਰਿਟ ਸੂਚੀ ਤਿਆਰ ਕਰਨ ਉਪਰੰਤ ਡਾਇਰੈਕਟੋਰੇਟ ਸਿਹਤ ਵਿਭਾਗ ਪੰਜਾਬ (ਭਰਤੀ ਸੈਲ) ਨੂੰ ਭੇਜਿਆ ਜਾ ਚੁੱਕਾ ਹੈ ਪਰ ਮਹਿਕਮੇ ਨੇ ਅਜੇ ਤੱਕ ਇਨ੍ਹਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਹਨ। ਯੂਨੀਅਨ ਦੇ ਵਫਦ ਨੇ ਮੰਤਰੀ ਨੂੰ ਦੱਸਿਆ ਕਿ ਮਾਨਯੋਗ ਹਾਈਕੋਰਟ ਨੇ ਸਿਵਲ ਰਿੱਟ ਪਟੀਸ਼ਨ 16511 ਮਨਦੀਪ ਕੌਰ / ਪੰਜਾਬ ਸਰਕਾਰ ਅਤੇ ਅਦਰਜ਼ ਰਾਹੀਂ ਇਨ੍ਹਾਂ ਅਸਾਮੀਆਂ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਅਦਾਲਤ ’ਚ ਅਗਲੀ ਤਰੀਕ 20 ਅਗਸਤ 2021 ਦੀ ਪਈ ਹੈ ਜੋਕਿ ਕਾਫੀ ਲੰਮੀ ਹੈ। ਉਨ੍ਹਾਂ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਸਿਹਤ ਵਿਭਾਗ ਅਦਾਲਤ ’ਚ ਜਲਦੀ ਸੁਣਵਾਈ ਦੀ ਅਰਜੀ ਲਗਾ ਕੇ ਇਸ ਕੇਸ ਦਾ ਜਲਦੀ ਨਿਪਟਾਰਾ ਕਰਵਾਏੇ ਅਤੇ ਮਨਦੀਪ ਕੌਰ ਲਈ ਇੱਕ ਸੀਟ ਰਾਖਵੀਂ ਰੱਖ ਕੇ ਬਾਕੀ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ।
ਉਨ੍ਹਾਂ ਆਖਿਆ ਕਿ ਇਸ ਤਰਾਂ ਉਹ ਕਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਆਪਣੀਆਂ ਸੇਵਾਵਾਂ ਰਾਹੀਂ ਪੰਜਾਬ ਦੇ ਲੋਕਾਂ ਦੀ ਜਾਨ ਬਚਾ ਸਕਣਗੇ ਅਤਦੇ ਰੁਜਗਾਰ ਵੀ ਮਿਲ ਜਾਏਗਾ। ਜੱਥੇਬੰਦੀ ਵੱਲੋਂ ਜਾਰੀ ਬਿਆਨ ਅਨੁਸਾਰ ਸਿਹਤ ਮੰਤਰੀ ਨੇ ਵਫਦ ਨੂੰ ਭਰਤੀ ਸਬੰਧੀ ਕੇਸਾਂ ਦੀ ਪੈਰਵਾਈ ਕਰਕੇ ਜਲਦੀ ਹੀ ਇਸ ਮਸਲੇ ਦਾ ਹੱਲ ਕਰਵਾਉਣ ਤੋਂ ਬਾਅਦ ਨਿਯੁਕਤੀ ਪੱਤਰ ਦੇਣ ਦਾ ਭਰੋਸਾ ਦਿੱਤਾ। ਵਫਦ ’ਚ ਸ਼ਾਮਲ ਸੂਬਾ ਪ੍ਰਧਾਨ ਰਣਜੀਤ ਕੌਰ ਤੋਂ ਇਲਾਵਾ ਸਕੱਤਰ ਸੋਨੀਆ ਰਾਣੀ, ਗੁਰਜੀਤ ਕੌਰ ਲੇਹਲ ਅਤੇ ਰਾਣੀ ਕੌਰ ਨੇ ਦਚਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਮਸਲਿਆਂ ਦਾ ਹੱਲ ਨਾਂ ਕੱਢਿਆ ਤਾਂ ਉਹ ਬੇਰੁਜਗਾਰਾਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ 19 ਮਈ ਨੂੰ ਪਟਿਆਲਾ ’ਚ ਮੋਤੀ ਮਹਿਲ ਦਾ ਘਿਰਾਓ ਕਰਨਗੇ। ਇਸ ਮੌਕੇ ਜਸਮੇਲ ਸਿੰਘ,ਦਵਿੰਦਰ ਕੁਮਾਰ ਅਤੇ ਸਤਵੰਤ ਸਿੰਘ ਆਦਿ ਵੀ ਹਾਜਰ ਸਨ।