ਹਰਸਿਮਰਤ ਵੱਲੋਂ ਕੈਂਸਰ ਸੈਂਟਰ ਬੰਦ ਕਰਨ ਨੂੰ ਮਰੀਜ਼ਾਂ ਦੀ ਜਾਨ ਨਾਲ ਖੇਡਣਾ ਕਰਾਰ
ਅਸ਼ੋਕ ਵਰਮਾ
ਬਠਿੰਡਾ,8ਮਈ2021: ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿਖੇ ਐਡਵਾਂਸ ਕੈਂਸਰ ਅਤੇ ਡਾਇਗਨੋਸਟਿਕ ਸੈਂਟਰ ਨੂੰ ਕੋਰੋਨਾ ਸੈਂਟਰ ਵਿਚ ਤਬਦੀਲ ਕਰਨ ਵਾਸਤੇ ਬੰਦ ਕਰਨ ਨੂੰ ਕੈਂਸਰ ਮਰੀਜ਼ਾਂ ਦੀਆਂ ਜਾਨਾਂ ਨਾਲ ਖੇਡ੍ਹਣ ਬਰਾਬਰ ਕਰਾਰ ਦਿੱਤਾ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਇਸ ਫੈਸਲੇ ਦੀ ਸਮੀਖਿਆ ਕਰਨ ਅਤੇ ਕੋਰੋਨਾ ਸੰਭਾਲ ਲਈ ਏਮਜ਼ ਹਸਪਤਾਲ ਸਮੇਤ ਹੋਰ ਉਪਲਬਧ ਸਹੂਲਤਾਂ ਵਰਤ ਲੈਣ। ਜਿਕਰਯੋਗ ਹੈ ਕਿ ਇਹ ਕੈਂਸਰ ਕੇਅਰ ਸੈਂਟਰ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਰਾਜ ’ਚ ਬਣਾਇਆ ਗਿਆ ਸੀ ਜਿਸ ਨੂੰ ਲੈਕੇ ਅੱਜ ਹਰਸਿਮਰਤ ਬਾਦਲ ਨੇ ਤਿੱਖੇ ਤੇਵਰ ਦਿਖਾਏ ਹਨ। ਉਨ੍ਹਾਂ ਆਖਿਆ ਕਿ ਕੈਂਸਰ ਮਰੀਜਾਂ ਨੂੰ ਮਿਲ ਰਹੀਆਂ ਇਲਾਜ ਸਹੂਲਤਾਂ ਨੂੰ ਬੰਦ ਕਰਨਾ ਕਿਸੇ ਵੀ ਪੱਖੋਂ ਸਿਆਣਪ ਨਹੀਂ ਹੈ ਇਸ ਲਈ ਇਹ ਫੈਸਲਾ ਰੱਦ ਕੀਤਾ ਜਾਏ।
ਹਰਸਿਮਰਤ ਕੌਰ ਬਾਦਲ, ਨੇ ਇਸ ਮਾਮਲੇ ’ਤੇ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ। ਉਨ੍ਹਾਂ ਕਿਹਾ ਕਿ ਐਡਵਾਂਸ ਕੈਂਸਰ ਸੈਂਟਰ ਮਾਲਵਾ ਪੱਟੀ ਦੇ ਕੈਂਸਰ ਮਰੀਜ਼ਾਂ ਜੋ ਕੋਰੋਨਾ ਕਾਰਨ ਬੀਕਾਨੇਰ ਤੱਕ ਨਹੀਂ ਜਾ ਸਕਦੇ, ਲਈ ਆਸ ਦੀ ਆਖਰੀ ਕਿਰਨ ਹੈ। ਉਹਨਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਹਸਪਤਾਲ ਨੂੰ ਵੀ ਸਮਰਪਿਤ ਕੋਰੋਨਾ ਸੈਂਟਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿਸ ਕਾਰਨ ਐਡਵਕਾਂਸ ਕੈਂਸਰ ਇੰਸਟੀਚਿਊਟ ਹੀ ਕੈਂਸਰ ਮਰੀਜ਼ਾਂ ਲਈ ਅੰਤਮ ਬਦਲ ਰਹਿ ਗਿਆ ਹੈ। ਉਹਨਾਂ ਕਿਹਾ ਕਿ ਕੈਂਸਰ ਸੈਂਟਰ ਵਿਚ ਰੋਜ਼ਾਨਾ 150 ਤੋਂ 200 ਮਰੀਜ਼ ਰੇਡੀਓਥੈਰੇਪੀ ਕਰਵਾਉਂਦੇ ਹਨ ਜਿਸ ਲਈ ਵੀ ਢਾਈ ਮਹੀਨੇ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਉਹਨਾਂ ਦੱਸਿਆ ਕਿ ਸੈਂਟਰ ਵਿਚ ਰੋਜ਼ਾਨਾ 5 ਤੋਂ 10 ਸਰਜਰੀਆਂ ਵੀ ਹੁੰਦੀਆਂ ਹਨ ਜਿੰਨ੍ਹਾਂ ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।
ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਕੈਂਸਰ ਸੈਂਟਰ ਬੰਦ ਕਰਨ ਦਾ ਫੈਸਲਾ ਲੈਣ ਤੋਂ ਪਹਿਲਾਂ ਜ਼ਮੀਨੀ ਹਕੀਕਤ ਬਾਰੇ ਜਾਣਕਾਰੀ ਨਹੀਂ ਲਈ। ਉਹਨਾਂ ਕਿਹਾ ਕਿ ਰੇਡੀਓਥੈਰੇਪੀ ਮਸ਼ੀਨਾਂ ਕਿਸੇ ਹੋਰ ਸ਼ਿਫਟ ਨਹੀਂ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਸ਼ਿਫਟਿੰਗ ਵੇਲੇ ਜੇਕਰ ਕੋਈ ਲੀਕੇਜ ਹੋ ਗਈ ਤਾਂ ਤਬਾਹੀ ਮੱਚ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਵਿਚ ਕੈਂਸਰ ਮਰੀਜ਼ਾਂ ਦੇ ਇਲਾਜ ਵਾਸਤੇ ਲੋੜੀਂਦੇ ਪ੍ਰਬੰਧ ਨਹੀਂ ਹਨ ਜਿਵੇਂ ਕਿ ਮੁੱਖ ਮੰਤਰੀ ਨੇ ਖੁਦ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਂਸਰ ਸੈਂਟਰ ਦੇ ਡਾਕਟਰਾਂ ਜਾਂ ਮਰੀਜ਼ਾਂ ਨਾਲ ਆਪ ਗੱਲ ਕਰਦੇ ਤਾਂ ਉਹਨਾਂ ਨੂੰ ਅਸਲ ਸਥਿਤੀ ਪਤਾ ਲੱਗ ਜਾਂਦੀ ਜਦੋਂਕਿ ਫੈਸਲਾ ਲੈਣ ਤੋਂ ਪਹਿਲਾਂ ਉਹ ਪੂਰੀ ਤਰਾਂ ਅਣਜਾਣ ਰਹੇ ਹਨ।
ਉਹਨਾਂ ਕਿਹਾ ਕਿ ਕੈਂਸਰ ਸੈਂਟਰ ਵਿਚ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਡਾਕਟਰਾਂ ਵਾਸਤੇ ਵਿਸ਼ੇਸ਼ ਸਹੂਲਤਾਂ ਸਿਰਜੀਆਂ ਹੋਈਆਂ ਹਨ। ਜੋਕਿ ਸਿਵਲ ਹਸਪਤਾਲ ਵਿਚ ਉਪਲੱਬਧ ਨਹੀਂ ਹੋਣਗੀਆਂ। ਉਹਨਾਂ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਮਾਯੂਸ ਲੋਕਾਂ ਦੇ ਫੋਨ ਆ ਰਹੇ ਹਨ। ਕੈਂਸਰ ਮਰੀਜ਼ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਨੁੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ ਤੇ ਉਹਨਾਂ ਦੀ ਜਾਨ ਖ਼ਤਰੇ ਹੈ। ਬੀਬੀ ਬਾਦਲ ਨੇ ਕਿਹਾ ਕਿ ਕੋਰੋਨਾ ਕੇਸ ਜਿਹਨਾਂ ਵਿੱਚ ਹਸਪਤਾਲਾਂ ਦੀ ਜ਼ਰੂਰਤ ਹੈ, ਨਾਲ ਨਜਿੱਠਣ ਲਈ ਬਦਲਵੇਂ ਪ੍ਰਬੰਧ ਅਤੇ ਏਮਜ਼ ਬਠਿੰਡਾ ਵਿਚ 5 ਸੌ ਹੋਰ ਮਰੀਜ਼ ਰੱਖੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਆਯੁਰਵੇਦ ਸੈਂਟਰ, ਬੱਚਿਆਂ ਦਾ ਹਸਪਤਾਲ ਤੇ ਨਰਸਿੰਗ ਹੋਸਟਲ ਵੀ ਕੋਰੋਨਾ ਮਰੀਜ਼ ਰੱਖਣ ਵਾਸਤੇ ਵਰਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਘੁੱਦਾ ਵਿਖੇ ਪੂਰੀ ਤਰ੍ਹਾਂ ਚਲ ਰਿਹਾ ਹਸਪਤਾਲ ਹੈ ਜਿਸਨੂੰ ਸਮਰਪਿਤ ਕੋਰੋਨਾ ਸੈਂਟਰ ਵਾਸਤੇ ਵਰਤਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਸਕੂਲ, ਕਾਲਜ ਤੇ ਮੈਰਿਜ ਪੈਲੇਸ ਵੀ ਕੋਰੋਨਾ ਮਰੀਜ਼ਾਂ ਵਾਸਤੇ ਦੇਣ ਲਈ ਤਿਆਰ ਹਾਂ। ਸ੍ਰੀਮਤੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਦੂਜੀ ਵਾਰ ਕੈਂਸਰ ਹਸਪਤਾਲ ਬੰਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਦੋਂਕਿ ਪਿਛਲੇ ਸਾਲ ਜਦੋਂ ਤਰਕ ਦੇ ਅਧਾਰ ਤੇ ਸਰਕਾਰ ਨੂੰ ਪਿੱਛੇ ਹਟਣਾ ਪਿਆ ਸੀ। ਉਨ੍ਹਾਂ ਕਿਹਾ ਕਿ ਮਾਲਵਾ ਪੱਟੀ ਵਿਚ ਕੈਂਸਰ ਮਰੀਜ਼ਾਂ ਲਈ ਇਹ ਇਕਲੌਤੀ ਅਜਿਹੀ ਸਹੂਲਤ ਹੈ ਜਿਸ ਨੂੰ ਬੰਦ ਕਰਨ ਦੇ ਫੈਸਲੇ ਦੀ ਸਮੀਖਿਆ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਫਿਰ ਕੈਂਸਰ ਮਰੀਜ਼ ਮੌਤ ਵੱਲ ਧੱਕੇ ਜਾਣਗੇ।