ਹੁਸ਼ਿਆਰਪੁਰ: ਕੋਵਿਡ-19 ਤੋਂ ਬਚਾਅ ਲਈ ਸਿਹਤ ਪ੍ਰੋਟੋਕੋਲ ਦੀ ਪਾਲਣਾ ਯਕੀਨੀ ਬਣਾਉਣ ਜ਼ਿਲ੍ਹਾ ਵਾਸੀ : ਡੀ ਸੀ
- ਡਿਪਟੀ ਕਮਿਸ਼ਨਰ ਨੇ ਕਿਹਾ ਜ਼ਿਲ੍ਹੇ ’ਚ ਕੋਵਿਡ ਇਲਾਜ ਸਬੰਧੀ ਆਕਸੀਜਨ ਤੇ ਦਵਾਈਆਂ ਦੀ ਕੋਈ ਕਮੀ ਨਹੀਂ, 9 ਹਸਪਤਾਲਾਂ ’ਚ ਕੀਤਾ ਜਾ ਰਿਹੈ ਕੋਵਿਡ ਮਰੀਜਾਂ ਦਾ ਇਲਾਜ
- ਹਸਪਤਾਲਾਂ ’ਚ ਕੋਵਿਡ ਇਲਾਜ ਸਬੰਧੀ ਉਪਲਬਧ ਬੈਡਾਂ ਦੀ ਜਾਣਕਾਰੀ ਲੈਣ ਲਈ ਹੈਲਪਲਾਈਨ ਨੰਬਰ 82187-65895 ’ਤੇ ਕੀਤਾ ਜਾ ਸਕਦਾ ਸੰਪਰਕ
- ਆਕਸੀਜਨ ਸਿਲੰਡਰ, ਰੇਮੇਡੇਸਿਵਰ, ਟੋਸੀਲਿਜੂਮਾਬ ਜਾਂ ਆਰ.ਟੀ.-ਪੀ.ਸੀ.ਆਰ ਦੀ ਓਵਰ ਚਾਰਜਿੰਗ, ਕਾਲਾਬਾਜਾਰੀ ਜਾਂ ਜਮ੍ਹਾਂਖੋਰੀ ਕਰਨ ਵਾਲਿਆਂ ਦੀ ਸ਼ਿਕਾਇਤ ਲਈ - ਹੈਲਪਲਾਈਨ ਨੰਬਰ 81466-22501 ’ਤੇ ਕਰਨ ਵਟਸਅਪ
- ਕਰਫਿਊ ਦੀ ਗਾਈਡਲਾਈਨਜ਼ ਦੀ ਉਲੰਘਣਾ ਕਰਨ ਵਾਲਿਆਂ ਦੀ ਮੋਬਾਇਲ ਨੰਬਰ 88722-31039, 92570-37000 ’ਤੇ ਦਿੱਤੀ ਜਾ ਸਕਦੀ ਹੈ ਜਾਣਕਾਰੀ
ਹੁਸ਼ਿਆਰਪੁਰ, 8 ਮਈ 2021 - ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ ਇਲਾਜ ਸਬੰਧੀ ਦਵਾਈਆਂ ਤੇ ਆਕਸੀਜਨ ਤੋਂ ਇਲਾਵਾ ਸਾਰੀਆਂ ਸੁਵਿਧਾਵਾਂ ਉਪਲਬੱਧ ਹਨ ਅਤੇ ਜ਼ਿਲ੍ਹੇ ਦੇ 9 ਹਸਪਤਾਲਾਂ ਵਿੱਚ ਕੋਵਿਡ ਦੇ ਮਰੀਜਾਂ ਦਾ ਬਹੁਤ ਚੰਗੇ ਤਰੀਕੇ ਨਾਲ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਰੀਜਾਂ ਦੀ ਸੁਵਿਧਾ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੁਝ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ ਜੋ ਕਿ ਕੋਵਿਡ ਇਲਾਜ ਸਬੰਧੀ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰਨ ਕਰਨ ਵਿੱਚ ਕਾਫ਼ੀ ਸਹਾਇਕ ਸਾਬਤ ਹੋਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ-19 ਦੇ ਇਲਾਜ ਕਰਵਾਉਣ ਲਈ ਉਪਲਬਧ ਬੈਡਾਂ ਦੀ ਜਾਣਕਾਰੀ ਲੈਣ ਲਈ ਹੈਲਪਲਾਈਨ ਨੰਬਰ 82187-65895 ’ਤੇ ਫੋਨ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸਰਕਾਰ ਵਲੋਂ ਜਾਰੀ ਸਿਹਤ ਪ੍ਰੋਟੋਕੋਲ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਤੋਂ ਇਲਾਵਾ 8 ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ-19 ਦੇ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਸਪਤਾਲਾਂ ਵਿੱਚ ਲੈਵਲ ਦੋ ਅਤੇ ਲੈਵਲ 3 ਦੀ ਸੁਵਿਧਾ ਦਿੱਤੀ ਜਾ ਰਹੀ ਹੈ ਅਤੇ ਇਨ੍ਹਾਂ ਹਸਪਤਾਲਾਂ ਵਿੱਚ ਬੈਡਾਂ ਦੀ ਖਾਲੀ ਸੰਖਿਆ ਸਬੰਧੀ ਰੋਜ਼ਾਨਾ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਪੇਜ ਅਤੇ ਟਵੀਟਰ ’ਤੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਚੱਲ ਸਕੇ ਕਿ ਕਿਸ ਹਸਪਤਾਲ ਵਿੱਚ ਕਿੰਨੇ ਬੈਡ ਖਾਲੀ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ ਦੇ ਇਲਾਜ ਸਬੰਧੀ ਦਵਾਈਆਂ ਤੇ ਆਕਸੀਜਨ ਦੀ ਜਮਾਂਖੋਰੀ ਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਜ਼ਿਲ੍ਹਾ ਪੱਧਰ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਆਕਸੀਜਨ ਸਿਲੰਡਰ, ਰੇਮੇਡੇਸਿਵਰ, ਟੋਸੀਲਿਜੂਮਾਬ ਜਾਂ ਆਰ.ਟੀ.-ਪੀ.ਸੀ.ਆਰ. ਦੀ ਓਵਰ ਚਾਰਜਿੰਗ ਜਾਂ ਕਾਲਾਬਾਜਾਰੀ ਨੂੰ ਲੈ ਕੇ ਸ਼ਿਕਾਇਤ ਹੈ ਤਾਂ ਉਹ ਤੁਰੰਤ ਹੈਲਪਲਾਈਨ ਨੰਬਰ 81466-22501 ’ਤੇ ਵਟਸਅਪ ਕਰਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ ਜਾਵੇਗੀ।
ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਨਾਲ ਸਬੰਧਤ ਪ੍ਰਸ਼ਾਸਨ ਵਲੋਂ ਜਾਰੀ ਕਰਫਿਊ ਦੀ ਗਾਈਡਲਾਈਨਜ਼ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ, ਸਮੂਹ ਜਾਂ ਸੰਸਥਾ ਦੀ ਸੂਚਨਾ ਮੋਬਾਇਲ ਨੰਬਰ 88722-31039, 92570-37000 ’ਤੇ ਦਿੱਤੀ ਜਾ ਸਕਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਸਬੰਧੀ ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਦੀ ਪੂਰੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗਾਈਡਲਾਈਨ ਜਾਰੀ ਕਰਕੇ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਨਾਲ ਹੀ ਪ੍ਰਸ਼ਾਸਨ ਕੋਰੋਨਾ ’ਤੇ ਫਤਿਹ ਪਾ ਸਕਦਾ ਹੈ।