ਹੁਸ਼ਿਆਰਪੁਰ: ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਪੇਂਡੂ ਖੇਤਰਾਂ ’ਚ ਸੈਨੇਟਾਈਜ਼ਰ ਸਪਰੇਅ ਦੀ ਸ਼ੁਰੂਆਤ
- ਵੱਖ-ਵੱਖ ਸੰਸਥਾਵਾਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਪਿੰਡਾਂ ਨੂੰ ਕੀਤਾ ਜਾਵੇਗਾ ਸੈਨੇਟਾਈਜ਼ਡ
ਹੁਸ਼ਿਆਰਪੁਰ, 26 ਮਈ 2021 - ਐਮ.ਐਲ.ਏ. ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਵੱਖ-ਵੱਖ ਪਿੰਡਾਂ ਲਈ ਸੈਨੇਟਾਈਜ਼ਰ ਸਪਰੇਅ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਵੱਧ ਰਹੇ ਕੋਵਿਡ ਕੇਸਾਂ ਦੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਸਲਾਹਕਾਰੀਆਂ ਦੀ ਪਾਲਣਾ ਦੇ ਨਾਲ-ਨਾਲ ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਕੋਵਿਡ ਦੀ ਚਪੇਟ ’ਚ ਆਉਣੋਂ ਬਚਿਆ ਜਾ ਸਕੇ।
ਸਥਾਨਕ ਚੱਬੇਵਾਲ ਖੇਤਰ ਵਿੱਚ ਬਾਜ਼ਾਰ, ਪੁਲਿਸ ਸਟੇਸ਼ਨ ਚੱਬੇਵਾਲ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ, ਐਸ.ਜੀ.ਐਚ.ਆਰ. ਕਾਲਜ, ਹਰੀਆਂਵੇਲਾਂ, ਬਾਜ਼ਾਰ ਬੱਸੀ ਕਲਾਂ ਰੋਡ ਆਦਿ ਖੇਤਰਾਂ ਵਿੱਚ ਸਪਰੇਅ ਲਈ ਸੈਨੇਟਾਈਜ਼ਰ ਵਾਲਾ ਟਰੈਕਟਰ ਟੈਂਕਰ ਰਵਾਨਾ ਕਰਦਿਆਂ ਡਾ. ਰਾਜ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ‘ਮਿਸ਼ਨ ਫਤਿਹ-2’ ਤਹਿਤ ਹਰ ਪਿੰਡ ਵਿੱਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਵਾਇਰਸ ਨੂੰ ਹੋਰ ਫੈਲਣੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸੰਸਥਾਵਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਸੈਨੇਟਾਈਜ਼ਰ ਸਪਰੇਅ ਆਉਂਦੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਤਾਂ ਕਿ ਵਾਇਰਸ ਦਾ ਮੁਕੰਮਲ ਖਾਤਮਾ ਹੋ ਸਕੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿੰਡਾਂ ਵਿੱਚ ਸ਼ੁਰੂ ਕਰਵਾਏ ਟੀਕਾਕਰਨ ਅਤੇ ਸੈਂਪÇਲੰਗ ਦੀ ਗੱਲ ਕਰਦਿਆਂ ਡਾ. ਰਾਜ ਕੁਮਾਰ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਟੀਕਾਕਰਨ ਲਈ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਜੋ ਕਿ ਮਿਸ਼ਨ ਫਤਿਹ-2 ਦੀ ਦਿਨੋ-ਦਿਨ ਮਜ਼ਬੂਤੀ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਅਵੱਸ਼ ਵਾਇਰਸ ਨੂੰ ਹੋਰ ਫੈਲਣੋਂ ਰੋਕਿਆ ਜਾ ਸਕੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮ: ਦੇ ਡਾਇਰੈਕਟਰ ਸ਼ਿਵ ਰੰਜਨ ਸਿੰਘ, ਐਨ.ਆਰ.ਆਈ ਕਮਿਸ਼ਨ ਦੇ ਮੈਂਬਰ ਦਲਜੀਤ ਸਿੰਘ ਸਹੋਤਾ, ਜੌਹਲ ਫਾਰਮ ਤੋਂ ਪਿੰਦੂ ਜੌਹਲ, ਅਸ਼ੋਕ ਸਿੰਘ, ਰਣਬੀਰ ਸਿੰਘ, ਪਰਮਜੀਤ ਸਿੰਘ, ਜਸਬੀਰ ਸਿੰਘ, ਪਵਨ ਕੁਮਾਰ, ਆਦਿ ਵੀ ਮੌਜੂਦ ਸਨ।