ਹੁਸ਼ਿਆਰਪੁਰ: 7 ਪਿੰਡਾਂ ਨੇ 100 ਫੀਸਦੀ ਕੋਵਿਡ ਟੀਕਾਕਰਣ ਕਰਵਾਇਆ
- ਹੁਣ ਤੱਕ ਜ਼ਿਲ੍ਹੇ ’ਚ 352723 ਲੋਕਾਂ ਦਾ ਹੋਇਆ ਟੀਕਾਕਰਨ, ਅੱਜ 5191 ਦੀ ਹੋਈ ਵੈਕਸੀਨੇਸ਼ਨ : ਅਪਨੀਤ ਰਿਆਤ
- ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕੋਵਿਡ ਟੀਕਾਕਰਣ ਅਤੇ ਟੈਸਟਿੰਗ ਦੇ ਲਈ ਖੁਦ ਅੱਗੇ ਆਉਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 21 ਮਈ 2021 - ਜ਼ਿਲ੍ਹੇ ਵਿੱਚ ਸ਼ੁਰੂ ਕੀਤੇ ਗਏ ਕੋਰੋਨਾ ਮੁਕਤ ਪਿੰਡ ਮੁਹਿੰਮ ਨੇ ਜੋਰ ਫੜ੍ਹ ਲਿਆ ਹੈ ਅਤੇ ਹੁਣ ਰੋਜ਼ਾਨਾ ਸੈਂਕੜੇ ਪਿੰਡਾਂ ਵਲੋਂ ਇਸ ਮੁਹਿੰਮ ਵਿੱਚ ਸਹਿਯੋਗ ਦਿੰਦੇ ਹੋਏ ਟੀਕਾਕਰਣ ਸਹਿਯੋਗ ਦਿੱਤਾ ਜਾ ਰਿਹਾ ਹੈ। ਮੁਹਿੰਮ ਦੇ ਤੀਜੇ ਦਿਨ ਤੱਕ ਜ਼ਿਲ੍ਹੇ ਦੇ 7 ਪਿੰਡਾਂ ਜਿਨ੍ਹਾਂ ਵਿੱਚ ਹਲਕਾ ਚੱਬੇਵਾਲ ਦੇ ਪਿੰਡ ਨਵਾਂ ਜੱਟਪੁਰ, ਪੁੰਗਾ, ਪੁੰਜ ਅਤੇ ਮੁਕੇਰੀਆਂ ਦੇ ਪਿੰਡ ਨੱਥੂਵਾਲ, ਲਲੋਤਾ, ਉਲਾਹਾ, ਚੱਕਡਿਆਲ ਨੇ ਕੋਵਿਡ-19 ਦੀ 100 ਫੀਸਦੀ ਪਹਿਲੀ ਡੋਜ਼ ਲਗਵਾ ਲਈ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੋਰ ਪਿੰਡਾਂ ਨੂੰ ਆਉਣ ਵਾਲੇ ਦਿਨਾਂ ਵਿੱਚ 100 ਫੀਸਦੀ ਟੀਕਾਕਰਣ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 352723 ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ ਅਤੇ ਅੱਜ ਜ਼ਿਲ੍ਹੇ ਵਿੱਚ 5191 ਲੋਕਾਂ ਦਾ ਟੀਕਾਕਰਣ ਕੀਤਾ ਗਿਆ ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਜ਼ਿਲ੍ਹੇ ਦੇ ਲੋਕਾਂ ਵਿੱਚ ਕੋਵਿਡ ਟੀਕਾਕਰਣ ਨੂੰ ਲੈ ਕੇ ਜਾਗਰੂਕਤਾ ਵਧੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ, ਪੰਚਾਇਤਾਂ, ਜੀ.ਓ.ਜੀਜ਼, ਯੂਥ ਕਲੱਬਾਂ ਅਤੇ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਇਸ ਮੁਹਿੰਮ ਨੂੰ ਹੋਰ ਜ਼ਿਆਦਾ ਮਜ਼ਬੂਤੀ ਦਿੱਤੀ ਹੈ, ਜਿਸ ਦੇ ਚੱਲਦੇ ਜਿਥੇ ਜਾਗਰੂਕਤਾ ਫੈਲਾਉਣ ਵਿੱਚ ਆਸਾਨੀ ਰਹੀ ਉਥੇ ਵੱਧ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਅਤੇ ਟੈਸਟਿੰਗ ਵੀ ਕੀਤੀ ਗਈ।
ਅਪਨੀਤ ਰਿਆਤ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਟੀਕਾਕਰਣ ਮੁਹਿੰਮ ਨੂੰ ਤੇਜ਼ ਕਰਨ ਦੇ ਲਈ ਕੋਰੋਨਾ ਮੁਕਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਤਹਿਤ 100 ਫੀਸਦੀ ਟੀਕਾਕਰਨ ਦਾ ਟੀਚਾ ਪੂਰਾ ਕਰਨ ਵਾਲੇ ਹਰ ਪਿੰਡ ਨੂੰ 10 ਲੱਖ ਰੁਪਏ ਦੀ ਵਿਕਾਸ ਗਰਾਂਟ ਦਿੱਤੀ ਜਾਵੇਗੀ। ਇਸ ਦੇ ਲਈ ਪਿੰਡਾਂ ਦੀਆਂ ਪੰਚਾਇਤਾਂ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਦੇ ਲਈ ਸਾਰੇ ਯੋਗ ਵਿਅਕਤੀ ਆਪਣੇ ਅਤੇ ਆਪਣਿਆਂ ਦੀ ਸੁਰੱਖਿਆ ਦੇ ਲਈ ਵੱਧ ਤੋਂ ਵੱਧ ਕੋਰੋਨਾ ਖਿਲਾਫ ਟੀਕਾਕਰਨ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਕੋਵਿਡ ਦਾ ਟੀਕਾਕਰਨ ਪ੍ਰਤੀਰੋਧਕ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਮਹੱਤਵਪੂਰਨ ਹੈ। ਇਸ ਲਈ ਅਫਵਾਹਾ ’ਤੇ ਵਿਸ਼ਵਾਸ਼ ਨਾ ਕਰੋ ਬਲਕਿ ਆਪਣਾ ਕੋਵਿਡ-19 ਟੀਕਾਕਰਨ ਜ਼ਰੂਰ ਕਰਵਾਓ।