ਹੁਸ਼ਿਆਰਪੁਰ: ਕੋਰੋਨਾ ਦੌਰ 'ਚ ਸੇਵਾ ਕੇਂਦਰਾਂ ਨੇ ਮਹੀਨੇ ‘ਚ 23000 ਤੋਂ ਵੱਧ ਨਾਗਰਿਕ ਸੇਵਾਵਾਂ ਦਿੱਤੀਆਂ: ਡੀ ਸੀ
- ਕੋਵਿਡ ਸਲਾਹਕਾਰੀਆਂ ਦੀ ਪਾਲਣਾ ਹੇਠ 25 ਸੇਵਾ ਕੇਂਦਰ ਦੇ ਰਹੇ ਨੇ ਨਾਗਰਿਕ ਸੇਵਾਵਾਂ
- ਬਿਨੈਕਾਰ ਲੈ ਸਕਦੇ ਨੇ ਕੋਰੀਅਰ ਸਰਵਿਸ, ਆਨਲਾਈਨ ਸਮਾਂ ਲੈਣ ਨੂੰ ਭਰਵਾਂ ਹੁੰਗਾਰਾ
- ਇਕ ਸਾਲ ‘ਚ ਕੁਲ 230374 ਅਰਜ਼ੀਆਂ ‘ਚੋਂ 221209 ਮਨਜ਼ੂਰ, 0.05 ਫੀਸਦੀ ਅਰਜ਼ੀਆਂ ਬਕਾਇਆ
ਹੁਸ਼ਿਆਰਪੁਰ, 29 ਮਈ 2021 - ਕੋਵਿਡ-19 ਮਹਾਮਾਰੀ ਕਾਰਨ ਵੱਖ-ਵੱਖ ਚੁਣੌਤੀਆਂ ਦੇ ਬਾਵਜੂਦ ਜਿਲੇ ਦੇ 25 ਸੇਵਾ ਕੇਂਦਰਾਂ ਵਿੱਚ 1 ਮਈ ਤੋਂ ਲੈ ਕੇ ਹੁਣ ਤੱਕ 23 ਹਜ਼ਾਰ ਤੋਂ ਵੱਧ ਨਾਗਰਿਕ ਸੇਵਾਵਾਂ ਮੁਹੱਈਆ ਕਰਾਈਆਂ ਜਾ ਚੁੱਕੀਆਂ ਹਨ ।
ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਸਥਿਤ ਸੇਵਾ ਕੇਂਦਰ ਸਮੇਤ ਜਿਲੇ ਵਿਚਲੇ ਸਾਰੇ 25 ਸੇਵਾ ਕੇਂਦਰਾਂ ਵਿੱਚ ਨਾਗਰਿਕਾਂ ਦੀ ਸਹੂਲਤ ਅਤੇ ਕੋਵਿਡ ਦੇ ਮੱਦੇਨਜਰ ਲੋੜੀਂਦੇ ਪ੍ਰਬੰਧ ਅਮਲ ਵਿੱਚ ਲਿਆਂਦੇ ਗਏ ਹਨ। ਲੋਕਾਂ ਵਲੋਂ ਸੇਵਾ ਕੇਂਦਰਾਂ ਵਿੱਚ ਜ਼ਿਆਦਾਤਰ ਪ੍ਰਾਪਤ ਕੀਤੀਆਂ ਸੇਵਾਵਾਂ ਸਮਾਜਿਕ ਸੁਰੱਖਿਆ, ਖੇਤੀਬਾੜੀ, ਸਿਹਤ, ਗ੍ਰਹਿ, ਸਥਾਨਕ ਸਰਕਾਰਾਂ, ਮਾਲ, ਕਿਰਤ, ਟਰਾਂਸਪੋਰਟ, ਪੇਂਡੂ ਵਿਕਾਸ ਵਿਭਾਗਾਂ, ਸਾਂਝ ਕੇਂਦਰਾਂ ਅਤੇ ਆਧਾਰ ਕਾਰਡ ‘ਚ ਸੋਧਾਂ ਨਾਲ ਸੰਬੰਧਤ ਹਨ । ਇਨ੍ਹਾਂ ਵਿੱਚ ਵਧੇਰੇ ਸੇਵਾਵਾਂ ਰਿਹਾਇਸ਼ੀ ਸਰਟੀਫ਼ਿਕੇਟ, ਜਨਮ ਸਰਟੀਫ਼ਿਕੇਟ, ਬੁਢਾਪਾ ਪੈਨਸ਼ਨਾਂ ਅਤੇ ਆਧਾਰ ਕਾਰਡ ਵਾਲ਼ੀਆਂ ਹਨ।
ਇਸ ਔਖੀ ਘੜੀ ਵਿੱਚ ਵੀ ਸੇਵਾ ਕੇਂਦਰਾਂ ਵੱਲੋਂ ਸੁੱਚਜੇ ਢੰਗ ਨਾਲ ਨਾਗਰਿਕ ਸੇਵਾਵਾਂ ਦੇਣ ‘ਤੇ ਤਸੱਲੀ ਪ੍ਰਗਟਾਉਂਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜਿਲੇ ਦੇ ਸੇਵਾ ਕੇਂਦਰਾਂ ਵਿੱਚ ਅਰਜ਼ੀਆਂ ਦੀ ਬਕਾਇਆ ਦਰ ਮਹਿਜ਼ 0.05 ਫੀਸਦੀ ਹੈ ਅਤੇ ਇਕ ਸਾਲ ਵਿੱਚ ਕੁਲ ਪ੍ਰਾਪਤ ਹੋਈਆਂ 230374 ਅਰਜ਼ੀਆਂ ਵਿੱਚੋਂ 221209 ਅਰਜ਼ੀਆਂ ਮਨਜ਼ੂਰ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ 2938 ਅਰਜ਼ੀਆਂ ਵਿਚਾਰ ਅਧੀਨ ਹਨ ਜਦਕਿ 5524 ਵੱਖ-ਵੱਖ ਕਮੀਆਂ ਕਾਰਨ ਰੱਦ ਹੋ ਚੁੱਕੀਆਂ ਹਨ ਅਤੇ 473 ‘ਤੇ ਇਤਰਾਜ਼ ਲੱਗੇ ਹਨ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਅਰਜ਼ੀਆਂ ਨੂੰ ਇਕ ਸਿਸਟਮ ਰਾਹੀਂ ਪਰਦਰਸ਼ਤਾ ਐਕਟ-2018 ਤਹਿਤ ਵਿਚਾਰਦਿਆਂ ਸਮਾਬੱਧ ਤਰੀਕੇ ਨਾਲ ਸੇਵਾਵਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਦੇ ਸੇਵਾ ਕੇਂਦਰਾਂ ਵਿੱਚ ਕੋਰੀਅਰ ਸੇਵਾ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ ਜਿਸ ਤਹਿਤ ਕੋਈ ਵੀ ਬਿਨੈਕਾਰ ਆਪਣੀ ਅਰਜ਼ੀ ‘ਤੇ ਕੋਰੀਅਰ ਰਾਹੀਂ ਘਰ ਬੈਠੇ ਹੀ ਸੇਵਾ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ 6000 ਤੋਂ ਵੱਧ ਅਰਜ਼ੀਆਂ ‘ਤੇ ਕਾਗ਼ਜ਼ਾਤ ਬਿਨੈਕਾਰਾਂ ਦੇ ਘਰੀਂ ਪਹੁੰਚਾਏ ਜਾ ਚੁੱਕੇ ਹਨ ।ਰਾਜ ਸਰਕਾਰ ਦੇ ਫ਼ੈਸਲੇ ਮੁਤਾਬਕ ਸੇਵਾ ਕੇਂਦਰਾਂ ਵਿੱਚ ਸ਼ੁਰੂ ਕੀਤੇ ਗਏ ਆਨਲਾਈਨ ਸਮਾਂ ਲੈਣ ਦੀ ਵਿਧੀ ਸੰਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਵੱਲੋਂ ਇਸ ਸਿਸਟਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਜਿਹੜਾ ਕਿ ਬਹੁਤ ਹੀ ਸਹਿਜ ਤੇ ਫ਼ਾਇਦੇਮੰਦ ਹੈ ।
ਇਸੇ ਦੌਰਾਨ ਜਿਲਾ ਗਵਰਨੈਂਸ ਕੋਆਰਡੀਨੇਟਰ ਰਣਜੀਤ ਸਿੰਘ ਨੇ ਦੱਸਿਆ ਕਿ ਸਾਰੇ ਸੇਵਾ ਕੇਂਦਰਾਂ ਵਿੱਚ ਕੋਵਿਡ ਸਲਾਹਕਾਰੀਆਂ ਦੀ ਪੂਰਨ ਪਾਲਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਅਨੁਸਾਰ ਟੈਂਟ ਆਦਿ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਬਿਨੈਕਾਰਾਂ ਨੂੰ ਆਪਣੀ ਵਾਰੀ ਦੀ ਉਡੀਕ ਦੌਰਾਨ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਵੱਲੋਂ 25 ਸੇਵਾ ਕੇਂਦਰਾਂ ਵਿੱਚ ਲੋੜੀਂਦੀਆਂ ਨਾਗਰਿਕ ਸੇਵਾਵਾਂ ਬਿਨਾ ਕਿਸੇ ਦੇਰੀ ਅਤੇ ਪਾਰਦਰਸ਼ੀ ਢੰਗ ਨਾਲ ਦਿੱਤੀਆਂ ਜਾਂਦੀਆਂ ਹਨ ।ਉਨ੍ਹਾਂ ਦੱਸਿਆ ਕਿ ਨਾਗਰਿਕ ਸੇਵਾਵਾਂ ਨਾਲ ਸੰਬੰਧਤ ਕਿਸੇ ਵੀ ਕਿਸਮ ਦੀ ਸ਼ਿਕਾਇਤ ਲਈ ਲੋਕ ਰਾਜ ਪੱਧਰੀ ਹੈਲਪਲਾਈਨ 1905’ਤੇ ਸੰਪਰਕ ਕਰ ਸਕਦੇ ਹਨ ।