ਜ਼ਿਲ੍ਹਾ ਮਾਨਸਾ ਵਿੱਚ ‘ਕੋਰੋਨਾ ਮੁਕਤ ਪਿੰਡ' ਮੁਹਿੰਮ ਦਾ ਆਗਾਜ਼
ਸੰਜੀਵ ਜਿੰਦਲ
- ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ' ਤੇ ਸਿਹਤ ਅਧਿਕਾਰੀਆਂ ਨੇ ਕੀਤਾ ਖਿ਼ਆਲਾ ਕਲਾਂ ਬਲਾਕ ਦੇ ਪਿੰਡਾਂ ਦਾ ਦੌਰਾ
ਮਾਨਸਾ, 18 ਮਈ 2021 : ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਹੇਠ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਹਿੱਤ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਵਲੋਂ ਪੇਂਡੂ ਖੇਤਰ ਦੀਆਂ ਸਿਹਤ ਗਤੀਵਿਧੀਆਂ ਦਾ ਨਿਰੀਖਣ ਕਰਨ ਲਈ ਬਲਾਕ ਖਿਆਲਾਂ ਕਲਾਂ ਦੇ ਕੋਰੋਨਾ ਗ੍ਰਸਤ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਹਾਜਰ ਸਟਾਫ ਨੂੰ ਹਦਾਇਤ ਕੀਤੀ ਕਿ ਵਧੀਆ ਸਲੀਕੇ ਨਾਲ ਆਮ ਲੋਕਾਂ ਦੀ ਸੈਂਪਲਿੰਗ ਜਿ਼ਆਦਾ ਤੋਂ ਜਿ਼ਆਦਾ ਕੀਤੀ ਜਾਵੇ, ਤਾਂ ਜੋ ਕੋਰੋਨਾ ਬਿਮਾਰੀ ਦੇ ਮਰੀਜ ਦੀ ਸਨਾਖ਼ਤ ਜਲਦੀ ਕੀਤੀ ਜਾ ਸਕੇ। ਉਨ੍ਹਾਂ ਐਸ.ਐਮ.ਓ. ਖਿ਼ਆਲਾ ਡਾ. ਹਰਦੀਪ ਸ਼ਰਮਾ ਨੂੰ ਹਦਾਇਤ ਕੀਤੀ ਕਿ ਸਰਪੰਚਾ ਦੇ ਸਹਿਯੋਗ ਨਾਲ ਸੈਂਪਲਿੰਗ ਅਤੇ ਟੀਕਾਕਰਨ ਕਰਵਾਇਆ ਜਾਵੇ ਤਾਂ ਜੋ ਪਿੰਡਾਂ ਨੂੰ ਕਰੋਨਾ ਮੁਕਤ ਕੀਤਾ ਜਾ ਸਕੇ।
ਸਿਵਲ ਸਰਜਨ ਨੇ ਦੱਸਿਆ ਕਿ ਦਿਹਾਤੀ ਖੇਤਰਾਂ ਵਿੱਚ ਕੋਵਿਡ ਦੇ ਕੇਸਾਂ ਦੀ ਗਿਣਤੀ ਪਿਛਲੇ ਦਿਨਾਂ ਵਿੱਚ ਵੱਧ ਰਹੀ ਹੈ, ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਇਸ ਬਿਮਾਰੀ ਨੂੰ ਰੋਕਣ ਲਈ ਇੱਕ ਪਹਿਲ ਕੀਤੀ ਹੈ ਅਤੇ ਮੁੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪਿੰਡਾਂ ਵਿੱਚ ਟੈਸਟਿੰਗ ਅਤੇ ਟੀਕਾਕਰਨ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਰਾਜ ਦੇ ਪੇਂਡੂ ਖੇਤਰਾਂ ਵਿੱਚ ਇਸ ਬਿਮਾਰੀ ਦੇ ਫੈਲਣ 'ਤੇ ਕਾਬੂ ਪਾਇਆ ਜਾ ਸਕੇ।ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਨੇ ਹੁਣ ਪੇਂਡੂ ਖੇਤਰਾਂ ਵਿੱਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਸਾਡੀ ਬਹੁਤੀ ਵਸੋਂ ਇਨ੍ਹਾਂ ਖੇਤਰਾਂ ਵਿੱਚ ਰਹਿੰਦੀ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਖਿਆਲਾਂ ਕਲਾਂ, ਮਲਕਪੁਰ ਖਿ਼ਆਲਾ, ਖਿਆਲਾਂ ਖੁਰਦ ਪਿੰਡਾਂ ਦਾ ਦੌਰਾ ਕੀਤਾ ਅਤੇ ਘਰ—ਘਰ ਜਾ ਕੇ ਅਤੇ ਜਨਤਕ ਸੰਬੋਧਨ ਪ੍ਰਣਾਲੀ ਦੀ ਵਰਤੋਂ ਕਰਕੇ ਪਿੰਡ ਵਾਸੀਆਂ ਵਿੱਚ ਕੋਰੋਨਾ ਦੀ ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕੀਤੀ। ਪਿੰਡ ਵਾਸੀਆਂ ਨੂੰ ਕੋਰੋਨਾ ਦੀ ਬਿਮਾਰੀ ਦੇ ਜਲਦੀ ਪਤਾ ਲਗਾਉਣ ਅਤੇ ਟੀਕਾਕਰਣ ਦੀ ਮਹੱਤਤਾ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਵਿੱਚ ਵੀ ਬੁਖਾਰ, ਗਲੇ ਵਿਚ ਖਰਾਸ਼, ਡਾਇਰੀਆ, ਸਿਰਦਰਦ, ਸਾਹ ਲੈਣ ਵਿਚ ਤਕਲੀਫ਼ ਆਦਿ ਦੇ ਲੱਛਣਾਂ ਦੀ ਸ਼ੁਰੂਆਤ ਹੁੰਦੀ ਹੈ ਉਸਨੂੰ ਲਾਜ਼ਮੀ ਤੌਰ 'ਤੇ ਜਲਦੀ ਤੋਂ ਜਲਦੀ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ, ਤਾਂ ਜੋ ਬਿਮਾਰੀ ਦੀ ਸਮੇਂ ਸਿਰ ਪਛਾਣ ਹੋ ਸਕੇ ਅਤੇ ਅਜਿਹੇ ਵਿਅਕਤੀ ਨੂੰ ਅਲੱਗ ਕੀਤਾ ਜਾ ਸਕੇ ਅਤੇ ਬਿਮਾਰੀ ਦਾ ਹੋਰ ਪ੍ਰਸਾਰ ਹੋਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪਿੰਡ ਵਾਸੀਆਂ ਨੂੰ ਟੀਕਾਕਰਨ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਟੀਕਾਕਰਨ ਨਾਲ ਜੁੜੀਆਂ ਮਿੱਥਾਂ ਦਾ ਵੀ ਪਰਦਾਫਾਸ਼ ਕੀਤਾ ਗਿਆ।
ਟੀਮ ਦੇ ਮੈਂਬਰਾਂ ਨੇ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ‘ਕੋਰੋਨਾ ਮੁਕਤ ਪਿµਡ’ ਦਾ ਟੀਚਾ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ।ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਨੂੰ ਬਿਨ੍ਹਾਂ ਕਿਸੇ ਕੋਰੋਨਾ ਨੈਗੇਟਿਵ ਰਿਪੋਰਟ ਦੇ ਉਨ੍ਹਾਂ ਦੇ ਪਿੰਡ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਅਤੇ ਠੀਕਰੀ ਪਹਿਰੇ ਲਗਾਏ ਜਾਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਕੋਵਿਡ ਅਨੁਰੂਪ ਵਿਵਹਾਰ ਨਾਲ ਸਬੰਧਤ ਪਿੰਡਾਂ ਵਿਚ ਪ੍ਰਮੁੱਖ ਸਥਾਨਾਂ 'ਤੇ ਪੋਸਟਰ ਲਾਏ ਜਾਣ। ਸਾਰੇ ਕੋਵਿਡ ਦਿਸ਼ਾ—ਨਿਰਦੇਸ਼ਾਂ ਦੀ ਪਾਲਣਾ ਸਬੰਧੀ ਐਲਾਨ ਪਿੰਡ ਦੇ ਧਾਰਮਿਕ ਸਥਾਨਾਂ ਤੋਂ ਕੁਝ ਕੁਝ ਸਮੇਂ ਬਾਅਦ ਕੀਤੇ ਜਾਣੇ ਚਾਹੀਦੇ ਹਨ। ਸਰਪੰਚਾਂ ਨੇ ਸਿਹਤ ਵਿਭਾਗ ਦੀ ਟੀਮ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ—ਆਪਣੇ ਪਿੰਡਾਂ ਤੋਂ ਕੋਰੋਨਾ ਨੂੰ ਖਤਮ ਕਰਨ ਲਈ ਕੰਮ ਕਰਨਗੇ ਅਤੇ ਉਨ੍ਹਾਂ ਦੇ ਪਿੰਡ ਨੂੰ ਪੂਰੀ ਤਰ੍ਹਾਂ ਕੋਰੋਨਾ ਮੁਕਤ ਬਣਾਉਣਗੇ।