100 ਫ਼ੀਸਦੀ ਵੈਕਸੀਨੇਸ਼ਨ ਕਰਨ ਵਾਲੇ ਪਿੰਡਾਂ ਨੂੰ 10 ਲੱਖ ਦੀ ਸਪੈਸ਼ਲ ਗ੍ਰਾਂਟ: ਡੀਸੀ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 18ਮਈ 2021:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸੂਬਾ ਸਰਕਾਰ ਵੱਲੋਂ ਐਲਾਨੇ ਪੇਂਡੂ ਕੋਵਿਡ ਫਤਿਹ ਪ੍ਰੋਗਰਾਮ ਨੂੰ ਪ੍ਰਭਾਵੀ ਤਰੀਕੇ ਨਾਲ ਪਿੰਡ ਪੱਧਰ ਤੇ ਲਾਗੂ ਕਰਨ ਲਈ ਰਾਜ ਦੇ ਪਿੰਡਾਂ ਦੇ ਸਰਪੰਚਾਂ ਨਾਲ ਵਰਚੂਅਲ ਗੱਲਬਾਤ ਕੀਤੀ। ਇਸ ਮੌਕੇ ਉਨਾਂ ਨੇ ਪੰਚਾਇਤਾਂ ਨੂੰ ਕੋਵਿਡ ਦੇ ਪਸਾਰ ਨੂੰ ਰੋਕਣ ਲਈ ਮੋਹਰੀ ਭੁਮਿਕਾ ਨਿਭਾਉਣ ਦਾ ਸੱਦਾ ਦਿੱਤਾ। ਕਰੋਨਾ ਮਹਾਂਮਾਰੀ ਦੇ ਦਿਨ-ਬ-ਦਿਨ ਵੱਧ ਰਹੇ ਫ਼ੈਲਾਅ ਨੂੰ ਰੋਕਣ ਦੇ ਮੱਦੇਨਜ਼ਰ 100 ਫ਼ੀਸਦੀ ਵੈਕਸੀਨੇਸ਼ਨ ਕਰਨ ਵਾਲੇ ਪਿੰਡਾਂ ਨੂੰ 10 ਲੱਖ ਰੁਪਏ ਤੱਕ ਦੀ ਸਪੈਸ਼ਲ ਗ੍ਰਾਂਟ ਦੇਣ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡਾਂ ਵਿੱਚ ਕਰੋਨਾ ਮਹਾਂਮਾਰੀ ਕਾਰਨ ਪਿੰਡ ਵਾਸੀਆਂ ਦੀ ਮੱਦਦ ਲਈ ਪੰਚਾਇਤਾਂ ਆਪਣੇ ਪੱਧਰ ਤੇ 5 ਤੋਂ 50 ਲੱਖ ਰੁਪਏ ਤੱਕ ਦਾ ਖ਼ਰਚ ਪੰਚਾਇਤੀ ਫ਼ੰਡ ਵਿਚੋਂ ਕਰ ਸਕਣਗੀਆਂ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਰਪੰਚਾਂ ਨਾਲ ਸੰਵਾਦ ਕਰਦਿਆਂ ਕਿਹਾ ਕਿ ਪੰਚਾਇਤਾਂ ਮੁੱਢਲੀ ਇਕਾਈ ਵਜੋਂ ਜਾਣੀਆਂ ਜਾਂਦੀਆਂ ਹਨ ਜਿਸ ਕਾਰਨ ਪੰਚਾਇਤਾਂ ਲਈ ਹੁਣ ਹੋਰ ਵੀ ਅਹਿਮ ਹੋ ਗਿਆ ਹੈ ਕਿ ਉਹ ਅੱਗੇ ਆ ਕੇ ਇਸ ਮਹਾਂਮਾਰੀ ਖਿਲਾਫ਼ ਲੜਨ ਅਤੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਕੇ ਇਸ ਮਹਾਂਮਾਰੀ ਤੋਂ ਬਚਾਉਣ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਮੁੱਢਲੇ ਲੱਛਣ ਪਤਾ ਲੱਗਣ ਤੇ ਹੀ ਇਸ ਦੀ ਤਰੁੰਤ ਟੈਸਟਿੰਗ ਕਰਵਾਈ ਜਾਵੇ ਅਤੇ ਟੈਸਟਿੰਗ ਵਿਚ ਕੀਤੀ ਗਈ ਦੇਰੀ ਭਿਆਨਕ ਸਿੱਧ ਹੋ ਸਕਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਨੇ ਜ਼ਿਲ੍ਹੇ ਦੀਆਂ ਪੰਚਾਇਤਾਂ ਨੂੰ ਮਹਾਂਮਾਰੀ ਤੋਂ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਚ ਵਡਮੁੱਲਾ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਤੀਸਰੇ ਪੜ੍ਹਾਅ ਤੋਂ ਬਚਾਅ ਲਈ ਵੈਕਸੀਨੇਸ਼ਨ ਅਤੇ ਟੈਸਟਿੰਗ ਹੋਰ ਵੀ ਬਹੁਤ ਅਹਿਮ ਹੋ ਗਈ ਹੈ। ਇਸ ਲਈ ਪੰਚਾਇਤਾਂ ਨੂੰ ਇਸ ਵਿਚ ਆਪਣੀ ਸਮਾਜਿਕ ਜਿੰਮੇਵਾਰੀ ਸਮਝਦਿਆਂ ਪਿੰਡ ਵਿਚ ਟੈਸਟਿੰਗ ਅਤੇ ਵੈਕਸੀਨੇਸ਼ਨ ਵਿਚ ਭੋਰਾ ਵੀ ਢਿੱਲ ਮੱਠ ਨਹੀਂ ਕਰਨੀ ਚਾਹੀਦੀ।
ਡਿਪਟੀ ਕਮਿਸ਼ਨਰ ਨੇ ਪੰਚਾਇਤਾਂ ਨੂੰ ਕਿਹਾ ਕਿ ਜੇਕਰ ਪਿੰਡ ਵਿਚ ਉਨ੍ਹਾਂ ਨੂੰ ਕਰੋਨਾ ਮਹਾਂਮਾਰੀ ਦੇ ਲੱਛਣ ਜਿਵੇਂ ਕਿ ਖੰਘ, ਬੁਖ਼ਾਰ, ਗਲਾ ਅਤੇ ਸਾਹ ਆਦਿ ਦੇ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਕਰੋਨਾ ਟੈਸਟਿੰਗ ਕਰਵਾਉਣੀ ਯਕੀਨੀ ਬਣਾਉਣ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹ ਕਿ ਇਸ ਮਹਾਂਮਾਰੀ ਦੇ ਫ਼ੈਲਾਅ ਨੂੰ ਰੋਕਣ ਲਈ ਮਾਸਕ ਲਗਾਉਣਾ ਸੈਨੀਟਾਈਜ਼ਰ ਕਰਨਾ ਅਤੇ ਸਰੀਰਕ ਦੂਰੀ ਬਣਾਈ ਰੱਖਣਾ ਲਾਜ਼ਮੀ ਬਣਾਉਣ।
ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਪਿੰਡ ਮਾਣਕਖ਼ਾਨਾ ਦੀ ਦੋ ਨੈਸ਼ਨਲ ਐਵਾਰਡ ਪ੍ਰਾਪਤ ਕਰਨ ਵਾਲੀ ਸਰਪੰਚ ਸੈਸ਼ਨਦੀਪ ਕੌਰ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਕਰੋਨਾ ਮਹਾਂਮਾਰੀ ਦੇ ਚੱਲ ਰਹੇ ਭਿਆਨਕ ਦੌਰ ਦੌਰਾਨ ਕੀਤੇ ਜਾ ਰਹੇ ਉਪਰਾਲੇ ਵੀ ਸਾਂਝੇ ਕੀਤੇ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਸਿਖਲਾਈ ਅਧੀਨ ਆਈ.ਏ.ਐਸ ਅਧਿਕਾਰੀ ਨਿਕਾਸ ਕੁਮਾਰ, ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਰਾਜਦੀਪ ਸਿੰਘ ਬਰਾੜ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਜ਼ਿਲ੍ਹਾ ਪ੍ਰੀਸ਼ਦ ਦੇ ਵਾਇਸ ਚੇਅਰਮੈਨ ਐਡਵੋਕੇਟ ਗੁਰਇੱਕਬਾਲ ਸਿੰਘ ਚਹਿਲ ਆਦਿ ਹਾਜ਼ਰ ਸਨ।