18-44 ਸਾਲ ਉਮਰ ਦੇ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਦੇ ਮੁਫਤ ਟੀਕਾਕਰਨ ਦੀ ਸ਼ੁਰੂਆਤ
ਨਵਾਂਸ਼ਹਿਰ, 15 ਮਈ 2021 : ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ ਨਿਰਦੇਸਾਂ ਮੁਤਾਬਕ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਵਿੱਢੀ ਹੋਈ ਹੈ। ਇਸੇ ਕੜੀ ਤਹਿਤ ਪ੍ਰਾਈਮਰੀ ਸਿਹਤ ਕੇਂਦਰ ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਨੇ ਉਸਮਾਨਪੁਰ ਸਮੇਤ ਬਲਾਕ ਦੇ ਵੱਖ-ਵੱਖ ਟੀਕਾਕਰਨ ਕੇਂਦਰਾਂ ਦਾ ਦੌਰਾ ਕੀਤਾ ਅਤੇ ਟੀਕਾਕਰਨ ਦੇ ਕੰਮ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਡਾ ਗੀਤਾਂਜਲੀ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਸਰਕਾਰ ਵੱਲੋਂ 18-44 ਸਾਲ ਉਮਰ ਵਰਗ ਦੇ ਨਿਰਧਾਰਿਤ ਸਹਿ ਰੋਗਾਂ ਤੋਂ ਗ੍ਰਸਤ ਵਿਅਕਤੀਆਂ ਲਈ ਮੁਫਤ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਡਾ. ਗੀਤਾਂਜਲੀ ਨੇ ਟੀਕਾਕਰਨ ਮੁਹਿੰਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਤਹਿਤ ਸਿਹਤ ਬਲਾਕ ਦੇ ਪੰਜ ਟੀਕਾਕਰਨ ਕੇਂਦਰਾਂ ਵਿਚ ਕੁੱਲ 249 ਯੋਗ ਵਿਅਕਤੀਆਂ ਨੂੰ ਟੀਕੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਮੁਜ਼ੱਫਰਪੁਰ ਵਿਚ 39, ਭਾਰਟਾ ਖੁਰਦ ਵਿਚ 20, ਜੱਬੋਵਾਲ ਵਿਚ 20, ਜਾਡਲਾ ਵਿਚ 30, ਰਾਹੋਂ ਵਿਚ 140 ਯੋਗ ਲਾਭਪਾਤਰੀਆਂ ਨੂੰ ਮੁਫਤ ਟੀਕਾਕਰਨ ਦੀ ਸਰਕਾਰੀ ਸਹੂਲਤ ਦਾ ਲਾਭ ਦਿੱਤਾ ਗਿਆ।