30 ਤੇ 31 ਮਈ ਨੂੰ ਲਗਾਏ ਜਾਣਗੇ ਕਰੋਨਾ ਟੈਸਟਿੰਗ ਕੈਂਪ : ਡੀਸੀ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ,29ਮਈ 2021: ਸੂਬਾ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨਾਲ ਨਜਿੱਠਣ ਅਤੇ ਇਸ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਕਰੋਨਾ ਮੁਕਤ ਪਿੰਡ ਮੁਹਿੰਮ ਨੂੰ ਜ਼ਿਲੇ ਦੇ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਨਾਲ ਜਿੱਥੇ ਪਿੰਡਾਂ ਵਿੱਚ ਕਰੋਨਾ ਟੈਸਟਿੰਗ ਦੀ ਗਿਣਤੀ ਵਧੀ ਹੈ, ਉੱਥੇ ਹੀ ਮੌਤ ਦਰ ਵਿੱਚ ਗਿਰਾਵਟ ਆਈ ਹੈ। ਇਸ ਮੁਹਿੰਮ ਤਹਿਤ ਮਿਤੀ 30 ਅਤੇ 31 ਮਈ ਨੂੰ ਜ਼ਿਲ੍ਹੇ ਦੇ ਵੱਖ-ਵੱਖ 18 ਪਿੰਡਾਂ ਵਿਚ ਕਰੋਨਾ ਟੈਸਟਿੰਗ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਨੇ ਸਾਂਝੀ ਕੀਤੀ। ਇਸ ਮੌਕੇ ਇਸ ਮੁਹਿੰਮ ਨੂੰ ਨੇਪਰੇ ਚੜਾਉਣ ਲਈ ਉਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ-ਨਾਲ ਨੰਬਰਦਾਰਾਂ, ਯੂਥ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਨ੍ਹਾਂ ਲਗਾਏ ਗਏ ਕੈਂਪਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ 30 ਮਈ ਨੂੰ ਪਿੰਡ ਫ਼ੁੱਲੋਂ ਮਿੱਠੀ, ਖਿਆਲੀ ਵਾਲਾ, ਜੋਧਪੁਰ ਰੋਮਾਣਾ, ਹਮੀਰਗੜ੍ਹ, ਕੋਠੇ ਪਿਪਲੀ, ਮੌੜ ਚੜ੍ਹਤ ਸਿੰਘ, ਗੁਰੂਸਰ ਜਗਾ, ਗੰਗਾ ਅਤੇ ਕੋਠੇ ਮੰਡੀ ਕਲਾਂ ਪਿੰਡਾਂ ਵਿਚ ਕਰੋਨਾ ਟੈਸਟਿੰਗ ਕੈਂਪ ਲਗਾਏ ਜਾਣਗੇ। ਇਸੇ ਤਰ੍ਹਾਂ 31 ਮਈ ਨੂੰ ਬਾਜਕ, ਸਿਵੀਆ, ਬਾਹੋ ਸਿਵੀਆ, ਜਲਾਲ, ਫੁੱਲੇਵਾਲਾ, ਯਾਤਰੀ, ਕਲਾਲ ਵਾਲਾ, ਲਹਿਰਾ ਬੇਗਾ ਅਤੇ ਘੜੈਲਾ ਆਦਿ ਪਿੰਡਾਂ ਵਿਚ ਕਰੋਨਾ ਟੈਸਟਿੰਗ ਕੈਂਪ ਲਗਾਏ ਜਾਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਕਰੋਨਾ ਦੇ ਫ਼ੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਜੋ ਵੀ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਉਹ ਜਨ ਹਿੱਤ ਦੀ ਸਿਹਤ ਸੁਰੱਖਿਆ ਨੂੰ ਮੁੱਖ ਰੱਖ ਕੇ ਹੀ ਕੀਤੀਆਂ ਜਾਂਦੀਆਂ ਹਨ। ਇਸ ਲਈ ਜਾਰੀ ਹਦਾਇਤ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਖੰਘ, ਬੁਖਾਰ, ਜੁਕਾਮ ਆਦਿ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਆਪਣੇ ਟੈਸਟ ਕਰਵਾਉਣ। ਉਨ੍ਹਾਂ ਕਿਹਾ ਕਿ ਮੂੰਹ ਤੇ ਹਮੇਸ਼ਾ ਮਾਸਕ ਲਗਾ ਕੇ ਰੱਖਿਆ ਜਾਵੇ, ਹੱਥਾਂ ਨੂੰ ਵਾਰ-ਵਾਰ ਸਾਬਣ ਜਾਂ ਸੈਨੇਟਾਈਜ਼ਰ ਨਾਲ ਸਾਫ਼ ਕੀਤਾ ਜਾਵੇ ਅਤੇ ਆਪਸੀ ਸਰੀਰਕ ਦੂਰੀ ਬਰਕਰਾਰ ਰੱਖੀ ਜਾਵੇ ਅਤੇ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਿੱਕਲਣ ਤੋਂ ਗੁਰੇਜ਼ ਕੀਤਾ ਜਾਵੇ।