ਏ ਡੀ ਸੀ ਅਦਿੱਤਿਆ ਉੱਪਲ ਨੇ ਲਗਵਾਇਆ ਕੋਵਿਡ ਰੋਕੂ ਟੀਕਾ
- ਕੋਵਿਡ ’ਤੇ ਫ਼ਤਹਿ ਹਾਸਲ ਕਰਨ ਲਈ ਜ਼ਿਲਾ ਵਾਸੀਆਂ ਨੂੰ ਅੱਗੇ ਆਉਣ ਦਾ ਦਿੱਤਾ ਸੱਦਾ
ਨਵਾਂਸ਼ਹਿਰ, 13 ਮਈ 2021 - ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ ਨੇ ਅੱਜ ਜ਼ਿਲਾ ਹਸਪਤਾਲ ਵਿਖੇ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਅਤੇ ਉਥੇ ਚੱਲ ਰਹੇ ਟੀਕਾਕਰਨ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਉਨਾਂ ਕੋਵਿਡ ’ਤੇ ਫ਼ਤਹਿ ਹਾਸਲ ਕਰਨ ਲਈ ਜ਼ਿਲਾ ਵਾਸੀਆਂ ਨੂੰ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਟੀਕਾਕਰਨ ਲਈ ਯੋਗ ਹਰੇਕ ਨਾਗਰਿਕ ਨੂੰ ਬਿਨਾਂ ਕਿਸੇ ਡਰ-ਭੈਅ ਤੋਂ ਕੋਵਿਡ ਰੋਕੂ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਟੀਕਾਕਰਨ ਅਤੇ ਕੋਵਿਡ ਸਾਵਧਾਨੀਆਂ ਵਰਤਣ ਨਾਲ ਹੀ ਅਸੀਂ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਨੂੰ ਇਸ ਮਹਾਮਾਰੀ ਤੋਂ ਨਿਜਾਤ ਦਿਵਾ ਸਕਦੇ ਹਾਂ। ਇਸ ਦੌਰਾਨ ਉਨਾਂ ਉਥੇ ਟੀਕਾ ਲਗਵਾਉਣ ਲਈ ਆਏ ਫਰੰਟ ਲਾਈਨ ਵਰਕਰਾਂ ਅਤੇ ਬਜ਼ੁਰਗਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨਾਂ ਨੂੰ ਆਪਣੇ ਨਜ਼ਦੀਕੀਆਂ, ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੂੰ ਵੀ ਟੀਕਾ ਲਗਾਵਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਦੀਪ ਕਮਲ ਨੇ ਦੱਸਿਆ ਕਿ ਹੈਲਥ ਕੇਅਰ ਅਤੇ ਫਰੰਟ ਲਾਈਨ ਵਰਕਰਾਂ ਤੋਂ ਇਲਾਵਾ 1 ਅਪ੍ਰੈਲ ਤੋਂ 45 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ, ਇਸ ਲਈ ਉਹ ਆਪਣੇ ਨਾਲ ਪਹਿਚਾਣ ਪੱਤਰ ਜ਼ਰੂਰ ਲਿਆਉਣ, ਤਾਂ ਜੋ ਉਨਾਂ ਦੀ ਉਮਰ ਦੇਖੀ ਜਾ ਸਕੇ। ਇਸ ਮੌਕੇ ਬੱਚਿਆਂ ਦੇ ਮਾਹਿਰ ਡਾ. ਹਿਰਤੇਸ਼ ਪਾਹਵਾ, ਡਾ. ਹਰਪਿੰਦਰ ਸਿੰਘ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਤਰਸੇਮ ਲਾਲ ਨੇ ਦੱਸਿਆ ਕਿ ਕੋਵਿਡ ਵੈਕਸੀਨ ਦਾ ਕੋਈ ਸਾਈਡ ਇਫੈਕਟ ਨਹੀਂ ਹੈ।
ਉਨਾਂ ਲੋਕਾਂ ਨੂੰ ਟੀਕਾਕਰਨ ਸਬੰਧੀ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਜ਼ਿਲੇ ਵਿਚ ਹੈਲਥ ਕੇਅਰ ਵਰਕਰਾਂ ਅਤੇ ਬਜ਼ੂਰਗਾਂ ਨੂੰ ਹੁਣ ਤੱਕ ਕਾਫੀ ਟੀਕੇ ਲਗਾਏ ਜਾ ਚੁੱਕੇ ਹਨ ਅਤੇ ਕਿਸੇ ਦੀ ਸਿਹਤ ’ਤੇ ਕੋਈ ਬੁਰਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ। ਇਸ ਦੌਰਾਨ ਜ਼ਿਲਾ ਹਸਪਤਾਲ ਵਿਖੇ ਟੀਕਾਕਰਨ ਤੋਂ ਬਾਅਦ ਸੈਲਫੀ ਸਟੈਂਡ ’ਤੇ ਆਪਣੀ ਫੋਟੋ ਖਿੱਚਣ ਲਈ ਲੋਕਾਂ ਵਿਚ ਵੱਡੀ ਦਿਲਚਸਪੀ ਵਿਖਾਈ ਗਈ। ਇਸ ਮੌਕੇ ਬਲਵਿੰਦਰ ਕੌਰ, ਪਿਆਰੀ, ਜੋਤੀ ਨਿਗਾਹ, ਸੁਮੀਤ ਸੋਢੀ, ਜਸਪ੍ਰੀਤ ਕੌਰ, ਜੋਤੀ ਸ਼ਰਮਾ, ਮਨਦੀਪ, ਤਮੰਨਾ, ਰਾਜੇਸ਼ ਕੁਮਾਰ, ਅਨੂਪ ਸਿੰਘ, ਸਵੈਦੀਪ ਸਿੰਘ ਅਤੇ ਹੋਰ ਸਟਾਫ ਮੌਜੂਦ ਸੀ।