ਕਿਸ਼ੋਰੀ ਰਾਮ ਹਸਪਤਾਲ ਮਾਮਲਾ: ‘ਬੱਕਰੀ ਨੇ ਦੁੱਧ ਦਿੱਤਾ ਮੀਂਗਣਾ ਘੋਲ ਕੇ’
ਅਸ਼ੋਕ ਵਰਮਾ
ਬਠਿੰਡਾ, 21 ਮਈ 2021 - ਮੀਡੀਆ ’ਚ ਸੁਰਖੀਆਂ ਬਣਨ ਉਪਰੰਤ ਹੋ ਰਹੀ ਕਿਰਕਰੀ, ਸਮਾਜਸੇਵੀ ਜੱਥੇਬੰਦੀਆਂ ਦੇ ਭਾਰੀ ਦਬਾਅ ਅਤੇ ਸਿਆਸੀ ਧਿਰਾਂ ਵੱਲੋਂ ਕੀਤੀ ਜਾ ਰਹੀ ਤਿੱਖੀ ਅਲੋਚਨਾ ਤੋਂ ਬਾਅਦ ਆਖਰ ਬਠਿੰਡਾ ਪ੍ਰਸ਼ਾਸ਼ਨ ਨੇ ਕਰੋਨਾ ਮਰੀਜਾਂ ਦਾ ਮੁਫਤ ਇਲਾਜ ਕਰਨ ਲਈ ਕਿਸ਼ੋਰੀ ਰਾਮ ਹਸਪਤਾਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਭਾਵੇਂ ਇਸ ਮਾਮਲੇ ਨੂੰ ਲੈਕੇ ਕਈ ਤਰਾਂ ਦੀਆਂ ਦਲੀਲਾਂ ਸਾਹਮਣੇ ਆ ਰਹੀਆਂ ਹਨ ਪਰ ਜਿਆਦਾਤਰ ਸ਼ਹਿਰ ਵਾਸੀ ਮਨਜੂਰੀ ਪਿੱਛੇ ਕੀਤੀ ਜਾ ਰਹੀ ਕਥਿਤ ਟਾਲਮਟੋਲ ਨੂੰ ਕਥਿਤ ਸਿਆਸੀ ਇਸ਼ਾਰੇ ਨਾਲ ਜੋੜ ਕੇ ਦੇਖ ਰਹੇ ਹਨ। ਹੁਣ ਇਸ ਹਸਪਤਾਲ ’ਚ ਲੈਵਲ 2 ਦੇ ਕਰੋਨਾ ਪੀੜਤ ਮਰੀਜਾਂ ਦਾ ਮੁਫਤ ਇਲਾਜ ਸੰਭਵ ਹੋ ਸਕੇਗਾ। ਇਸ ਹਸਪਤਾਲ ਦੇ ਹੁਣ ਜਲਦੀ ਹੀ ਕਾਰਜਸ਼ੀਲ ਹੋਣ ਦੀ ਸੰਭਾਵਨਾ ਹੈ। ਮਰੀਜਾਂ ਦੇ ਇਲਾਜ ’ਚ ਮੁੱਖ ਭੂਮਿਕਾ ਨਿਭਾਉਣ ਵਾਲੀ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਉਂਜ ਹਸਪਤਾਲ ਦੇ ਮੁੱਖ ਪ੍ਰਬੰਧਕ ਡੀ ਵਿਤੁਲ ਗੁਪਤਾ ਅਤੇ ਸੁਸਾਇਟੀ ਦੇ ਵਲੰਟੀਅਰਾਂ ਨੇ ਬਹੁਤੀਆਂ ਤਿਆਰੀ ਪਹਿਲਾਂ ਹੀ ਕਰ ਰੱਖੀਆਂ ਸਨ । ਸਬੰਧਤ ਧਿਰਾਂ ਨੂੰਸਿਰਫ ਪ੍ਰਸ਼ਾਸ਼ਨ ਦੀ ਹਰੀ ਝੰਡੀ ਦੀ ਉਡੀਕ ਸੀ ਜੋ ਆਖਰਕਾਰ 11 ਦਿਨ ਬਾਅਦ ਅਫਸਰਾਂ ਨੇ ਵਿਖਾ ਦਿੱਤੀ ਹੈ। ਇਸ ਹਸਪਤਾਲ ’ਚ ਪਹਿਲਾਂ ਮਰੀਜਾਂ ਲਈ 10 ਬੈਡਾਂ ਦੀ ਸਹੂਲਤ ਦਿੱਤੀ ਜਾਏਗੀ। ਇਸ ਸਮਰੱਥਾ ਨੂੰ 30 ਬੈਡਾਂ ਤੱਕ ਵਧਾਉਣ ਦੀ ਵੀ ਯੋਜਨਾ ਹੈ ਜਿਸ ਲਈ ਅਗਲੇ ਇੱਕ ਦੋ ਦਿਨਾਂ ਦੌਰਾਨ ਪ੍ਰਸ਼ਾਸ਼ਨ ਨੂੰ ਲਿਖਤੀ ਪੱਤਰ ਦਿੱਤਾ ਜਾਣਾ ਹੈ। ਮਰੀਜਾਂ ਦੇ ਇਲਾਜ ਲਈ ਡਾ ਵਿਤੁਲ ਗੁਪਤਾ ਤੋਂ ਇਲਾਵਾ 3 ਐਮ ਬੀ ਬੀ ਐਸ ਡਾਕਟਰ, 12 ਨਰਸਿੰਗ ਸਟਾਫ ,4 ਵਾਰਡ ਬੁਆਏ ਅਤੇ ਦੋ ਰਿਸੈਪਸ਼ਨਿਸਟਾਂ ਸੇਵਾਵਾਂ ਨਿਭਾਉਣਗੀਆਂ। ਇਸੇ ਤਰਾਂ ਹੀ ਸਾਫ ਸਫਾਈ ਲਈ ਸਫਾਈ ਸੇਵਕਾਂ ਦਾ ਇੰਤਜ਼ਾਮ ਕਰ ਲਿਆ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਨੇ ਸਮੁੱਚਾ ਖਾਕਾ ਤਿਆਰ ਕਰਕੇ ਡਿਊਟੀਆਂ ਵੀ ਸੌਂਪ ਦਿੱਤੀਆਂ ਹਨ।
ਮਰੀਜਾਂ ਦੀਆਂ ਖੂਨ ਸਬੰਧੀ ਜਰੂਰਤਾਂ ਪੂਰੀਆਂ ਕਰਨ ਲਈ ਲੈਬਾਰਟਰੀ ਨਾਲ ਸਹਿਮਤੀ ਬਣ ਗਈ ਹੈ। ਮਰੀਜਾਂ ਨੂੰ ਐਂਬੂਲੈਂਸ ਸੇਵਾਵਾਂ ਵੀ ਮੁਫਤ ਮੁਹੱਈਆ ਕਰਵਾਈਆਂ ਜਾਣੀਆਂ ਹਨ।ਸ਼ੁੱਕਰਵਾਰ ਸ਼ਾਮ ਤੱਕ ਆਕਸੀਜ਼ਨ ਆਦਿ ਦੇ ਪ੍ਰਬੰਧ ਮੁਕੰਮਲ ਕਰਨ ਦਾ ਟੀਚਾ ਮਿਥਿਆ ਹੈ ਤਾਂ ਜੋ ਸ਼ਨੀਵਾਰ ਨੂੰ ਮਰੀਜ ਭਰਤੀ ਕੀਤੇ ਜਾ ਸਕਣ। ਮੌਜੂਦਾ ਸੰਕਟ ਦੌਰਾਨ ਜਦੋਂ ਕਰੋਨਾ ਮਰੀਜਾਂ ਦੇ ਨੇੜੇ ਢੁੱਕਣ ਤੋਂ ਆਪਣੇ ਵੀ ਡਰਦੇ ਹਨ ਤਾਂ ਆਪਣੀ ਕਿਸਮ ਦਾ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਪ੍ਰਾਈਵੇਟ ਹਸਪਤਾਲ ਨੇ ਆਪਣੇ ਬੂਹੇ ਕਰੋਨਾ ਪੀੜਤਾਂ ਦੇ ਇਲਾਜ ਲਈ ਖੋਹਲਣ ਦਾ ਫੈਸਲਾ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹਸਪਤਾਲ ਦੇ ਚਾਲੂ ਹੋਣ ਤੋਂ ਬਾਅਦ ਜਰੂਤਮੰਦ ਵਰਗਾਂ ਨੂੰ ਕਰੋਨਾ ਨਾਲ ਸਬੰਧਤ ਇਲਾਜ ਲਈ ਵੱਡੀ ਸਹਾਇਤਾ ਮਿਲੇਗੀ।
ਇਹ ਹੈ ਹਸਪਤਾਲ ਪ੍ਰਵਾਨਗੀ ਮਾਮਲਾ
ਦੱਸਣਯੋਗ ਹੈ ਕਿ ਬਰਨਾਲਾ ਬਾਈਪਾਸ ਦੀਆਂ ਲਾਈਟਾਂ ਲਾਗੇ ਬਸੰਤ ਵਿਹਾਰ ’ਚ ਸਥਿਤ ਕਿਸ਼ੋਰੀ ਰਾਮ ਹਸਪਤਾਲ ਦੇ ਮਾਲਕ ਡਾ ਵਿਤੁਲ ਗੁਪਤਾ ਨੇ ਕਰੋਨਾ ਮਰੀਜਾਂ ਦੇ ਮੁਫਤ ਇਲਾਜ ਲਈ ਆਪਣਾ ਹਸਪਤਾਲ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਸੌਂਪਿਆ ਸੀ ਜਿਸ ਨੂੰ ਚਲਾਉਣ ਲਈ ਨਿਯਮਾਂ ਮੁਤਾਬਕ ਪ੍ਰਸ਼ਾਸ਼ਨ ਤੋਂ ਪ੍ਰਵਾਨਗੀ ਮੰਗੀ ਗਈ ਸੀ। ਜਦੋਂ ਕਈ ਦਿਨ ਲਗਾਤਾਰ ਅਧਿਕਾਰੀਆਂ ਨੇ ਮਨਜੂਰੀ ਨਾਂ ਦਿੱਤੀ ਤਾਂ ਸਭ ਤੋਂ ਪਹਿਲਾਂ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਇਸ ਸਬੰਧ ’ਚ ਵਿੱਤ ਮੰਤਰੀ ਨੂੰ ਪੱਤਰ ਲਿਖਿਆ ਤੇ ਹੁਣ ਆਮ ਆਦਮੀ ਪਾਰਟੀ ਨੇ ਭੁੱਖ ਹੜਤਾਲ ਦੀ ਚਿਤਾਵਨੀ ਦਿੱਤੀ ਸੀ। ਇਸ ਦੇ ਨਾਲ ਹੀ ਮੀਡੀਆ ਅਤੇ ਸੋਸ਼ਲ ਮੀਡੀਆ ਤੇ ਮਾਮਲਾ ਸੁਰਖੀਆਂ ਬਣਨ ਲੱਗਿਆ ਤਾਂ ਅਫਸਰ ਇਸ ਰਾਹ ਪਏ ਹਨ।
ਕਰੋਨਾ ਪੀੜਤਾਂ ਲਈ ਉਪਰਾਲਾ:ਸੋਨੂੰ ਮਹੇਸ਼ਵਰੀ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਬਠਿੰਡਾ ਜਿਲ੍ਹੇ ’ਚ ਕਰੋਨਾ ਮਰੀਜਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਸੰਸਥਾ ਨੇ ਜਰੂਰਤਮੰਦ ਅਤੇ ਗਰੀਬ ਮਰੀਜਾਂ ਦੇ ਮੁਫਤ ਇਲਾਜ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਰੀਜਾਂ ਨੂੰ ਮੁਫਤ ਦਵਾਈਆਂ ਅਤੇ ਖੂਨ ਆਦਿ ਟੈਸਟ ਕਰਨ ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੁਢਲੇ ਤੌਰ ਤੇ 10 ਮਰੀਜਾਂ ਨੂੰ ਰੱਖਿਆ ਜਾਏਗਾ। ਉਨ੍ਹਾਂ ਦੱਸਿਆ ਕਿ ਮਰੀਜਾਂ ਲਈ ਲੁੜੀਂਦੀ ਆਕਸੀਜ਼ਨ ਸਿਵੀਆਂ ਰੋਡ ਵਾਲੇ ਪਲਾਂਟ ਤੋਂ ਮੰਗਵਾਉਣ ਦੇ ਪ੍ਰਬੰਧ ਕਰ ਲਏ ਹਨ। ਸ੍ਰੀ ਮਹੇਸ਼ਵਰੀ ਨੇ ਦੱਸਿਆ ਕਿ ਅੱਜ ਸ਼ਨੀਵਾਰ ਤੋਂ ਹਸਪਤਾਲ ਮਰੀਜਾਂ ਦੇ ਇਲਾਜ ਲਈ ਖੋਲਿ੍ਹਆ ਜਾ ਰਿਹਾ ਹੈ।
ਸਮਾਜਸੇਵਾ ਦਾ ਮੀਲ ਪੱਥਰ ਕਾਇਮ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਜਦੋਂ ਪ੍ਰਾਈਵੇਟ ਹਸਪਤਾਲਾਂ ’ਚ ਕਰੋਨਾ ਪੀੜਤ ਮਰੀਜਾਂ ਦੇ ਇਲਾਜ ਲਈ ਲੱਖਾਂ ਰੁਪਿਆ ਵਸੂਲਣ ਦੇ ਚਰਚੇ ਹਨ ਤਾਂ ਮਹਾਂਮਾਰੀ ਦੇ ਇਸ ਗੰਭੀਰ ਸੰਕਟ ਦੌਰਾਨ ਕਰੋਨਾ ਪੀੜਤਾਂ ਦਾ ਮੁਫਤ ਇਲਾਜ ਵੱਡੀ ਗੱਲ ਹੈ। ਉਨ੍ਹਾਂ ਆਖਿਆ ਕਿ ਅਜਿਹੇ ਹਸਪਤਾਲ ਨੂੰ ਪ੍ਰਵਾਨਗੀ ’ਚ ਦੇਰੀ ਕਰਨਾ ਮਰੀਜਾਂ ਦੀ ਜਿੰਦਗੀ ਨਾਲ ਖਿਲਵਾੜ ਹੀ ਕਿਹਾ ਜਾ ਸਕਦਾ ਹੈ ਜਦੋਂਕਿ ਅਜਿਹੇ ਵਕਤ ’ਚ ਤਾਂ ਅਫਸਰਾਂ ਨੂੰ ਨੰਗੇ ਪੈਰੀ ਚੱਲ ਕੇ ਪ੍ਰਵਾਨਗੀ ਪੱਤਰ ਫੜਾਉਣ ਜਾਣਾ ਚਾਹੀਦਾ ਸੀ। ਉਨ੍ਹਾਂ ਆਖਿਆ ਕਿ ਡਾ ਵਿਤੁਲ ਗੁਪਤਾ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਨੇ ਸਮਾਜਸੇਵਾ ਦਾ ਇੱਕ ਵੱਡੀ ਮੀਲ ਪੱਥਰ ਕਾਇਮ ਕੀਤਾ ਹੈ ਜਿਸ ਦੀ ਜਿੰਨੀਂ ਵੀ ਸ਼ਲਾਘਾ ਕੀਤੀ ਜਾਏ ਘੱਟ ਹੈ।