ਕਿਸਾਨ ਮੋਰਚੇ ਵੱਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ
ਦੀਪਕ ਜੈਨ
ਜਗਰਾਉਂ 08 ਮਈ 2021 - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਸਥਾਨਕ ਰੇਲ ਪਾਰਕ ਜਗਰਾਂਓ ਵਿਖੇ ਬਲਾਕ ਜਗਰਾਂਓ ਦੇ ਪਿੰਡਾਂ ਵਿਚੋਂ ਪੰਹੁਚੇ ਸੈਂਕੜੇ ਕਿਸਾਨ ਮਜ਼ਦੂਰ, ਮਰਦ, ਔਰਤਾਂ ਨੇ ਰੋਸ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ,ਗੁਰਪ੍ਰੀਤ ਸਿੰਘ ਸਿਧਵਾਂ,ਇੰਦਰਜੀਤ ਸਿੰਘ ਧਾਲੀਵਾਲ, ਧਰਮ ਸਿੰਘ ਸੂਜਾਪੁਰ, ਹਰਦੇਵ ਸਿੰਘ ਸੰਧੂ, ਬਲਵਿੰਦਰ ਸਿੰਘ ਕੋਠੇ ਪੋਨਾ,ਲੋਕ ਆਗੂ ਕੰਵਲਜੀਤ ਖੰਨਾ ਨੇ ਪੰਜਾਬ ਸਰਕਾਰ ਵਲੋਂ ਲਾਕਡਾਊਨ ਅਤੇ ਕਰਫਿਊ ਲਗਾਉਣ ਵਿਸੇਸ਼ਕਰ ਡੀ.ਸੀ. ਲੁਧਿਆਣਾ ਵਲੋਂ ਸਖਤ ਪਾਬੰਦੀਆਂ ਮੜਣ ਖਿਲਾਫ ਜੋਰਦਾਰ ਰੋਸ ਦਾ ਪ੍ਰਗਟਾਵਾ ਕੀਤਾ।
220 ਵੇਂ ਦਿਨ 'ਚ ਪੰਹੁਚੇ ਧਰਨੇ ਦੌਰਾਨ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਲੋੜ ਪਾਬੰਦੀਆਂ ਮੜਣ ਦੀ ਨਹੀਂ ਸਗੋਂ ਕਰੋਨਾ ਤੋਂ ਬਚਾਅ ਲਈ ਜੰਗੀ ਪੱਧਰ ਤੇ ਵੈਕਸੀਨੇਸ਼ਨ ਕਰਨ,ਲੋਕਾਂ ਨੂੰ ਘਰੋ ਘਰੀ ਜਾ ਕੇ ਜਾਗਰੂਕ ਕਰਨ, ਨਿਜੀ ਹਸਪਤਾਲਾਂ ਦੀ ਲੁੱਟ ਬੰਦ ਕਰਕੇ ਉਥੇ ਵੀ ਸਰਕਾਰੀ ਹਸਪਤਾਲਾਂ ਵਾਂਗ ਮੁਫਤ ਇਲਾਜ ਕਰਨ, ਬੈਡਾ ਤੇ ਵੈਂਟੀਲੇਟਰਾਂ ਦਾ,ਆਕਸੀਜਨ ਦਾ ਯੋਗ ਪ੍ਰਬੰਧ ਕਰਨ,ਦਵਾਈਆਂ ਦੀ ਕਾਲਾਬਾਜਾਰੀ ਖਤਮ ਕਰਨ,ਕਰੋਨਾ ਮਿਰਤਕ ਪਰਿਵਾਰਾਂ ਦੀ ਯੋਗ ਮਦਦ ਕਰਨ,ਬੇਲਗਾਮ ਮਹਿੰਗਾਈ ਨੂੰ ਕੰਟਰੋਲ ਕਰਨ ਦੀ ਲੋੜ ਹੈ।
ਬੁਲਾਰਿਆਂ ਨੇ ਕਿਹਾ ਕਿ ਹਕੂਮਤੀ ਨਾਲਾਇਕੀਆਂ ਦਾ ਸਿੱਟਾ ਹੈ ਕਿ ਲੋਕ ਮਰ ਰਹੇ ਹਨ ਜਿਸ 'ਤੇ ਹਾਈਕੋਰਟ ਨੇ ਵੀ ਸਖਤ ਰੁਖ ਅਖਤਿਆਰ ਕਰਦਿਆਂ ਇਸਨੂੰ ਨਰਸੰਹਾਰ ਕਰਾਰ ਦਿੱਤਾ ਹੈ। ਉਨਾਂ ਕਿਹਾ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਧਮਕੀਆਂ 'ਤੇ ਉਤਰ ਆਇਆ ਹੈ । ਉਨਾਂ ਕਿਹਾ ਕਿ ਇਸ ਗਰੂਰ ਦੇ ਸਿੱਟੇ ਮਾੜੇ ਹੋਣਗੇ ਅਤੇ ਬੰਗਾਲ ਚ ਭਾਜਪਾ ਦਾ ਹਸ਼ਰ ਕੈਪਟਨ ਨੂੰ ਯਾਦ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕਰੋਨਾ ਨਾਲ ਕੋਈ ਮਰੇ ਨਾ ਮਰੇ ਪਰ ਭੁੱਖ ਨਾਲ ਪੱਕਾ ਮਰੇਗਾ।
ਉਨਾਂ ਚਿਤਾਵਨੀ ਦਿੱਤੀ ਕਿ ਮੋਦੀ ਕੈਪਟਨ ਇਕੋ ਹੀ ਜਮਾਤ ਦੇ ਨੁਮਾਇੰਦੇ ਹਨ ਤੇ ਸਿਆਸੀ ਤੋਰ ਤੇ ਕਾਰਪੋਰੇਟ ਪੱਖੀ ਹਨ। ਕਰੋਨਾ ਦੀ ਆੜ ਚ ਦੋਨੋਂ ਹੁਕਮਰਾਨ ਸ਼ਾਹੀਨ ਬਾਗ ਵਾਂਗ ਕਿਸਾਨ ਸੰਘਰਸ਼ ਮੋਰਚਿਆਂ ਨੂੰ ਖਤਮ ਕਰਾਉਣਾ ਚਾਹੁੰਦੇ ਹਨ। ਉਨਾਂ ਸਮੂਹ ਕਿਸਾਨ ਇਕਾਈਆਂ ਨੂੰ 10 ਮਈ ਨੂੰ ਦਿੱਲੀ ਬਾਰਡਰਾਂ 'ਤੇ ਜਥੇ ਭੇਜਣ ਦਾ ਸੱਦਾ ਦਿੱਤਾ।ਇਸ ਉਪਰੰਤ ਸਮੂਹ ਧਰਨਾਕਾਰੀਆਂ ਨੇ ਲਾਕਡਾਊਨ ਤੇ ਕਰਫਿਊ ਦੇ ਹੁਕਮ ਰੱਦ ਕਰਨ ਦੀ ਮੰਗ ਨੂੰ ਲੈ ਕੇ ਸ਼ਹਿਰ ਚ ਰੋਸ ਮਾਰਚ ਵੀ ਕੀਤਾ। ਡੀ ਸੀ ਲੁਧਿਆਣਾ ਦੇ ਨਾਮ ਇਕ ਮੰਗ ਪੱਤਰ ਵੀ ਸਥਾਨਕ ਪੁਲਸ ਅਧਿਕਾਰੀਆਂ ਰਾਹੀਂ ਭੇਜਿਆ ਗਿਆ।