ਸ਼ਹੀਦ ਊਧਮ ਸਿੰਘ ਜੀ ਦਾ ਆਦਮ ਕਦ ਬੁੱਤ ਸਥਾਪਿਤ ਕਰਦੇ ਹੋਏ ਸ: ਬਿਕਰਮ ਸਿੰਘ ਮਜੀਠੀਆ ਤੇ ਹੋਰ।
ਮਜੀਠਾ, 29 ਦਸੰਬਰ, 2016 : ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਵੱਲੋਂ ਮਜੀਠਾ ਵਿਖੇ ਕੀਤੇ ਗਏ ਰੋਡ ਸ਼ੋਅ ਨੂੰ ਸੁਪਰ ਫਲਾਪ ਸ਼ੋਅ ਕਰਾਰ ਦਿੱਤਾ ਹੈ। ਉਹਨਾਂ ਦੱਸਿਆ ਕਿ ਹਲਕਾ ਮਜੀਠਾ ਦੇ ਵਸਨੀਕਾਂ ਨੇ ਕੇਜਰੀਵਾਲ ਦੇ ਰੋਡ ਸ਼ੋਅ ਤੋਂ ਦੂਰੀ ਬਣਾਈ ਰੱਖਦਿਆਂ ਮੁਕੰਮਲ ਬਾਈਕਾਟ ਕੀਤਾ ਹੈ।
ਸ: ਮਜੀਠੀਆ ਅਜ ਹਲਕਾ ਮਜੀਠਾ ਦੇ ਪਿੰਡ ਰਾਮਦਿਵਾਲੀ ਮੁਸਲਮਾਨਾ ਦੇ ਚੌਕ ਵਿਖੇ ਸ਼ਹੀਦ ਊਧਮ ਸਿੰਘ ਜੀ ਦਾ ਆਦਮ ਕੱਦ ਬੁੱਤ ਸਥਾਪਿਤ ਕਰਨ ਆਏ ਸਨ ਨੇ ਕਿਹਾ ਕਿ ਕੇਜਰੀਵਾਲ ਨੂੰ ਗੁਰੂ ਘਰ ਨਾਲ ਆਢਾ ਲਾਉਣਾ ਮਹਿੰਗਾ ਪਿਆ।ਉਹਨਾਂ ਕਿਹਾ ਕਿ ਕੇਜਰੀਵਾਲ ਨੂੰ 'ਆਪ' ਮੈਨੀਫੈਸਟੋ ਦੀ ਤੁਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਨ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਆਪਦੇ ਚੋਣ ਨਿਸ਼ਾਨ ਝਾੜੂ ਨੂੰ ਦਰਸਾਉਣ, ਦਿੱਲੀ ਦੇ ਸੀਸ ਜੰਗ ਗੁਰਦਵਾਰਾ ਸਾਹਿਬ ਦਾ ਪਿਆਓ ਤੁੜਵਾਉਣ, ਮਹਾਨ ਸੂਰਬੀਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਦਿੱਲੀ ਦੇ ਇੱਕ ਪਾਰਕ ਵਿੱਚ ਸਥਾਪਿਤ ਨਾ ਕਰਨ ਦੇਣ ਅਤੇ ਐੱਸ ਵਾਈ ਐੱਲ ਮੁੱਦੇ 'ਤੇ ਪੰਜਾਬ ਨਾਲ ਬੇਈਮਾਨੀ ਕਰਨ ਦਾ ਖਮਿਆਜ਼ਾ ਅੱਜ ਉਸ ਨੂੰ ਪੁਰੀ ਤਰਾਂ ਭੁਗਤਣਾ ਪਿਆ। ਕੇਜਰੀਵਾਲ ਰੋਡ ਸ਼ੋਅ ਕਰਨ ਲਈ ਗੁਰੂ ਕੇ ਬੇਰ ਸਾਹਿਬ ਪਹੁੰਚੇ ਤਾਂ ਕਿਸੇ ਵੀ ਪਿੰਡ ਵਾਸੀ ਨੇ ਕੇਜਰੀਵਾਲ ਨੂੰ ਮੂੰਹ ਨਾ ਲਾਇਆ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਗੁਰਦਵਾਰਾ ਸਾਹਿਬ ਦੇ ਮੁਖ ਸੇਵਾਦਾਰ ਨੇ ਵੀ ਉਸ ਨੂੰ ਕੋਈ ਸਿਰੋਪਾਉ ਨਾ ਦਿਦਿਆਂ ਬਾਈਕਾਟ ਕੀਤਾ। ਸ: ਮਜੀਠੀਆ ਨੇ ਦੱਸਿਆ ਕਿ ਬਾਹਰੋਂ ਲਿਆਂਦੇ ਗਏ ਬੰਦਿਆਂ ਦੇ ਬਾਵਜੂਦ ਕੇਜਰੀਵਾਲ ਦੇ ਸ਼ੋਅ ਨੂੰ ਮਜੀਠਾ ਵਿੱਚੋਂ ਕੋਈ ਹੁੰਗਾਰਾ ਨਾ ਮਿਲਿਆ। ਰੋਡ ਸ਼ੋਅ ਦੇ ਰਸਤੇ 'ਚ ਆਉਂਦੇ ਪਿੰਡਾਂ ਦੇ ਲੋਕਾਂ ਨੇ ਵੀ ਸ਼ੋਅ ਦਾ ਬਾਈਕਾਟ ਕੀਤਾ। ਕੇਜਰੀਵਾਲ ਮਜੀਠਾ ਦੇ ਕਿਸੇ ਵਾਸੀ ਨੂੰ ਆਪਣੇ ਨਾਲ ਤੋਰਨ ਵਿੱਚ ਪੂਰੀ ਤਰਾਂ ਅਸਫਲ ਰਿਹਾ ਜਿਸ ਨਾਲ ਅੱਜ ਦਾ ਉਸ ਦਾ ਰੋਡ ਸ਼ੋਅ ਪੂਰੀ ਤਰਾਂ ਫਿੱਕਾ ਤੇ ਫਲਾਪ ਹੋ ਕੇ ਰਹਿਗਿਆ। ਸ: ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮਝੈਲ ਉਹਨਾਂ ਜਿਹੇ ਪੰਜਾਬ ਵਿਰੋਧੀ ਪੰਥ ਵਿਰੋਧੀਆਂ ਨੂੰ ਕਦੀ ਵੀ ਮੂੰਹ ਨਹੀਂ ਲਾਉਣਗੇ।
ਇਸ ਮੌਕੇ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਸ਼ਹੀਦ ਊੱਧਮ ਸਿੰਘ ਨੂੰ ਭਾਵ ਭਿੰਨੀ ਸਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਮਹਾਨ ਸ਼ਹੀਦ ਉਧਮ ਸਿੰਘ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜ਼ੱਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਣ ਲਈ ਜਨਰਲ ਓਡਵਾਇਰ ਨੂੰ ਇੰਗਲੈਂਡ ਵਿੱਚ ਮਾਰ ਮੁਕਾਉਦਿਆਂ ਪੰਜਾਬੀਆਂ ਦੀ ਅਣਖ ਅਤੇ ਸਵੈਮਾਨ ਦਾ ਝੰਡਾ ਬੁਲੰਦ ਕਰ ਵਿਖਾਇਆ ।ਉਹਨਾਂ ਕਿਹਾ ਕਿ ਉਹੀਂ ਕੌਮਾਂ ਅਤੇ ਦੇਸ਼ ਤਰੱਕੀ ਕਰਦੇ ਹਨ ਜਿਹੜੇ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦੇ ਹਨ। ਉਹਨਾਂ ਕਿਹਾ ਕਿ ਸ਼ਹੀਦ ਕਿਸੇ ਇੱਕ ਕੌਮ ਦੇ ਨਹੀਂ ਹੁੰਦੇ ਸਗੋਂ ਸਾਰੇ ਦੇਸ਼ ਵਾਸੀਆਂ ਦੇ ਸਾਂਝੇ ਹੁੰਦੇ ਹਨ ।