ਨਵੀਂ ਦਿੱਲੀ, 1 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਨੂੰ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਆਓ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਉਪਰ ਰਿਫਰੇਂਡਮ ਕਰਵਾਇਆ ਜਾਵੇ।
ਯਾਦ ਰਹੇ ਕਿ ਜੇਤਲੀ 2014 'ਚ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕੈਪਟਨ ਅਮਰਿੰਦਰ ਕੋਲੋਂ ਭਾਰੀ ਵੋਟਾਂ ਨਾਲ ਹਾਰ ਗਏ ਸਨ।
ਇਸ ਲੜੀ ਹੇਠ ਵੀਰਵਾਰ ਨੂੰ ਮੋਦੀ ਸਰਕਾਰ ਵੱਲੋਂ ਸੋਨੇ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਉਪਰ ਸਖ਼ਤ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਇਹ ਸੱਭ ਚੀਜਾਂ ਅਡੋਲਫ ਹਿਟਲਰ ਦੇ ਨਾਜੀ ਜਰਮਨੀ 'ਚ ਹੁੰਦੀਆਂ ਸਨ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਕੀ ਮੋਦੀ ਸਰਕਾਰ ਨਾਜੀ ਵਿਚਾਰਧਾਰਾ ਨੂੰ ਭਾਰਤ 'ਚ ਦੁਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ?
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੋਨਾ ਵਿਆਹ ਦੀ ਖੁਸ਼ੀ ਦਾ ਪ੍ਰਤੀਕ ਹੈ ਅਤੇ ਭਾਰਤੀ ਔਰਤਾਂ ਲਈ ਇਸਦਾ ਬਹੁਤ ਜ਼ਿਆਦਾ ਮਹੱਤਵ ਹੈ। ਜਿਨ੍ਹਾਂ ਨੇ ਇਸ ਸਬੰਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜੇਤਲੀ ਦੀ ਸੋਚ ਉਪਰ ਸਵਾਲ ਕੀਤੇ ਹਨ।
ਜਦਕਿ ਹੈਕਿੰਗ ਦੀਆਂ ਤਾਜ਼ਾ ਘਟਨਾਵਾਂ 'ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕੈਪਟਨ ਅਮਰਿੰਦਰ ਨੇ ਮੋਦੀ ਨੂੰ ਆਪਣੀ ਗੈਰ ਸੰਗਠਿਤ ਨੋਟਬੰਦੀ ਦੀ ਸਕੀਮ ਰਾਹੀਂ ਆਮ ਲੋਕਾਂ ਨੂੰ ਧੋਖੇਬਾਜਾਂ ਦੇ ਸ਼ਿਕਾਰ ਬਣਾਉਣ ਵਿਰੁੱਧ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਸ਼ੁਰੂਆਤ ਨਾਲ ਸਰਕਾਰ ਨੂੰ ਇਸ ਕਦਮ 'ਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਗੈਰ ਸੰਗਠਿਤ ਨੋਟਬੰਦੀ ਦੇ ਕਦਮ ਕਾਰਨ ਆਮ ਲੋਕਾਂ 'ਚ ਬਹੁਤ ਜ਼ਿਆਦਾ ਗੁੱਸਾ ਹੈ। ਜਦਕਿ ਕਾਂਗਰਸ ਦੀਆਂ ਵੈਬਸਾਈਟਾਂ ਦੀ ਹੈਕਿੰਗ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਡਿਜੀਟਲ ਸਿਸਟਮ ਦੀ ਅਸੰਵੇਦਨਸ਼ੀਲ ਨੂੰ ਸਾਹਮਣੇ ਲਿਆ ਦਿੱਤਾ ਹੈ, ਜਿਸਨੂੰ ਅਪਣਾਉਣ 'ਤੇ ਮੋਦੀ ਸਰਕਾਰ ਜ਼ੋਰ ਦੇ ਰਹੀ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਤੇ ਦੂਜਿਆਂ ਸੂਬਿਆਂ ਅੰਦਰ ਕੁਝ ਹੀ ਮਹੀਨਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਲੋਕਾਂ ਦਾ ਗੁੱਸਾ ਖੁਦ ਸਾਹਮਣੇ ਆ ਜਾਵੇਗਾ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਪੂਰੇ ਦੇਸ਼ ਨੂੰ ਨਗਦੀ ਦੇ ਲੈਣ ਦੇਣ ਤੋਂ ਡਿਜੀਟਲ ਟ੍ਰਾਂਜੈਕਸ਼ਨਾਂ ਵੱਲ ਵਧਾਉਣ ਦਾ ਫੈਸਲਾ ਲੈਣ ਤੋਂ ਪਹਿਲਾਂ, ਮੋਦੀ ਨੂੰ ਜ਼ਮੀਨੀ ਹਕੀਕਤਾਂ 'ਤੇ ਵਿਚਾਰ ਕਰਨਾ ਚਾਹੀਦਾ ਸੀ ਅਤੇ ਸਾਈਬਰ ਟ੍ਰਾਂਜੈਕਸ਼ਨਾਂ ਨੂੰ ਸੁਰੱਖਿਅਤ ਬਣਾਉਣਾ ਚਾਹੀਦਾ ਸੀ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿਸ ਅਸਾਨੀ ਨਾਲ ਹੈਕਰਾਂ ਵੱਲੋਂ ਸਾਈਬਰ ਖਾਤਿਆਂ 'ਚ ਪਾੜ ਪਾਇਆ ਜਾ ਰਹੀ ਹੈ, ਇਸ ਤੋਂ ਪਤਾ ਚੱਲਦਾ ਹੈ ਕਿ ਭਾਰਤ 'ਚ ਸਾਈਬਰ ਨੇਟਵਰਕ ਕਿੰਨਾ ਕਮਜ਼ੋਰ ਹੈ ਅਤੇ ਕਿਵੇਂ ਦੇਸ਼ ਡਿਜੀਟਾਈਜੇਸ਼ਨ ਵੱਲ ਵੱਧਣ ਨੂੰ ਲੈ ਕੇ ਬੇਤਿਆਰ ਹੈ, ਜਿਸ ਪੱਧਰ 'ਤੇ ਪ੍ਰਧਾਨ ਮੰਤਰੀ ਚਾਹੁੰਦੇ ਹਨ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਅਸਲਿਅਤ 'ਚ ਮਈ 2015 'ਚ ਆਰ.ਟੀ.ਆਈ ਹੇਠ ਹੋਏ ਖੁਲਾਸੇ 'ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਮੋਦੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਬੈਂਕ ਧੋਖਾਧੜੀ (ਰਿਜਰਵ ਬੈਂਕ ਦੇ ਡਾਟਾ ਮੁਤਾਬਿਕ) 'ਚ 100 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਹਾਲੇ 'ਚ ਵੱਡੇ ਪੱਧਰ 'ਤੇ ਵਿਤੀ ਹੈਕਿੰਗ ਧੋਖਾਧੜੀ ਦਾ ਵੀ ਜ਼ਿਕਰ ਕੀਤਾ ਹੈ, ਜਿਸ 'ਚ ਆਨਲਾਈਨ ਸਿਕਿਓਰਿਟੀ 'ਚ ਪਾੜ ਲੱਗਣ ਕਾਰਨ ਕਈ ਪ੍ਰਮੁੱਖ ਬੈਂਕਾਂ ਦੇ 3.2 ਮਿਲੀਅਨ ਡੇਬਿਟ ਕਾਰਡ ਖਤਰੇ 'ਚ ਪੈ ਗਏ ਸਨ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਆਨਲਾਈਨ ਬੈਂਕਿੰਗ 'ਚ ਸ਼ਾਮਿਲ ਖਤਰਿਆਂ ਪ੍ਰਤੀ ਅੱਖਾਂ ਬੰਦ ਕੀਤੇ ਪ੍ਰਤੀਤ ਹੁੰਦੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਤੁਹਾਡੀ ਅਜਿਹੀ ਅਦੂਰਦਰਸ਼ੀ ਸੋਚ ਹੈ ਕਿ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕਿ ਕਿਸ ਤਰ੍ਹਾਂ ਤੁਹਾਡੇ ਅਸੰਵੇਦਨਸ਼ੀਲ ਕਦਮ ਨੇ ਪੂਰੇ ਦੇਸ਼ ਨੂੰ ਵਿੱਤੀ ਅਰਾਜਕਤਾ ਦੀ ਸਥਿਤੀ 'ਚ ਧਕੇਲ ਦਿੱਤਾ ਹੈ ਅਤੇ ਕਿਸ ਤਰ੍ਹਾਂ ਤੁਹਾਡੀ ਸਰਕਾਰ ਬੁਰੇ ਹਾਲਾਤਾਂ ਦਾ ਸਾਹਮਣਾ ਕਰਨ ਨੂੰ ਬੇਤਿਆਰ ਹੈ?
ਉਨ੍ਹਾਂ ਨੇ ਕਿਹਾ ਕਿ ਕਈ ਹੈਕਿੰਗ ਤੇ ਬੈਂਕਿੰਗ ਧੋਖਾਧੜੀ ਦੀਆਂ ਘਟਨਾਵਾਂ ਸਾਹਮਣੇ ਆਉਣ ਦੇ ਬਾਵਜੂਦ, ਮੋਦੀ ਸਰਕਾਰ ਸਿਸਟਮ ਨੂੰ ਸੁਰੱਖਿਅਤ ਬਣਾਉਣ 'ਚ ਨਾਕਾਮ ਰਹੀ ਹੈ। ਜਿਹੜਾ ਕਦਮ ਉਨ੍ਹਾਂ ਨੂੰ ਨੋਟਬੰਦੀ ਦੇ ਕਠੋਰ ਕਦਮ 'ਤੇ ਵੱਧਣ ਦਾ ਇਰਾਦਾ ਬਣਾਉਣ ਤੋਂ ਪਹਿਲਾਂ ਚੁੱਕਣਾ ਚਾਹੀਦਾ ਸੀ।
ਇਸੇ ਤਰ੍ਹਾਂ, ਆਉਂਦੀਆਂ ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਦੇ ਸਬੰਧ 'ਚ ਇਕ ਸਵਾਲ 'ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ 3 ਦਸੰਬਰ ਨੂੰ ਏ.ਆਈ.ਸੀ.ਸੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਚੋਣ ਕਮੇਟੀ ਦੀ ਮੀਟਿੰਗ 'ਚ ਸਾਰੀਆਂ ਸੀਟਾਂ ਨੂੰ ਫਾਈਨਲ ਕਰ ਲਿਆ ਜਾਵੇਗਾ।
ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਜਾਣ 'ਤੇ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜ਼ਲਦੀ ਹੀ ਉਨ੍ਹਾਂ ਨਾਲ ਮੁਲਾਕਾਤ ਹੋਵੇਗੀ ਅਤੇ ਕਿਹਾ ਕਿ ਸਿੱਧੂ ਪੰਜਾਬ ਕਾਂਗਰਸ ਦੇ ਚੋਣ ਪ੍ਰਚਾਰ 'ਚ ਇਕ ਅਹਿਮ ਭੂਮਿਕਾ ਨਿਭਾਉਣਗੇ।
ਐਸ.ਵਾਈ.ਐਲ ਮੁੱਦੇ ਉਪਰ, ਕੈਪਟਨ ਅਮਰਿੰਦਰ ਨੇ ਮੁੱਖ ਮਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੋਚ 'ਤੇ ਸਵਾਲ ਕੀਤਾ ਕਿ ਕਿਉਂ ਉਨ੍ਹਾਂ ਨੇ ਬੀਤੇ 10 ਸਾਲਾਂ ਦੌਰਾਨ ਪੰਜਾਬ ਦੇ ਪਾਣੀਆਂ ਦੀ ਰਾਖੀ ਖਾਤਿਰ ਕੁਝ ਨਹੀਂ ਕੀਤਾ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਅਸਲਿਅਤ 'ਚ ਬਾਦਲ ਨੇ ਆਪ੍ਰੇਸ਼ਨ ਬਲੂਸਟਾਰ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ 'ਚ ਅਰਦਾਸ 'ਤੇ ਕਿਹਾ ਸੀ ਕਿ ਟੈਂਕਾਂ ਨੂੰ ਸ੍ਰੀ ਹਰਿਮੰਦਰ ਸਾਹਿਬ 'ਚ ਵੜਨ ਤੋਂ ਪਹਿਲਾਂ ਉਨ੍ਹਾਂ ਦੀਆਂ ਲਾਸ਼ਾਂ ਤੋਂ ਹੋ ਕੇ ਗੁਜਰਨਾ ਪਵੇਗਾ, ਲੇਕਿਨ ਉਨ੍ਹਾਂ ਦੇ ਸ਼ਬਦਾਂ ਦੀ ਪ੍ਰੀਖਿਆ ਵੇਲੇ ਉਹ ਭੱਜ ਖੜ੍ਹੇ ਹੋਏ ਸਨ। ਜਿਨ੍ਹਾਂ ਨੇ ਬਾਦਲਾਂ 'ਤੇ ਕਾਇਰ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਨ੍ਹਾਂ 'ਤੇ ਐਸ.ਵਾਈ.ਐਲ ਜਾਂ ਕਿਸੇ ਹੋਰ ਮੁੱਦੇ ਨੂੰ ਲੈ ਕੇ ਭਰੋਸਾ ਨਹੀਂ ਕੀਤਾ ਜਾ ਸਕਦਾ।