ਕੋਰੋਨਾ ਸੰਕਟ ਦੇ ਪੁਰਾਣੇ ਦਾਗ ਧੋਣ ’ਚ ਸਫਲ ਹੋਇਆ ‘ਪਠਲਾਵਾ’, ਇਸ ਪਿੰਡ ’ਚ ਆਇਆ ਸੀ ਪੰਜਾਬ ਦਾ ਪਹਿਲਾ ਮਰੀਜ਼
ਅਸ਼ੋਕ ਵਰਮਾ
ਚੰਡੀਗੜ੍ਹ,23 ਮਈ 2021: ਨਵਾਂਸ਼ਹਿਰ ਜਿਲ੍ਹੇ ਦੇ ਪਿੰਡ ਪਠਲਾਵਾ ਨੇ ਕਰੋਨਾ ਵਾਇਰਸ ਨਾਲ ਜੁੜੇ ਪੁਰਾਣੇ ਦਾਗ ਧੋ ਦਿੱਤੇ ਹਨ। ਕਰੋਨਾ ਦੀ ਪਿਛਲੀ ਲਹਿਰ ਦੌਰਾਨ ਬੇਹੱਦ ਗੰਭੀਰ ਸੰਕਟ ’ਚ ਫਸਿਆ ਪਿੰਡ ਪਠਲਾਵਾ ਹੁਣ ਬਾਕੀ ਪੰਜਾਬ ਲਈ ਰਾਹ ਦਸੇਰਾ ਬਣਨ ਲੱਗਿਆ ਹੈ। ਸੰਕਟ ਦੌਰਾਨ ਸਿੱਖੇ ਸਬਕ ਹੁਣ ਪਿੰਡ ਵਾਸੀਆਂ ਦੇ ਕੰਮ ਆਉਣ ਲੱਗੇ ਹਨ। ਪੰਜਾਬ ਦਾ ਪਹਿਲਾ ਕਰੋਨਾ ਮਰੀਜ਼ ਗਿਆਨੀ ਬਲਦੇਵ ਸਿੰਘ ਇਸੇ ਪਿੰਡ ਦਾ ਸੀ ਜਿਸ ਦੀ 18 ਮਾਰਚ 2020 ਨੂੰ ਮੌਤ ਹੋਈ ਸੀ ਜਿਸ ਤੋਂ ਬਾਅਦ ਪਠਲਾਵਾ ਪੰਜਾਬ ’ਚ ਕਰੋਨਾ ਦਾ ਕੇਂਦਰ ਬਿੰਦੂ ਬਣ ਗਿਆ ਸੀ। ਬਲਦੇਵ ਸਿੰਘ ਤੋਂ ਕਰੋਨਾ ਦੀ ਲਾਗ ਦਾ ਪਸਾਰਾ ਹੋਇਆ ਅਤੇ ਡੇਢ ਦਰਜਨ ਕਰੋਨਾ ਦੇ ਕੇਸ ਸਾਹਮਣੇ ਆਏ ਸਨ ਜਿਸ ਕਰਕੇ ਪਠਲਾਵਾ ਦੋ ਮਹੀਨੇ ਪੂਰੀ ਤਰਾਂ ਬਾਕੀ ਮੁਲਕ ਤੋਂ ਕੱਟਿਆ ਰਿਹਾ ਸੀ ਜਦੋਂਕਿ ਆਸ ਪਾਸ ਦੇ ਵੱਡੀ ਗਿਣਤੀ ਪਿੰਡਾਂ ਨੂੰ ਸੀਲ ਕਰਨਾ ਇਸ ਤੋਂ ਵੱਖਰਾ ਸੀ।
ਵੱਡੀ ਗੱਲ ਹੈ ਕਿ ਇਸ ਪਿੰਡ ਨੂੰ ‘ਸਮਾਜਿਕ ਬਾਈਕਾਟ’ ਵਰਗੇ ਮਾਹੌਲ ’ਚੋਂ ਲੰਘਣਾ ਪਿਆ ਸੀ । ਇਹ ਨਹੀਂ ਕਿ ਐਤਕੀ ਪਿੰਡ ’ਚ ਕੋਈ ਸਮੱਸਿਆ ਨਹੀਂ ਆਈ ਬਲਕਿ ਕਰੀਬ ਢਾਈ ਹਜਾਰ ਦੀ ਅਬਾਦੀ ਵਾਲੇ ਇਸ ਪਿੰਡ ’ਚ ਦੂਸਰੀ ਲਹਿਰ ਮੌਕੇ 10 ਵਿਅਕਤੀ ਪਾਜ਼ੇਟਿਵ ਆਏ ਹਨ ਜਿਨ੍ਹਾਂ ਚੋ ਦੋ ਦੀ ਜਾਨ ਵੀ ਜਾਂਦੀ ਰਹੀ ਹੈ। ਇਸ ਨੂੰ ਦੇਖਦਿਆਂ ਪੰਚਾਇਤ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰੋਨਾ ਨੂੰ ਹਰਾਉਣ ਦੀ ਧਾਰ ਲਈ ਤਾਂ ਸਮੁੱਚਾ ਪਠਲਾਵਾ ਇੱਕ ਮੋਰੀ ਨਿੱਕਲ ਗਿਆ। ਹੁਣ ਪਿੰਡ ਵਾਸੀਆਂ ਨੇ ਆਪਣੇ ਜਿੰਦਗੀ ਜਿਉਣ ਦੇ ਢੰਗ ਨੂੰ ਇੱਕ ਨਵਾਂ ਮੋੜ ਦਿੱਤਾ ਹੈ। ਪਿੰਡ ਵਾਸੀ ਬਿਨਾਂ ਮਾਸਕ ਘਰਾਂ ਤੋਂ ਨਹੀਂ ਨਿੱਕਲਦੇ ਹਨ ਤੇ ਜੇਕਰ ਕੋਈ ਅਜਿਹਾ ਮਾਮਲਾ ਆ ਜਾਏ ਤਾਂ ਮਸਲਾ ਪੰਚਾਇਤ ਕੋਲ ਪੁੱਜਦਾ ਹੈ। ਪਿੰਡ ਦੇ ਸਰਪੰਚ ਹਰਪਾਲ ਸਿੰਘ ਦਾ ਕਹਿਣਾ ਸੀ ਕਿ ਅਜਿਹੇ ਲੋਕਾਂ ਨੂੰ ਮਾਸਕ ਪਾਉਣ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰਾਂ ਹੀ ਸੋਸ਼ਲ ਡਿਸਟੈਂਸਿੰਗ ਦੀ ਲਗਾਤਾਰ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਸ਼ਾਦੀ ਅਤੇ ਭੋਗ ਆਦਿ ਸਮਾਗਮਾਂ ਦੌਰਾਨ 10 ਜਣਿਆਂ ਦੇ ਸ਼ਾਮਲ ਹੋਣ ਦਾ ਨਿਯਮ ਹੈ ਜੋ ਦੂਰ ਦੂਰ ਬੈਠਦੇ ਹਨ। ਇਸੇ ਤਰਾਂ ਹੀ ਘਰ ਆਏ ਮਹਿਮਾਨਾਂ ਨੂੰ ਚਾਹ ਜਾਂ ਕੋਲਡ ਡਰਿੰਕ ਨਹੀਂ ਬਲਕਿ ਕਾੜ੍ਹਾ ਪਰੋਸਿਆ ਜਾਂਦਾ ਹੈ। ਇਸ ਤੋਂ ਬਿਨਾਂ ਵੀ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਲਾਈਆਂ ਪੇਸ਼ਬੰਦੀਆਂ ਨੂੰ ਪੂਰੀ ਤਰਾਂ ਲਾਗੂ ਕੀਤਾ ਗਿਆ ਹੈ। ਪਿੰਡ ਵਾਸੀ ਬਿਨਾਂ ਕੰਮ ਤੋਂ ਘਰੋਂ ਬਾਹਰ ਜਾਣ ਤੋਂ ਪੂਰੀ ਤਰਾਂ ਪਾਸਾ ਵੱਟਣ ਲੱਗੇ ਹਨ। ਪਿੰਡ ਵਾਸੀਆਂ ਦਾ ਪ੍ਰਤੀਕਰਮ ਸੀ ਕਿ ਪਠਲਾਵਾ ਨੇ ਪਿਛਲੇ ਸਾਲ ਸਮਾਜਿਕ ਮੌਤ ਝੱਲੀ ਹੈ ਅਤੇ ਲੋਕਾਂ ਨੂੰ ਸਹਿਮ ’ਚੋਂ ਕੱਢਣ ਦੀ ਥਾਂ ਸਰਕਾਰੀ ਅਮਲੇ ਫੈਲੇ ਵੱਲੋਂ ਖੁਦ ਪਿੰਡ ਦੇ ਲੋਕਾਂ ਨਾਲ ਕੀਤਾ ਗਿਆ ਅਛੂਤਾਂ ਵਾਲਾ ਵਿਵਹਾਰ ਅੱਜ ਵੀ ਉਨ੍ਹਾਂ ਦੇ ਚੇਤਿਆਂ ’ਚ ਕਾਇਮ ਹੈ।
ਉਨ੍ਹਾਂ ਆਖਿਆ ਕਿ ਜਾਣੇ-ਅਣਜਾਣੇ ’ਚ ਕਿਸੇ ਇੱਕ ਦੇ ਕਸੂਰ ਦੀ ਸਜ਼ਾ ਪੂਰੇ ਪਿੰਡ ਨੇ ਭੁਗਤੀ ਹੈ ਉਹ ਕਿਸ ਤਰਾਂ ਭੁੱਲ ਸਕਦੇ ਹਨ। ਉਨ੍ਹਾਂ ਕਿਹਾ ਕਿ ਕਰਕੇ ਉਹ ਖੁਦ ਵੀ ਹਰ ਪੱਖ ਤੋਂ ਚੌਕਸ ਰਹਿਣ ਨੂੰ ਤਰਜੀਹ ਦਿੰਦੇ ਹਨ ਅਤੇ ਹੋਰਨਾਂ ਨੂੰ ਕਰੋਨਾ ਪ੍ਰਤੀ ਮੁਸਤੈਦੀ ਦਾ ਪਾਠ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਪਿਛਲੀ ਵਾਰ ਸਰਕਾਰ ਨੇ ਬਣਦਾ ਰੋਲ ਨਹੀਂ ਨਿਭਾਇਆ ਜਿਸ ਦੇ ਚੱਲਦਿਆਂ ਪਿੰਡ ਕਈ ਮਹੀਨੇ ਸਹਿਮ ਵਿੱਚ ਰਿਹਾ ਪਰ ਐਤਕੀਂ ਸਾਰੇ ਲੋਕ ਹੀ ਸਿਆਣੇ ਹੋ ਗਏ ਹਨ ਅਤੇ ਹਰ ਕੋਈ ਗਲ੍ਹਤੀ ਕਰਨ ਤੋਂ ਪਾਸਾ ਵੱਟਣ ਲੱਗਿਆ ਹੈ ਜਿਸ ਕਾਰਨ ਕਰੋਨਾ ਸੰਕਟ ਤੋਂ ਬਚਾਅ ਰਿਹਾ ਹੈ।
ਹਸਪਤਾਲ ’ਚ ਸਹੂਲਤਾਂ ਦੇ ਪ੍ਰਬੰਧ-ਸਰਪੰਚ
ਪਠਲਾਵਾ ’ਚ ਚੱਲ ਰਹੇ ਸ਼੍ਰੀਮਾਨ ਸੰਤ ਬਾਬਾ ਘਨਈਆ ਸਿੰਘ ਜੀ ਚੈਰੀਟੇਬਲ ਹਸਪਤਾਲ ਨੂੰ ਪਿੰਡ ਦੇ ਸਰਪੰਚ ਨੇ ਅੱਧੀ ਦਰਜਨ ਸੈਟ ਆਕਸੀਜ਼ਨ ਕੰਸਟਰੈਟਰ ਖਰੀਦ ਕੇ ਦਿੱਤੇ ਹਨ ਤਾਂ ਜੋ ਕਰੋਨਾ ਦਾ ਮੁਢਲਾ ਇਲਾਜ ਪਿੰਡ ’ਚ ਹੀ ਸੰਭਵ ਹੋ ਸਕੇ। ਸਰਪੰਚ ਹਰਪਾਲ ਸਿੰਘ ਦੱਸਿਆ ਕਿ ਆਕਸੀਜ਼ਨ ਦੀ ਘਾਟ ਨੂੰ ਦੇਖਦਿਆਂ ਹਸਪਤਾਲ ’ਚ ਆਕਸੀਜ਼ਨ ਪਲਾਂਟ ਲਗਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ Ç ਹਸਪਤਾਲ ਕੋਲ ਅਧੁਨਿਕ ਕਿਸਮ ਦੀ ਇੱਕ ਐਂਬੂਲੈਂਸ ਹੈ ਜਦੋਂਕਿ ਅਤੀਆਧੁਨਿਕ ਸੁਵਿਧਾਵਾਂ ਵਾਲੀ ਹੋਰ ਐਂਬੂਲਸ ਖਰੀਦਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ’ਚ ਤਿੰਨ ਡਾਕਟਰ ਹਨ ਜਿੰਨ੍ਹਾਂ ਦੀ ਅਗਵਾਈ ਹੇਠ ਇਹ ਚੈਰੀਟੇਬਲ ਹਸਪਤਾਲ ਪਿੰਡ ਵਾਸੀਆਂ ਨੂੰ ਮੈਡੀਕਲ ਸਹੂਲਤਾਂ ਦਿੰਦਾ ਹੈ।
ਸਵੈਜਾਬਤਾ ਬਨਾਉਣ ਦੀ ਲੋੜ
ਸੰਤ ਬਾਬਾ ਘਨੱਈਆ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਸੰਕਟ ਤੋਂ ਸਬਕ ਸਿੱਖਿਆ ਹੈ ਜਿਸ ਦੇ ਅਧਾਰ ਤੇ ਹੁਣ ਦੂਸਰੀ ਲਹਿਰ ਦਾ ਪ੍ਰਕੋਪ ਹੋਣ ਦੇ ਬਾਵਜੂਦ ਪਠਲਾਵਾ ’ਚ ਜਿੰਦਗੀ ਧੜਕਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਨੇ ਉਹ ਮੰਜ਼ਰ ਵੀ ਦੇਖਿਆ ਹੈ ਜਦੋਂ ਦਰਜਨਾਂ ਲੋਕ ਡਿਪਰੈਸ਼ਨ ਵਿਚ ਚਲੇ ਗਏ ਸਨ ਪਰ ਇਸ ਵਾਰ ਉਨ੍ਹਾਂ ਨੇ ਖੁਦ ਨੂੰ ਵਕਤ ਅਨੁਸਾਰ ਢਾਲ ਲਿਆ ਜੋ ਸਮਾਜ ਲਈ ਸ਼ੁਭ ਸ਼ਗਨ ਹੈ । ਉਨ੍ਹਾਂ ਕਿਹਾ ਕਿ ਹੁਣ ਹਰ ਕਿਸੇ ਨੂੰ ਸਵੈਜਾਬਤਾ ਬਨਾਉਣਾ ਹੀ ਪੈਣਾ ਹੈ ਕਿਉਂਕਿ ਹੋਰ ਕੋਈ ਚਾਰਾ ਵੀ ਨਹੀ ਬਚਿਆ ਹੈ।