ਮੁੰਬਈ, 6 ਦਸੰਬਰ, 2016 : ਜੈੱਟ ਏਅਰਵੇਜ਼ ਨੇ ਆਪਣੀ ਇਕਨਾਮੀ ਕਲਾਸ ਦੀਆਂ ਟਿਕਟਾਂ 'ਚ 20 ਫੀਸਦੀ ਤਕ ਦੀ ਕਟੌਤੀ ਕਰ ਦਿੱਤੀ ਹੈ। ਕਿਰਾਏ 'ਚ ਕਮੀ ਦਾ ਫਾਇਦਾ ਸੀਮਤ ਸਮੇਂ ਲਈ ਚੋਣਵੇਂ ਰਾਸ਼ਟਰੀ ਅਤੇ ਕੌਮਾਂਤਰੀ ਮਾਰਗਾਂ 'ਤੇ ਹੀ ਉਠਾਇਆ ਜਾ ਸਕੇਗਾ। ਜੈੱਟ ਏਅਰਵੇਜ਼ ਨੇ ਸੋਮਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ। ਕੰਪਨੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਘੱਟ ਕੀਮਤ ਵਾਲੇ ਇਨ੍ਹਾਂ ਟਿਕਟਾਂ ਦੀ ਵਿਕਰੀ ਸੋਮਵਾਰ ਤੋਂ ਅਗਲੇ 4 ਦਿਨਾਂ ਤਕ ਹੋਵੇਗੀ। ਇਨ੍ਹਾਂ ਟਿਕਟਾਂ ਰਾਹੀਂ ਘਰੇਲੂ ਮਾਰਗਾਂ 'ਤੇ 5 ਜਨਵਰੀ 2017 ਤੋਂ ਹਵਾਈ ਯਾਤਰਾ ਕੀਤੀ ਜਾ ਸਕੇਗੀ। ਦੂਜੇ ਪਾਸੇ ਕੌਮਾਂਤਰੀ ਮਾਰਗ ਲਈ ਜੋ ਟਿਕਟ ਖਰੀਦੇ ਜਾਣਗੇ ਉਨ੍ਹਾਂ 'ਤੇ ਤਤਕਾਲ ਯਾਤਰਾ ਕਰਨੀ ਹੋਵੇਗੀ।
ਏਅਰਲਾਈਨ ਨੇ ਕਿਹਾ ਕਿ ਚੋਣਵੇਂ ਘਰੇਲੂ ਮਾਰਗਾਂ 'ਤੇ ਟਿਕਟ 899 ਰੁਪਏ ਤੋਂ ਸ਼ੁਰੂ ਹੋਣਗੇ। ਇਸ ਦੇ ਇਲਾਵਾ ਚੋਣਵੇਂ ਕੌਮਾਂਤਰੀ ਮਾਰਗਾਂ ਲਈ ਟਿਕਟ ਦੀਆਂ ਕੀਮਤਾਂ 10,693 ਰੁਪਏ ਹੋਣਗੀਆਂ। ਜੈੱਟ ਏਅਰਵੇਜ਼ ਮੁਤਾਬਕ, ਮੁੰਬਈ-ਦੁਬਈ ਮਾਰਗ ਲਈ ਇਕ ਪਾਸੇ ਦਾ ਕਿਰਾਇਆ 11,999 ਰੁਪਏ ਹੋਵੇਗਾ, ਜਦੋਂ ਕਿ ਦਿੱਲੀ-ਸਿੰਗਾਪੁਰ ਲਈ ਇਹ 21,722 ਰੁਪਏ ਹੋਵੇਗਾ। ਇਸੇ ਤਰ੍ਹਾਂ ਇਕਨਾਮੀ ਕਲਾਸ 'ਚ ਪੈਰਿਸ ਤੋਂ ਹੈਦਰਾਬਾਦ ਦੀ ਯਾਤਰਾ ਲਈ ਸਿਰਫ 35,702 ਰੁਪਏ ਅਦਾ ਕਰਨੇ ਹੋਣਗੇ। ਜੇਕਰ ਘਰੇਲੂ ਮਾਰਗਾਂ ਦੀ ਗੱਲ ਕਰੀਏ ਤਾਂ ਕੋਲਕਾਤਾ-ਗੁਹਾਟੀ ਲਈ ਕਿਰਾਇਆ 1,494 ਰੁਪਏ ਹੋਵੇਗਾ, ਜਦੋਂ ਕਿ ਹੈਦਰਾਬਾਦ-ਪੁਣੇ ਲਈ ਕਿਰਾਇਆ 1,880 ਰੁਪਏ ਹੋਵੇਗਾ।