ਡੀ ਸੀ ਫਰੀਦਕੋਟ ਫੇਸਬੁੱਕ ਲਾਈਵ ਰਾਹੀਂ ਜ਼ਿਲ੍ਹਾ ਵਾਸੀਆਂ ਦੇ ਹੋਏ ਰੂਬਰੂ
ਪਰਵਿੰਦਰ ਸਿੰਘ ਕੰਧਾਰੀ
- ਲੋਕਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ
ਫ਼ਰੀਦਕੋਟ 6 ਮਈ 2021 - ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਬੀਤੀ ਸ਼ਾਮ ਆਪਣੇ ਫੇਸਬੁੱਕ ਲਾਈਵ ਰਾਹੀਂ ਜਿਲਾ ਵਾਸੀਆਂ ਦੇ ਰੂਬਰੂ ਹੋ ਕੇ ਕਰੋਨਾ ਸਬੰਧੀ ਤਾਜ਼ਾ ਸਥਿਤੀ, ਇਸ ਤੋਂ ਬਚਾਅ ਆਦਿ ਸਮੇਤ ਹੋਰ ਮੁੱਦਿਆਂ ਬਾਰੇ ਗੱਲ ਕੀਤੀ।
ਉਨ੍ਹਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਦਾ ਦੂਸਰਾ ਦੌਰ ਚੱਲ ਰਿਹਾ ਹੈ ਜ਼ੋ ਕਿ ਪਹਿਲੀ ਫੇਜ਼ ਨਾਲੋ ਬਹੁਤ ਹੀ ਜਿਆਦਾ ਖਤਰਨਾਕ ਹੈ। ਇਸ ਨਹੀ ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਰਹਿਣ ਅਤੇ ਬਿਨਾ ਵਜਾ ਸੜਕਾਂ,ਬਾਜ਼ਾਰਾਂ ਜਾਂ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਨਾ ਜਾਣ।ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਪਹਿਲਾਂ ਹੀ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤਾਂ ਕਰਫਿਊ ਚੱਲ ਰਿਹਾ ਹੈ।
ਇਸ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਨੂੰ ਪੂਰੀ ਤਰ੍ਹਾਂ ਲਾਕਡਾਊਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸ਼ਾਮ 5 ਵਜੇ ਤੱਕ ਖੁੱਲਣਗੀਆਂ ਅਤੇ ਗੈਰ ਜ਼ਰੂਰੀ ਚੀਜਾਂ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਖੋਲ੍ਹਣ ਸਮੇਂ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣ ਕਰਨ।ਇਸ ਦੇ ਨਾਲ ਹੀ ਪ੍ਰਾਈਵੇਟ ਕੰਪਨੀਆਂ ਦੇ ਮੁਲਾਜਮ/ਅਧਿਕਾਰੀ ਘਰਾਂ ਤੋਂ ਹੀ ਆਪਣਾ ਕੰਮ ਜਾਰੀ ਰੱਖਣਗੇ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿਲ੍ਹੇ ਵਿੱਚ ਕੁਲ 111875 ਹਜ਼ਾਰ ਦੇ ਕਰੀਬ ਲੋਕਾਂ ਦੀ ਸੈਪਲਿੰਗ ਕੀਤੀ ਗਈ ਹੈ। ਜਿਲ੍ਹੇ ਵਿੱਚ 1300 ਦੇ ਕਰੀਬ ਪਾਜੀਟਿਵ ਕੇਸ ਹਨ। ਉਨ੍ਹਾਂ ਕਿਹਾ ਕਿ ਕਰੋਨਾ ਦਾ ਇਹ ਸਟਰੇਨ ਬਹੁਤ ਹੀ ਖਤਰਨਾਕ ਹੈ, ਇਸ ਲਈ ਕੋਈ ਵੀ ਲਾਪਰਵਾਹੀ ਨਾ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਵਿੱਚ ਡਿਜਾਸਟਰ ਮੈਨੇਂਜਮੈਂਟ ਐਕਟ ਅਤੇ ਐਪੀਡੈਮਿਕ ਡੀਸਿਜ਼ ਐਕਟ ਨੂੰ ਲਾਗੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ। ਇਸ ਲਈ ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਜਿਵੇਂ ਕਿ ਦੀ ਪਾਲਣਾ ਕਰਨ ਤਾਂ ਜ਼ੋ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ।