ਡੇਰਾ ਪੈਰੋਕਾਰਾਂ ਨੇ ਕਰੋਨਾ ਯੋਧਿਆਂ ਨੂੰ ਭੇਂਟ ਕੀਤੀਆਂ ਫਲਾਂ ਦੀਆਂ ਟੋਕਰੀਆਂ
ਅਸ਼ੋਕ ਵਰਮਾ
ਬਠਿੰਡਾ, 7 ਮਈ2021: ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ਨੇ ਅੱਜ ਬਠਿੰਡਾ-ਡੱਬਵਾਲੀ ਰੋਡ ’ਤੇ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ (ਏਮਜ਼) ’ਚ ਸਮੂਹ ਸਟਾਫ ਨੂੰ ਫਲਾਂ ਦੀਆਂ ਟੋਕਰੀਆਂ ਭੇਂਟ ਕੀਤੀਆਂ ਅਤੇ ਕਰੋਨਾ ਸੰਕਟ ’ਚ ਅਹਿਮ ਭੂਮਿਕਾ ਨਿਭਾ ਰਹੇ ਇੰਨ੍ਹਾਂ ਕਰੋਨਾ ਯੋਧਿਆਂ ਦੀ ਹੌਂਸਲਾ ਅਫਜਾਈ ਵਜੋਂ ਸੈਲੂਟ ਕੀਤਾ ਹੈ। ਡੇਰਾ ਪ੍ਰੇਮੀਆਂ ਦਾ ਕਹਿਣਾ ਸੀ ਕਿ ਮਹਾਂਮਾਰੀ ਇਸ ਕਹਿਰ ਦੌਰਾਨ ਜਦੋਂ ਹਰ ਕੋਈ ਕੋਰੋਨਾ ਤੋਂ ਬਚਣ ਲਈ ਆਪਣੇ ਘਰਾਂ ’ਚ ਕੈਦ ਹੈ ਤਾਂ ਠੀਕ ਉਸ ਵੇਲੇ ਲੋਕਾਂ ਦੀ ਜਾਨ ਦੀ ਰਾਖੀ ਲਈ ਜਾਨ ਹੂਲਵੀਂ ਡਿਊਟੀ ਨਿਭਾ ਰਹੇ ਡਾਕਟਰਾਂ, ਹਸਪਤਾਲਾਂ ਦੇ ਸਟਾਫ, ਐਂਬੂਲੈਂਸ ਦੇ ਡਰਾਈਵਰਾਂ ਤੇ ਪੁਲਿਸ ਮੁਲਾਜ਼ਮਾਂ ਦੋ ਹੌਂਸਲਾ ਵਧਾਉਣ ਲਈ ਇਹ ਜਰੂਰੀ ਹੈ ਕਿ ਸਾਰਾ ਸਮਾਜ ਉਨ੍ਹਾਂ ਦੇ ਬਾਰਬਰ ਖਲੋਤਾ ਦਿਖਾਈ ਦੇਵੇ ਤਾਂ ਜੋ ਉਹ ਬੁਲੰਦ ਹੌਂਸਲੇ ਨਾਲ ਸੇਵਾਵਾਂ ਜਾਰੀ ਰੱਖ ਸਕਣ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜ਼ਿਲ੍ਹਾ ਬਠਿੰਡਾ ਦੇ ਬਲਾਕ ਬਠਿੰਡਾ, ਰਾਮਾਂ-ਨਸੀਬਪੁਰਾ, ਬਾਂਡੀ ਅਤੇ ਮੌੜ ਮੰਡੀ ਇਲਾਕੇ ਨਾਲ ਸਬੰਧ ਰੱਖਣ ਵਾਲੇ ਡੇਰਾ ਸ਼ਰਧਾਲੂ ਏਮਜ਼ ਪੁੱਜੇ ਅਤੇ ਕਰੀਬ 400 ਕਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਏਮਜ਼ ਦੇ ਡਾਇਰੈਕਟਰ ਡਾ. ਡੀ ਕੇ ਸਿੰਘ ਨੇ ਡੇਰਾ ਪੈਰੋਕਾਰਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਸੰਕਟ ਦੌਰਾਨ ਹੌਂਸਲਾ ਵਧਾਊ ਕਾਰਵਾਈ ਦੱਸਿਆ। ਏਮਜ਼ ਦੇ ਡੀਨ ਡਾ. (ਕਰਨਲ) ਸਤੀਸ਼ ਗੁਪਤਾ ਦਾ ਕਹਿਣਾ ਸੀ ਕਿ ਸ਼ਰਧਾਲੂਆਂ ਵੱਲੋਂ ਕੀਤਾ ਗਿਆ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸੇਵਾਦਾਰਾਂ ਦੇ ਇਸ ਸਨਮਾਨ ਨਾਲ ਫਰੰਟਲਾਈਨ ਵਰਕਰਾਂ ਦਾ ਹੌਂਸਲਾ ਵਧੇਗਾ ਅਤੇ ਉਹ ਆਪਣੀਆਂ ਸੇਵਾਵਾਂ ਹੋਰ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਡੇਰਾ ਪ੍ਰਬੰਧਕ ਗੁਰਮੇਲ ਸਿੰਘ ਅਤੇ ਰਣਜੀਤ ਸਿੰਘ ਨੇ ਕਿਹਾ ਅੱਜ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਨੂੰ ਫ਼ਲਾਂ ਦੀ ਕਿੱਟ (ਮੌਸੰਮੀ, ਨਿੰਬੂ, ਅਨਾਰ, ਅੰਬ) ਅਤੇ ਈਮੂਬੂਸਟ (ਐਮਐਸਜੀ ਕਾੜ੍ਹਾ) ਭੇਂਟ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸੇਵਾਦਾਰਾਂ ਨੇ ਸਰਕਾਰ ਵਲੋਂ ਜਾਰੀ ਕੋਵਿਡ ਗਾਈਡਲਾਈਨਜ਼ ਦੀ ਪਾਲਣਾ ਕਰਦਿਆਂ ਅੱਜ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਹੋਰਨਾਂ ਨੂੰ ਵੀ ਸਰਕਾਰ ਦੇ ਦਿਸ਼ਾ ਨਿਰਦੇਸ਼ ਮੰਨਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਅਸੀਂ ਅੱਜ ਵੀ ਨਾਂ ਸੰਭਲੇ ਤਾਂ ਦਿੱਕਤਾਂ ਵਧ ਸਕਦੀਆਂ ਹਨ। ਇਸ ਮੌਕੇ ਗੁਰਦੇਵ ਸਿੰਘ ਬਠਿੰਡਾ ਬਲਜਿੰਦਰ ਸਿੰਘ ਬਾਂਡੀ ਅਤੇ ਸ਼ਿੰਦਰਪਾਲ ਪੱਕਾ ਕਲਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦਿਨ-ਬ-ਦਿਨ ਭਿਆਨਕ ਰੂਪ ਧਾਰ ਰਹੀ ਹੈ ਅਤੇ ਕਰੋਨਾ ਯੋਧੇ ਆਪਣਾ ਫਰਜ਼ ਨਿਭਾ ਰਹੇ ਹਨ ਇਸ ਲਈ ਸਾਡਾ ਵੀ ਫ਼ਰਜ ਹੈ ਕਿ ਅਸੀਂ ਵੀ ਇਨ੍ਹਾਂ ਦਾ ਸਾਥ ਦੇਈਏ। ਉਨ੍ਹਾਂ ਆਖਿਆ ਕਿ ਸਰਕਾਰ ਸਾਡੀ ਸਿਹਤ ਦੀ ਰਖਵਾਲੀ ਦੇ ਮੱਦੇਨਜ਼ਰ ਨਿੱਤ ਗਾਈਡਲਾਈਨਜ਼ ਜਾਰੀ ਕਰ ਰਹੀ ਹੈ ਜਿੰਨ੍ਹਾਂ ਦੀ ਵੀ ਪੂਰੀ ਤਰਾਂ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਸ ਮਹਾਂਮਾਰੀ ਤੋਂ ਆਪਣੇ ਆਪ ਅਤੇ ਸਮਾਜ ਨੂੰ ਸੁਰੱਖਿਅਤ ਰੱਖ ਸਕੀਏ ।