ਚੰਡੀਗੜ੍ਹ, 24 ਦਸੰਬਰ, 2016 : ਭਾਰਤੀ ਜਨਤਾ ਪਾਰਟੀ ਦੇ ਆਈ.ਟੀ. ਤੇ ਸੋਸ਼ਲ ਮੀਡੀਆ ਸੈਲ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਮਿਤ ਮਾਲਵੀਆ ਨੇ ਅੱਜ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਵਲੋਂ ਨੋਟਬੰਦੀ ਬਾਰੇ ਲਿਆ ਫੈਸਲਾ ਬਹੁਤ ਅਹਿਮ ਤੇ ਸਾਹਸੀ ਫੈਸਲਾ ਰਿਹਾ ਹੈ, ਜਿਸ ਨਾਲ ਕਾਲੇਧਨ ਨੂੰ ਪੱਕੇ ਤੌਰ 'ਤੇ ਨਕੇਲ ਪਵੇਗੀ ਅਤੇ ਦੇਸ਼ ਕੈਸ਼ਲੈਸ ਇਕਾਨਮੀ ਵੱਲ ਵਧੇਗਾ। ਅਮਿਤ ਮਾਲਵੀਆ ਅੱਜ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਵਿਧਾਇਕਾਂ, ਸਾਬਕਾ ਵਿਧਾਇਕਾਂ, ਸੂਬਾ ਅਹੁਦੇਦਾਰਾਂ, ਜਿਲ੍ਹਾ ਪ੍ਰਧਾਨਾਂ, ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਤੇ ਸਹਿ-ਇੰਚਾਰਜ, ਮੋਰਚਿਆਂ ਦੇ ਅਹੁਦੇਦਾਰਾਂ ਅਤੇ ਹਲਕਿਆਂ ਦੇ ਸੋਸ਼ਲ ਮੀਡੀਆ ਇੰਚਾਰਜਾਂ ਨੂੰ ਸੰਬੋਧਨ ਕਰ ਰਹੇ ਸਨ, ਜਿੰਨ੍ਹਾਂ ਨੋਟਬੰਦੀ ਨਾਲ ਦੇਸ਼ ਤੇ ਜਨਤਾ ਨੂੰ ਹੋਣ ਵਾਲੇ ਲਾਭ ਬਾਰੇ ਜਾਗਰੂਕ ਕੀਤਾ।
ਅਮਿਤ ਮਾਲਵੀਆ ਨੇ ਪ੍ਰੈਜ਼ੇਟੇਸ਼ਨ ਦੇ ਜ਼ਰੀਏ ਦੱਸਿਆ ਕਿ ਸ੍ਰੀ ਨਰਿੰਦਰ ਮੋਦੀ ਦੇ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਜਨ-ਧਨ ਖਾਤੇ ਖੋਲ੍ਹਣ, ਆਧਾਰ ਕਾਰਡ ਨਾਲ ਜੋੜਣ, ਮੋਬਾਇਲ ਐਪਲੀਕੇਸ਼ਨਾਂ ਨੂੰ ਤਵੱਜੋ ਦੇਣ ਅਤੇ ਡਿਜ਼ੀਟਲ ਲੈਣ ਦੇਣ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਫਿਰ ਨੋਟਬੰਦੀ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਤਕਰੀਬਨ 80 ਕਰੋੜ ਡੇਬਿਟ ਤੇ ਕ੍ਰੈਡਿਟ ਕਾਰਡ ਮੌਜੂਦ ਹਨ, ਜਿਨ੍ਹਾਂ ਨਾਲ ਨਕਦੀ ਰਹਿਤ ਭੁਗਤਾਨ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਸ੍ਰੀ ਮਾਲਵੀਆ ਨੇ ਦੱਸਿਆ ਕਿ ਵੱਖ-ਵੱਖ ਮੋਬਾਈਲ ਐਪਲੀਕੇਸ਼ਨ ਦੇ ਜ਼ਰੀਏ ਬੈਕ ਖਾਤੇ ਤੋਂ ਕਿਸੇ ਹੋਰ ਖਾਤੇ ਵਿਚ ਬੈਠੇ ਬਿਠਾਏ ਹੀ ਪੈਸੇ ਭੇਜੇ ਜਾ ਸਕਦੇ ਹਨ ਅਤੇ ਕਿਸੇ ਦੁਕਾਨਦਾਰ ਨੂੰ ਵੀ ਤੁਰੰਤ ਪੈਸੇ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਆਨਲਾਈਨ ਭੁਗਤਾਨ ਕਰਵਾਉਣ ਉਤੇ ਵਿਸ਼ੇਸ਼ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ। ਸ੍ਰੀ ਮਾਲਵੀਆ ਨੇ ਕਿਹਾ ਕਿ ਦੇਸ਼ ਵਿਚ ਰੋਜਾਨਾ 4 ਕਰੋੜ ਲੋਕ ਪੈਟਰੋਲ ਪੰਪਾਂ ਤੋਂ ਤੇਲ ਭਰਵਾਉਂਦੇ ਹਨ, ਜਿੰਨ੍ਹਾਂ ਵਿਚੋਂ 30 ਫੀਸਦੀ ਤੋਂ ਵੱਧ ਭੁਗਤਾਨ ਕਾਰਡਾਂ ਰਾਹੀਂ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਰ੍ਹੇ ਪਹਿਲਾਂ ਜਦੋਂ ਕੰਪਿਊਟਰ ਆਇਆ ਤਾਂ ਜ਼ਿਆਦਾਤਰ ਲੋਕਾਂ ਨੂੰ ਬਹੁਤ ਔਖਾ ਲੱਗਿਆ, ਪਰੰਤੂ ਇਹ ਸਾਡੀ ਆਮ ਜਰੂਰਤ ਬਣ ਗਿਆ ਹੈ। ਅਮਿਤ ਮਾਲਵੀਆ ਨੇ ਭਾਜਪਾ ਆਗੂਆਂ ਨੂੰ ਨਗਦੀ ਰਹਿਤ ਭੁਗਤਾਨ ਦੇ ਫਾਇਦਿਆਂ ਬਾਰੇ ਜਨਤਾ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ।
ਇਸ ਤੋਂ ਬਾਅਦ ਸ੍ਰੀ ਅਮਿਤ ਮਾਲਵੀਆ ਨੇ ਪੰਜਾਬ ਭਾਜਪਾ ਦੀ ਸੋਸ਼ਲ ਮੀਡੀਆ ਤੇ ਸੂਚਨਾ ਤਕਨਾਲੋਜੀ ਨਾਲ ਜੁੜੀ ਟੀਮ ਨਾਲ ਮੀਟਿੰਗ ਕੀਤੀ, ਜਿਸ ਵਿਚ ਪਾਰਟੀ ਦੇ ਸੋਸ਼ਲ ਮੀਡੀਆ ਸੈਲ ਦੇ ਸੂਬਾ ਕਨਵੀਨਰ ਅਮਿਤ ਤਨੇਜਾ ਵੀ ਮੌਜੂਦ ਸਨ।