ਪਲਸ ਆਕਸੀਮੀਟਰ ਵਾਪਸ ਕਰਕੇ ਕੋਰੋਨਾ ਦੀ ਜੰਗ ਵਿਚ ਸਰਕਾਰ ਦਾ ਸਾਥ ਦਿਓ: ਸਿਵਲ ਸਰਜਨ ਫਰੀਦਕੋਟ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 14 ਮਈ 2021 - ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਘਰ ਵਿੱਚ ਕੋਰੋਨਾ ਪਾਜ਼ੀਟਿਵ ਇਕਾਂਤਵਾਸ ਮਰੀਜਾਂ ਨੂੰ ਤੰਦਰੁਸਤ ਕਰਨ ਦੇ ਮੰਤਵ ਤਹਿਤ ਫਤਿਹ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਸਨ ਇਸ ਕਿੱਟ ਵਿੱਚ ਪਲਸ ਆਕਸੀਮੀਟਰ,ਸਟੀਮਰ,ਡਿਜ਼ੀਟਲ ਥਰਮਾਮੀਟਰ,ਸੈਨੇਟਾਈਜ਼ਰ,ਮਾਸਕ ਦੇ ਨਾਲ ਨਾਲ ਕੋਵਿਡ-19 ਨਾਲ ਸੰਬੰਧਤ ਦਵਾਈਆਂ ਤੇ ਇਲਾਜ ਲਈ ਜਾਗਰੂਕਤਾ ਸਮੱਗਰੀ ਘਰਾਂ ਵਿੱਚ ਇਕਾਂਤਵਾਸ ਮਰੀਜਾਂ ਨੂੰ ਉਪਲਬੱਧ ਕਰਵਾਈ ਗਈ ਸੀ |
ਹੁਣ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਜਿਹੜੇ ਵਿਅਕਤੀ ਦੀ ਬਿਮਾਰੀ ਨਾਲ ਲੜਨ ਤੋਂ ਬਾਅਦ ਤੰਦਰੁਸਤ ਹੋ ਚੁੱਕੇ ਹਨ ਉਹ ਕਿਰਪਾ ਕਰਕੇ ਆਪਣੇ ਆਪਣੇ ਪਲਸ ਆਕਸੀਮੀਟਰ ਆਪਣੀ ਨੇੜਲੀ ਸਿਹਤ ਸੰਸਥਾ ਜਾਂ ਹਸਪਤਾਲ ਵਿਚ ਜਮਾਂ ਕਰਵਾਉਣ |ਪੰਜਾਬ ਸਰਕਾਰ ਵੱਲੋਂ ਹੁਣ ਤੱਕ ਰਾਜ ਦੇ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਪਲਸ ਆਕਸੀਮੀਟਰ ਵੰਡੇ ਜਾ ਚੁੱਕੇ ਹਨ |
ਕੋਵਿਡ-19 ਦੇ ਮਾਮਲਿਆਂ ਵਿੱਚ ਹੋਏ ਤਾਜਾ ਵਾਧੇ ਕਾਰਨ ਸਰਕਾਰ ਨੂੰ ਕੋਵਿਡ-19 ਮਰੀਜਾਂ ਨੂੰ ਸਹੀ ਦੇਖਭਾਲ ਕਰਨ ਵਿੱਚ ਮੁਸਕਲ ਪੇਸ ਆ ਰਹੀ ਹੈ ਇਸ ਮੌਕੇ ਸਿਵਲ ਸਰਜਨ ਫਰੀਦਕੋਟ ਡਾ.ਸੰਜੇ ਕਪੂਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸਕਲ ਘੜੀ ਵਿੱਚ ਸਰਕਾਰ ਦਾ ਸਾਥ ਦੇਣ ਅਤੇ ਠੀਕ ਹੋ ਗਏ ਵਿਅਕਤੀ ਆਪਣੇ ਨੇੜਲੇ ਸਿਹਤ ਕੇਂਦਰ ਵਿਚ ਪਲਸ ਆਕਸੀਮੀਟਰ ਜਮਾਂ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਸੈਨੇਟਾਈਜ਼ ਕਰਨ ਤੋਂ ਬਾਅਦ ਲੋੜਵੰਦ ਮਰੀਜ਼ਾਂ ਤੱਕ ਜਲਦ ਤੋਂ ਜਲਦ ਪਹੁੰਚਾਇਆ ਜਾ ਸਕੇ |