ਪੰਜਾਬ ਸਰਕਾਰ ਨੇ ਹਾਲਾਤ ਵਿਗਾੜੇ, ਸਫ਼ਾਈ ਸੇਵਾਵਾਂ ਹੋਈਆਂ ਠੱਪ - ਬਲਜਿੰਦਰ ਕੌਰ
ਅਸ਼ੋਕ ਵਰਮਾ
ਬਠਿੰਡਾ, 22 ਮਈ 2021 - ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ ਬਲਜਿੰਦਰ ਕੌਰ ਨੇ ਕਿਹਾ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਕੋਰੋਨਾ ਸੰਕਟ ਦੀ ਘੜੀ ਵਿਚ ਲੋਕਾਂ ਤੇ ਮੁਲਾਜ਼ਮਾਂ ਦੀ ਮੰਗਾਂ ਵਿਸਾਰੀਆਂ ਹਨ ਤੇ ਲੋਕਾਂ ਦੀ ਕੋਈ ਵੀ ਸਾਰ ਨਹੀਂ ਲਈ। ਇਸ ਵਾਸਤੇ ਸਿਰਫ ਡੰਗ ਟਪਾਊ ਨੀਤੀ ਹੀ ਅਪਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਵਿੱਚ ਸਫਾਈ ਕਰਮਚਾਰੀ ਕਈ ਦਿਨਾਂ ਤੋਂ ਹੜਤਾਲ ਤੇ ਹਨ, ਸਫਾਈ ਸੇਵਾਵਾਂ ਠੱਪ ਪਈਆਂ ਹਨ, ਪਰ ਸਰਕਾਰ ਇਸ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਸੂਬੇ 'ਚ ਇੰਨੇ ਮਾੜੇ ਹਾਲਾਤ ਬਣੇ ਹੋਏ ਹਨ ਤਾਂ ਸਫਾਈ ਵਿਵਸਥਾ ਨਾ ਹੋਣ ਕਰਕੇ ਇੱਥੇ ਬੀਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ ਤੇ ਅਸੀਂ ਪਹਿਲਾਂ ਹੀ ਬੀਮਾਰੀਆਂ ਦੀ ਗ੍ਰਿਫਤ ਵਿਚ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਸਫਾਈ ਕਰਮਚਾਰੀਆਂ ਦੀ ਮੰਗਾਂ ਨਹੀਂ ਮੰਨ ਰਹੀ ਤੇ ਇਸ ਦਾ ਖਮਿਆਜ਼ਾ ਆਮ ਜਨਤਾ ਭੁਗਤ ਰਹੀ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਸਫਾਈ ਕਰਮਚਾਰੀਆਂ ਦੀ ਮੰਗਾਂ ਮੰਨ ਕੇ ਇਸ ਦਾ ਨਿਪਟਾਰਾ ਕਰੇ ਤੇ ਲੋਕਾਂ ਨੂੰ ਸਫਾਈ ਦੀ ਸਹੂਲਤ ਬਰਕਰਾਰ ਰੱਖੇ। ਬਲਜਿੰਦਰ ਕੌਰ ਨੇ ਇਸ ਦੌਰਾਨ ਕੇਂਦਰ ਸਰਕਾਰ ਤੇ ਵੀ ਕੋਰੋਨਾ ਪ੍ਰਤੀ ਗੰਭੀਰ ਨਾ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਵੀ ਸੂਬਿਆਂ ਨਾਲ ਵਿਤਕਰਾ ਕਰ ਰਹੀ ਹੈ, ਜਿਸ ਕਾਰਨ ਕੋਰੋਨਾ ਮਰੀਜ਼ਾਂ ਦੀ ਗਿਣਤੀ ਤੇ ਪ੍ਰੇਸ਼ਾਨੀਆਂ ਵਧ ਰਹੀਆਂ ਹਨ। ਪ੍ਰੋ ਬਲਜਿੰਦਰ ਕੌਰ ਨੇ ਮੰਗ ਕੀਤੀ ਕਿ ਇਸ ਪਾਸੇ ਧਿਆਨ ਦੇ ਕੇ ਸਰਕਾਰਾਂ ਨੁੰ ਕੋਰੋਨਾ ਨਾਲ ਜੂਝ ਰਹੇ ਮਰੀਜ਼ਾਂ ਦੀ ਸਾਰ ਲੈਣੀ ਬਣਦੀ ਹੈ। ਪ੍ਰੋ ਬਲਜਿੰਦਰ ਕੌਰ ਨੇ ਕਿਹਾ ਕਿ ਜੇਕਰ ਪੰਜਾਬ ਦੀ ਕੈਪਟਨ ਸਰਕਾਰ ਨੇ ਸਫਾਈ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਨਾ ਦਿੱਤਾ ਤੇ ਇਸ ਤਰਾਂ ਦੀ ਡੰਗ ਟਪਾਊ ਨੀਤੀ ਬਰਰਕਾਰ ਰੱਖੀ ਤਾਂ ਲੋਕ ਇਸ ਦੇ ਖਿਲਾਫ ਲਾਮਬੰਦ ਹੋਣ ਵਿਚ ਦੇਰ ਨਹੀਂ ਕਰਨਗੇ, ਕਿਉਂਕਿ ਸਫਾਈ ਵਿਵਸਧਾ ਪ੍ਰਭਾਵਿਤ ਹੋਣ ਕਰਕੇ ਲੋਕਾਂ ਤੇ ਇਸ ਦਾ ਕਾਫੀ ਅਸਰ ਪੈਂਦਾ ਹੈ।