ਮੁੰਬਈ, 13 ਨਵੰਬਰ, 2016 : ਨਿੱਜੀ ਸੈਕਟਰ ਦੇ ਐਕਸਿਸ ਬੈਂਕ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵਲੋਂ 500 ਤੇ 1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਤੋਂ ਬਾਅਦ ਬੈਂਕਾਂ 'ਚ ਨਕਦੀ ਦਾ ਵਾਧਾ ਹੋਇਆ ਹੈ। ਇਸਦੇ ਨਾਲ ਹੀ ਆਉਣ ਵਾਲੇ ਮਹੀਨਿਆਂ 'ਚ ਲੋਨ ਦੀਆਂ ਵਿਆਜ ਦਰਾਂ 'ਚ ਕਮੀ ਦੀ ਉਮੀਦ ਹੈ। ਬੈਂਕ ਮੁਤਾਬਕ, 500 ਤੇ 1000 ਰੁਪਏ ਦੇ ਨੋਟ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਲੋਕ ਵੱਡੇ ਪੈਮਾਨੇ 'ਤੇ ਨਕਦੀ ਜਮ੍ਹਾ ਕਰਵਾ ਰਹੇ ਹਨ, ਇਸ ਦੇ ਨਾਲ ਵਿੱਤੀ ਸੰਸਥਾਵਾਂ ਦੀ ਆਰਥਿਕ ਸਿਹਤ ਸੁਧਰੀ ਹੈ।
ਐਕਸਿਸ ਬੈਂਕ ਦੇ ਰਿਟੇਲ ਬੈਂਕਿੰਗ ਹੈੱਡ ਰਾਜੀਵ ਆਨੰਦ ਨੇ ਦੱਸਿਆ ਕਿ ਇਕ ਸਮੇਂ 'ਚ ਸੇਵਿੰਗ ਅਤੇ ਚਾਲੂ ਖਾਤਿਆਂ 'ਚ ਬਹੁਤ ਘੱਟ ਰਾਸ਼ੀ ਜਮ੍ਹਾ ਸੀ ਪਰ ਹੁਣ ਇਨ੍ਹਾਂ 'ਚ ਵਾਧੇ ਦੇ ਚਲਦਿਆਂ ਸਾਡੇ ਲੋਨ ਦੀਆਂ ਕੀਮਤਾਂ ਸਸਤੀਆਂ ਹੋ ਸਕਦੀਆਂ ਹਨ। ਐਕਸਿਸ ਬੈਂਕ ਵਲੋਂ ਆਏ ਇਸ ਬਿਆਨ ਨੂੰ ਉਨ੍ਹਾਂ ਲੋਕਾਂ ਲਈ ਸੁੱਭ ਸੰਕੇਤ ਮੰਨਿਆ ਜਾ ਰਿਹਾ ਹੈ, ਜੋ ਲੰਮੀਆਂ ਲਾਈਨਾਂ 'ਚ ਲੱਗ ਕੇ ਆਪਣੇ ਪੈਸੇ ਜਮ੍ਹਾ ਕਰਾ ਰਹੇ ਹਨ। ਹਾਲਾਂਕਿ ਗ੍ਰਹਕਾਂ ਦੀ ਸੁਵਿਧਾ ਲਈ ਬੈਂਕਾਂ ਨੇ ਕਈ ਤਰ੍ਹਾਂ ਦੀ ਸਹੂਲਤਾਂ ਵੀ ਦਿੱਤੀਆਂ ਹਨ, ਜਿਵੇਂ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਬੈਂਕਾਂ ਖੁੱਲੀਆਂ ਅਤੇ ਬੈਂਕ ਦੇ ਕੰਮਕਾਜ ਦਾ ਸਮਾਂ ਵੀ ਵਧਾਇਆ ਗਿਆ ਹੈ।
ਇਕ ਰਿਪੋਰਟ ਮੁਤਾਬਕ, ਸ਼ੁੱਕਰਵਾਰ ਨੂੰ ਸ਼ਾਮ ਤੱਕ ਦੇਸ਼ ਭਰ 'ਚ ਬੈਂਕਾਂ 'ਚ 60,000 ਕਰੋੜ ਰੁਪਏ ਜਮ੍ਹਾ ਹੋਏ। ਸਮੇਂ ਦੇ ਨਾਲ ਇਸ ਰਾਸ਼ੀ 'ਚ ਲਗਾਤਾਰ ਵਾਧਾ ਹੋਣ ਦੀ ਸੰਭਾਵਨਾ ਕੀਤੀ ਜਾ ਰਹੀ ਹੈ। ਘਰੇਲੂ ਰੇਟਿੰਗ ਏਜੰਸੀ ਆਈ. ਸੀ. ਆਰ. ਏ. ਨੇ ਜਮ੍ਹਾ ਦੇ ਵਿਆਜ 'ਚ 0.3 ਤੋਂ ਲੈ ਕੇ 0.10 ਫੀਸਦੀ ਤੱਕ ਦੀ ਕਮੀ ਦਾ ਅੰਦਾਜ਼ਾ ਲਗਾਇਆ ਹੈ। ਜਮ੍ਹਾ ਰਾਸ਼ੀ 'ਤੇ ਮਿਲਣ ਵਾਲੇ ਵਿਆਜ 'ਚ ਕਟੌਤੀ ਨੂੰ ਬੈਂਕ ਲੋਨ ਦੇ ਵਿਆਜ 'ਚ ਕਮੀ ਕਰਦੇ ਹੋਏ ਲੋਕਾਂ ਨੂੰ ਫਾਇਦਾ ਦੇਣ 'ਤੇ ਵਿਚਾਰ ਕਰ ਸਕਦੇ ਹਨ।