ਚੰਡੀਗੜ੍ਹ, 20 ਦਸੰਬਰ, 2016 : ਪੰਜਾਬ ਦੇ ਵੱਖ-ਵੱਖ ਯੋਜਨਾਵਾਂ ਤਹਿਤ ਸਮਾਜਿਕ ਸੁਰੱਖਿਆ ਪੈਨਸ਼ਨ ਪ੍ਰਾਪਤ ਕਰਨ ਵਾਲਿਆ ਨੂੰ ਬਿਨਾ ਕਿਸੇ ਰੁਕਾਵਟ ਪੈਨਸ਼ਨ ਦੀ ਵੰਡ ਯਕੀਨੀ ਬਨਾਉਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸਮਾਜਿਕ ਸੁਰੱਖਿਆ ਵਿਭਾਗ ਅਤੇ ਬੈਂਕਾਂ ਨੂੰ ਜਲਦ ਤੋਂ ਜਲਦ ਪੈਨਸ਼ਨਾਂ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਪਿੰਡਾਂ ਦੇ ਸਰਪੰਚ ਸਬੰਧਤ ਲਾਭਪਾਤਰੀਆਂ ਨੂੰ ਪੈਨਸ਼ਨ ਦੇ ਚੈੱਕ ਸੌਂਪਣਗੇ ਜੋ ਉਹ ਬੈਂਕਾਂ ਤੋਂ ਕੈਸ਼ ਕਰਵਾਉਣਗੇ ਤਾਂ ਜੋ ਨੋਟ ਬੰਦੀ ਮੁਹਿੰਮ ਕਾਰਨ ਪੇਸ਼ ਆ ਰਹੀਆਂ ਔਕੜਾਂ ਤੋਂ ਬਚਿਆ ਜਾ ਸਕੇ।
ਅੱਜ ਇਥੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਮੁੱਖ ਬੈਂਕਾਂ ਦੇ ਉਚ ਨੁਮਾਂਇੰਦਿਆਂ ਨਾਲ ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਅਪਾਹਜਾਂ ਨੂੰ ਮਿਲਣ ਵਾਲੀ ਪੈਨਸ਼ਨ ਸਮੇਂ ਸਿਰ ਜਾਰੀ ਕਰਨ ਦੀ ਹਦਾਇਤ ਦਿੱਤੀ। ਇਸ ਦੌਰਾਨ ਫੈਸਲਾ ਕੀਤਾ ਗਿਆ ਕਿ ਬੈਂਕਾਂ ਗ੍ਰਾਮ ਪੰਚਾਇਤਾਂ ਨੂੰ ਚੈੱਕ ਬੁੱਕ ਜਾਰੀ ਕਰਨਗੀਆਂ ਅਤੇ ਸਰਪੰਚਾਂ ਵੱਲੋਂ ਸਬੰਧਤ ਲਾਭਪਾਤਰੀਆਂ ਨੂੰ ਪੈਨਸ਼ਨ ਦੇ ਚੈੱਕ ਜਾਰੀ ਕੀਤੇ ਜਾਣਗੇ। ਲਾਭਪਾਤਰੀ ਆਪਣੀ ਸੁਵਿਧਾ ਅਨੁਸਾਰ ਬੈਂਕਾਂ ਤੋਂ ਇਨ੍ਹਾਂ ਚੈੱਕਾਂ ਦੇ ਵਿਰੁੱਧ ਨਕਦ ਹਾਸਿਲ ਕਰ ਸਕਣਗੇ।
ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਰੁਕਾਵਟ ਨੇਪਰੇ ਚਾੜਣ ਅਤੇ ਸਮੇਂ ਸਿਰ ਪੈਨਸ਼ਨਾਂ ਦੀ ਵੰਡ ਯਕੀਨੀ ਬਨਾਉਣ ਲਈ ਗ੍ਰਾਮ ਪੰਚਾਇਤਾਂ ਲਈ ਨਕਦੀ ਕਢਵਾਉਣ ਦੀ ਹੱਦ ਵਧਾਉਣ 'ਤੇ ਜੋਰ ਦਿੰਦਿਆਂ ਸ. ਬਾਦਲ ਨੇ ਮੀਟਿੰਗ ਵਿੱਚ ਹਾਜਿਰ ਆਰ.ਬੀ.ਆਈ. ਦੇ ਚੰਡੀਗੜ੍ਹ ਵਿਖੇ ਤੈਨਾਤ ਜਨਰਲ ਮੈਨੇਜਰ ਸ੍ਰੀਮਤੀ ਰਚਨਾ ਦਿਕਸ਼ਿਤ ਨੂੰ ਕਿਹਾ ਕਿ ਉਹ ਇਸ ਕੰਮ ਵਿੱਚ ਤੇਜੀ ਲਿਆਉਣ ਲਈ ਆਪਣੇ ਆਰ.ਬੀ.ਆਈ ਦੇ ਉਚ ਅਧਿਕਾਰੀਆਂ ਅਤੇ ਵਿਤ ਮੰਤਰਾਲੇ ਨੂੰ ਲਿਖਣ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਖੁਦ ਨਿੱਜੀ ਤੌਰ 'ਤੇ ਕੇਂਦਰੀ ਵਿਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਮਿਲ ਕੇ ਉਨ੍ਹਾਂ ਨੂੰ ਗ੍ਰਾਮ ਪੰਚਾਇਤਾਂ ਨੂੰ ਪੇਸ਼ ਆ ਰਹੀਆਂ ਔਕੜਾਂ ਬਾਰੇ ਜਾਣੂੰ ਕਰਵਾਉਣਗੇ।
ਉਪ ਮੁੱਖ ਮੰਤਰੀ ਨੇ ਵੱਖ-ਵੱਖ ਬੈਂਕਾਂ ਦੇ ਜਨਰਲ ਮੈਨੇਜਰਾਂ ਅਤੇ ਜੋਨਲ ਮੈਨੇਜਰਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਸਾਰੀਆਂ ਪੰਚਾਇਤਾਂ ਨੂੰ ਤਰੁੰਤ ਚੈਕ ਬੁੱਕ ਜਾਰੀ ਕਰਨ ਤਾਂ ਜੋ ਸਬੰਧਤ ਪੰਚਾਇਤਾਂ ਬੈਂਕਿੰਗ ਸੇਵਾਵਾਂ ਦਾ ਲਾਭ ਉਠਾ ਸਕਣ। ਪੇਂਡੂ ਖੇਤਰਾਂ ਵਿੱਚ ਜਿੰਨਾ ਲੋਕਾਂ ਕੋਲ ਅਜੇ ਤੱਕ ਵੀ ਕੋਈ ਬੈਂਕ ਖਾਤਾ ਨਹੀਂ ਹੈ ਉਨ੍ਹਾਂ ਨੂੰ ਤਰੁੰਤ ਇਹ ਸੇਵਾ ਮੁਹੱਈਆ ਕਰਨ ਲਈ ਬੈਂਕਾਂ ਨੂੰ ਹਦਾਇਤ ਜਾਰੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਨਕਦੀ ਰਹਿਤ ਅਤੇ ਡਿਜੀਟਾਈਜ ਮੁਹਿੰਮ ਨੂੰ ਸਫਲ ਕਰਨ ਲਈ ਇਹ ਅਤਿਅੰਤ ਜਰੂਰੀ ਹੈ।
ਇਸ ਮੌਕੇ ਆਰ.ਬੀ.ਆਈ. ਦੀ ਜਨਰਲ ਮੈਨੇਜਰ ਸ੍ਰੀਮਤੀ ਰਚਨਾ ਦਿਕਸ਼ਿਤ ਨੇ ਦੱਸਿਆ ਕਿ ਨੋਟਬੰਦੀ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਪੰਜਾਬ ਦੀਆਂ ਬੈਂਕਾਂ ਨੂੰ 10000 ਕਰੋੜ ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਆਉਂਦੇ ਦਿਨਾਂ ਦੌਰਾਨ ਹੋਰ ਨਕਦੀ ਮੁਹੱਈਆ ਕਰਵਾਈ ਜਾਵੇਗੀ। ਉਪ ਮੁੱਖ ਮੰਤਰੀ ਨੂੰ ਇਹ ਯਕੀਨ ਦਿਵਾਉਂਦਿਆਂ ਕਿ ਨਕਦੀ ਸਮੱਸਿਆ 'ਤੇ ਜਲਦ ਹੀ ਕਾਬੂ ਪਾ ਲਿਆ ਜਾਵੇਗਾ, ਹਾਜਿਰ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਇਹ ਸਮੱਸਿਆ ਇਸ ਲਈ ਵੀ ਆ ਰਹੀ ਹੈ ਕਿ ਬੈਂਕਾਂ ਤੋਂ ਪੈਸਾ ਕਢਵਾ ਰਹੇ ਲੋਕ ਇਸ ਪੈਸੇ ਨੂੰ ਉਸੇ ਮਾਤਰਾ ਵਿੱਚ ਦੇਣ-ਲੈਣ ਦੀ ਪ੍ਰਕ੍ਰਿਆ ਵਿੱਚ ਨਹੀਂ ਲਿਆ ਰਹੇ।
ਮੀਟਿੰਗ ਵਿੱਚ ਹਾਜਿਰ ਅਹਿਮ ਹਸਤੀਆਂ ਵਿੱਚ ਹੋਰਨਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਦੇ ਸਲਾਹਕਾਰ ਸ. ਮਨਜਿੰਦਰ ਸਿੰਘ ਸਿਰਸਾ, ਵਧੀਕ ਮੁੱਖ ਸਕੱਤਰ ਵਿਤ ਸਤੀਸ਼ ਚੰਦਰਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਤਿਵਾੜੀ, ਸਮਾਜਿਕ ਸੁਰੱਖਿਆ ਵਿਭਾਗ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਵੱਖ-ਵੱਖ ਬੈਂਕਾਂ ਦੇ ਨੁਮਾਇੰਦਾ ਅਧਿਕਾਰੀ ਹਾਜਿਰ ਸਨ।