ਨਵੀਂ ਦਿੱਲੀ, 11 ਦਸੰਬਰ, 2016 : ਦਿੱਲੀ ਪੁਲਿਸ ਅਤੇ ਆਮਦਨ ਕਰ ਵਿਭਾਗ ਨੇ ਦੱਖਣੀ ਦਿੱਲੀ ਦੀ ਲਾਅ ਫ਼ਰਮ ਦੇ ਦਫ਼ਤਰ ਵਿੱਚ ਛਾਪਾ ਮਾਰ ਕੇ 13.65 ਕਰੋੜ ਦੀ ਰਾਸ਼ੀ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਰਾਸ਼ੀ ਵਿਚੋਂ ਢਾਈ ਕਰੋੜ ਰੁਪਏ 2000 ਦੇ ਨਵੇਂ ਨੋਟਾਂ ਦੀ ਹੈ। ਇਸ ਤੋਂ ਇਲਾਵਾ ਨੋਟਾਂ ਦੀ ਗਿਣਤੀ ਕਰਨ ਵਾਲੀਆਂ ਦੋ ਮਸ਼ੀਨਾਂ ਵੀ ਬਰਾਮਦ ਹੋਈਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਗ੍ਰੇਟਰ ਕਲੈਸ਼ ਇਲਾਕੇ ਵਿੱਚ ਟੀਐਂਡਟੀ ਨਾਮਕ ਇੱਕ ਲਾਅ ਫ਼ਰਮ ਦੇ ਦਫ਼ਤਰ ਵਿੱਚ ਗੁਪਤ ਸੂਚਨਾ ਦੇ ਆਧਾਰ ਉੱਤੇ ਪੁਲਿਸ ਅਤੇ ਆਮਦਨ ਕਰ ਵਿਭਾਗ ਨੇ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ ਲਾਅ ਫ਼ਰਮ ਦਾ ਕਰਤਾ ਧਰਤ ਰੋਹਿਤ ਟੰਡਨ ਨਾਮਕ ਵਕੀਲ ਹੈ। ਪੇਸ਼ੇ ਤੋਂ ਵਕੀਲ ਰੋਹਿਤ ਵੱਡਾ ਵਿਚੋਲਿਆ ਵੀ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਆਮਦਨ ਕਰ ਵਿਭਾਗ ਨੇ ਰੋਹਿਤ ਟੰਡਨ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਸੀ। ਜਿਸ ਵਿੱਚ ਉਸ ਕੋਲੋਂ ਕਾਫ਼ੀ ਪੈਸਾ ਫੜਿਆ ਗਿਆ ਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਕੁੱਝ ਹੋਰ ਥਾਵਾਂ ਉੱਤੇ ਵੀ ਛਾਪੇਮਾਰੀ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਆਮਦਨ ਕਰ ਵਿਭਾਗ ਨੇ ਸ਼ਨੀਵਾਰ ਨੂੰ ਕਰਨਾਟਕ ਦੇ ਹੁਬਲੀ ਵਿੱਚ ਇੱਕ ਹਵਾਲਾ ਕਾਰੋਬਾਰੀ ਦੇ ਘਰ ਦੇ ਬਾਥਰੂਮ ਵਿੱਚ ਰੱਖੇ 5.7 ਕਰੋੜ ਰੁਪਏ ਬਾਰਮਦ ਕੀਤਾ ਸਨ। ਇਸ ਤੋਂ ਇਲਾਵਾ 32 ਕਿਲੋ ਸੋਨਾ ਵੀ ਬਰਾਮਦ ਕੀਤਾ ਗਿਆ ਸੀ। ਚੇਨਈ ਵਿੱਚ ਵੀ ਰੇਤ ਕਾਰੋਬਾਰੀ 24 ਕਰੋੜ ਬਰਾਮਦ ਕੀਤੀ ਸੀ। ਇਥੋਂ ਹੁਣ ਤੱਕ 166 ਕਰੋੜ ਰੁਪਏ ਦਾ ਕਾਲਾ ਧੰਨ ਬਰਾਮਦ ਕੀਤਾ ਹੈ।