ਵੈਕਸੀਨ ਖਰੀਦਣ ਲਈ ਗਲੋਬਲ ਟੈਂਡਰ ਲਗਾਏ ਜਾਣ: ਸੁਖਬੀਰ ਬਾਦਲ
ਅਸ਼ੋਕ ਵਰਮਾ
ਬਠਿੰਡਾ, 19 ਮਈ 2021: ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਰੋਨਾ ਵੈਕਸੀਨ ਖਰੀਦਣ ਲਈ ਗਲੋਬਲ ਟੈਂਡਰ ਲਾਉਣ ਅਤੇ ਮਹਾਂਮਾਰੀ ਨੂੰ ਬਿਪਤਾ ਐਲਾਨਣ ਤੋਂ ਇਲਾਵਾ ਪ੍ਰਭਾਵਤ ਲੋਕਾਂ ਦਾ ਪ੍ਰਾਈਵੇਟ ਹਸਪਤਾਲਾਂ ਵਿਚ ਮੁਫਤ ਇਲਾਜ ਕਰਵਾਉਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਇਥੇ ਆਕਸੀਜ਼ਨ ਸੇਵਾ ਮੁਹਿੰਮ ਦੀ ਸ਼ੁਰੂਆਤ ਕਰਵਾਉਣ ਲਈ ਆਏ ਸਨ ਜਿਸ ਤਹਿਤ ਪਹਿਲੇ ਪੜਾਅ ਵਿਚ ਸ਼ਹਿਰ ਦੇ ਵਸਨੀਕਾਂ ਲਈ ਲੋੜ ਪੈਣ ’ਤੇ 15 ਆਕਸੀਜ਼ਨ ਕੰਸੈਂਟ੍ਰੇਟਰ ਉਪਲੱਬਧ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਪਹਿਲਕਦਮੀ ਉਹਨਾਂ ਅਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੀ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਸਰਕਾਰ ਨੂੰ ਨਸੀਹਤ ਕੀਤੀ ਕਿ ਉਹ ਨੀਂਦ ਵਿਚੋਂ ਜਾਗੇ ਤੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਸ਼ਿੱਦਤ ਨਾਲ ਕੰਮ ਕਰੇ।
ਉਹਨਾਂ ਨੇ ਇਸ ਮੌਕੇ ਕੋਰੋਨਾ ਪ੍ਰਭਾਵਤ ਪਰਿਵਾਰਾਂ ਲਈ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ ਵੱਲੋਂ ਚਲਾਏ ਜਾ ਰਹੇ ਲੰਗਰ ਦੇ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ। ਸ੍ਰੀ ਬਾਦਲ ਨੇ ਦੱਸਿਆ ਕਿ ਦੋਵੇਂ ਪਹਿਲਕਦਮੀਆਂ ਬਠਿੰਡਾ ਜ਼ਿਲ੍ਹੇ ਵਿਚ ਕੋਰੋਨਾ ਕੇਸਾਂ ਵਿਚ ਵਾਧੇ ਨੁੰ ਵੇਖਦਿਆਂ ਕੀਤੀਆਂ ਗਈਆਂ ਹਨ ਕਿਉਂਕਿ ਇੱਥੇ ਮੌਤ ਦਰ ਬਹੁਤ ਜ਼ਿਆਦਾ ਹੈ ਜਿਸ ਦੀ ਮਿਸਾਲ ਮੰਗਲਵਾਰ ਨੂੰ ਇੱਕ ਦਿਨ ਵਿਚ ਹੋਈਆਂ 34 ਮੌਤਾਂ ਹਨ। ਉਹਨਾਂ ਕਿਹਾ ਕਿ 100 ਕੰਸੈਂਟ੍ਰੇਟਰ ਬਠਿੰਡਾ ਹਲਕੇ ਦਿੱਤੇ ਗਏ ਹਨ ਜਿਹਨਾਂ ਵਿਚ ਏਮਜ਼ ਲਈ ਦਿੱਤੇ 50 ਕੰਸੈਂਟ੍ਰੇਟਰ ਵੀ ਸ਼ਾਮਲ ਹਨ ਜਦਕਿ 100 ਹੋਰ ਦੀ ਖਰੀਦ ਕੀਤੀ ਜਾ ਰਹੀ ਹੈ ਤੇ ਇਹ ਆੳਂੁਦੇ ਦਿਨਾਂ ਵਿਚ ਹਲਕੇ ਲਈ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਾਜ਼ੋ ਸਮਾਨ ਦੀ ਆਮਦ ਮਗਰੋਂ ਕਰੋਨਾ ਦੇ ਇਲਾਜ ’ਚ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ।
ਪੰਜਾਬ ਵਿਚ ਵੈਕਸੀਨਾਂ ਦੀ ਘਾਟ ਦੀ ਗੱਲ ਕਰਦਿਆਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਉੱਤਰ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਦੀ ਤਰਜ਼ ’ਤੇ ਵੈਕਸੀਨਾਂ ਦੀ ਖਰੀਦ ਲਈ ਗਲੋਬਲ ਟੈਂਡਰ ਲਗਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੋਵੈਕਸ ਪ੍ਰੋਗਰਾਮ ਤਹਿਤ ਵੈਕਸੀਨਾਂ ਦੀ ਖਰੀਦ ਵਾਸਤੇ ਅਪਲਾਈ ਕਰਨ ’ਤੇ ਸਮਾਂ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਸ ਪ੍ਰੋਗਰਾਮ ਤਹਿਤ ਸਿਰਫ ਮੁਲਕਾਂ ਨੂੰ ਵੈਕਸੀਨ ਸਪਲਾਈ ਹੁੰਦੀ ਤੇ ਸੂਬਿਆਂ ਵਾਸਤੇ ਨਹੀਂ ਦਿੱਤੀ ਜਾਂਦੀ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੁਤਨਿਕ ਵੈਕਸੀਨ ਦੀ ਖਰੀਦ ਵਾਸਤੇ ਸਪਲਾਇਰਾਂ ਨਾਲ ਸੰਪਰਕ ਕੀਤਾ ਸੀ ਤੇ ਉਸਨੁੰ ਭਰੋਸਾ ਦਿੱਤਾ ਗਿਆ ਸੀ ਕਿ 50 ਹਜ਼ਾਰ ਡੋਜ਼ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸਰਕਾਰ ਵੀ ਸਿੱਧੇ ਤੌਰ ’ਤੇ ਵੈਕਸੀਨ ਬਣਾਉਣ ਵਾਲਿਆਂ ਤੇ ਸਪਲਾਇਰਾਂ ਨਾਲ ਰਾਬਤਾ ਕਰ ਕੇ ਪ੍ਰਬੰਧ ਕਰ ਸਕਦੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੰਲ ਹੈ ਕਿ ਆਕਸੀਜ਼ਨ ਦੀ ਸਪਲਾਈ ਵਿਚ ਅੜਿਕੇ ਜਾਰੀ ਹਨ ਅਤੇ ਦਵਾਈਆਂ ਤੇ ਵੈਂਟੀਲੇਟਰ ਵੀ ਨਹੀਂ ਮਿਲ ਰਹੇ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਹਾਲਾਤ ਹੋਰ ਬਦਤਰ ਹੋ ਸਕਦੇ ਹਨ ਕਿਉਂਕਿ ਪੇਂਡੂ ਇਲਾਕਿਆਂ ਵਿਚ ਮਹਾਮਾਰੀ ਵੱਧ ਸਕਦੀ ਹੈ ਜਿਵੇਂ ਕਿ ਇਕੱਲੇ ਭੂੰਦੜ ਪਿੰਡ ਵਿਚ ਹੀ 50 ਫੀਸਦੀ ਲੋਕ ਪਾਜ਼ੀਟਿਵ ਪਾਏ ਗਏ ਹਨ। ਉਹਨਾਂ ਕਿਹਾ ਕਿ ਸਮੇਂ ਦੀ ਜ਼ਰੂਰਤ ਹੈ ਕਿ ਆਕਸੀਜ਼ਨ ਕੰਸੈਂਟ੍ਰੇਟਰ ਦਰਾਮਦ ਕੀਤੇ ਜਾਣ ਤੇ ਉਹਨਾਂ ਨੂੰ ਸੂਬੇ ਦੇ ਸਾਰੇ ਬਲਾਕ ਹੈਡਕੁਆਰਟਰਾਂ ’ਤੇ ਲਾਇਆ ਜਾਵੇ। ਉਹਨਾਂ ਕਿਹਾ ਕਿ ਇਸੇ ਤਰੀਕੇ ਸੂਬੇ ਭਰ ਵਿਚ ਵੈਂਟੀਲੇਟਰ ਲਗਾਏ ਜਾਣੇ ਚਾਹੀਦੇ ਹਨ। ਉਹਨਾਂ ਨੇ ਇਸ ਗੱਲ ਦੀ ਵੀ ਨਿਖੇਧੀ ਕੀਤੀ ਕਿ ਉਹਨਾਂ ਦੇ ਹਲਕੇ ਲਈ ਉਹਨਾਂ ਵੱਲੋਂ ਅਲਾਟ ਕੀਤੇ ਵੈਂਟੀਲੇਟਰ ਹੋਰ ਪਾਸੇ ਵਰਤੇ ਜਾ ਰਹੇ ਹਨ।
ਬਾਦਲ ਨੇ ਮੁੱਖ ਮੰਤਰੀ ਨੁੰ ਫਿਰ ਬੇਨਤੀ ਕੀਤੀ ਕਿ ਕੋਰੋਨਾ ਮਰੀਜ਼ਾਂ ਨਾਲ ਠੱਗੀ ਮਾਰ ਰਹੇ ਪ੍ਰਾਈਵੇਟ ਹਸਪਤਾਲਾਂ ’ਤੇ ਨਕੇਲ ਕੱਸੀ ਜਾਵੇ। ਉਹਨਾਂ ਕਿਹਾ ਕਿ ਕੱਲ੍ਹ ਬਠਿੰਡਾ ਵਿਚ ਇਹ ਖੁਲ੍ਹਾਸਾ ਹੋਇਆ ਹੈ ਕਿ ਇੱਕ ਪ੍ਰਾਈਵੇਟ ਹਸਪਤਾਲ ਲਾਸ਼ ਇਸ ਕਰ ਕੇ ਨਹੀਂ ਦੇ ਰਿਹਾ ਕਿਉਂਕਿ ਉਹਨਾਂ ਵੱਲ 4 ਲੱਖ ਰੁਪਏ ਬਕਾਇਆ ਹੈ ਜਦਕਿ ਤਿੰਨ ਲੋਕਾਂ ਦੇ ਇਲਾਜ ਲਈ 6 ਲੱਖ ਰੁਪਏ ਹਸਪਤਾਲ ਨੂੰ ਦਿੱਤੇ ਜਾ ਚੁੱਕੇ ਹਨ। ਪੰਜਾਬ ਕਾਂਗਰਸ ਵਿਚ ਚਲ ਰਹੀ ਖਾਨਾਜੰਗੀ ਤੇ ਅਕਾਲੀ ਦਲ ਦੇ ਖਿਲਾਫ ਲਗਾਏ ਦੋਸ਼ਾਂ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਮੈਂ ਹੱਥ ਜੋੜ ਕੇ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ। ਉਹਨਾਂ ਕਿਹਾ ਕਿ ਇਸ ਵੇਲੇ ਲੋਕ ਆਕਸੀਜ਼ਨ ਲਈ ਲੜ ਰਹੇ ਹਨ ਇਸ ਲਈ ਕਾਂਗਰਸੀਆਂ ਨੂੰ ਹਾਲ ਦੀ ਘੜੀ ਕੁਰਸੀ ਲਈ ਆਪਣੀ ਲੜਾਈ ਟਾਲ ਦੇਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕਾਂਗਰਸ ਪਾਰਟੀ ਆਪਣੀ ਸਾਰੀ ਊਰਜਾ ਅੰਦਰੂਨੀ ਵਿਵਾਦ ’ਤੇ ਲਗਾ ਰਹੀ ਹੈ ਤੇ ਲੋਕਾਂ ਦੀਆਂ ਜਾਨਾਂ ਬਚਾਉਣ ਵੱਲ ਧਿਆਨ ਨਹੀਂ ਦੇ ਰਹੀ। ਸ੍ਰੀ ਬਾਦਲ ਨੇ ਕਿਹਾ ਕਿ ਪਿੰਡਾਂ ਵਿਚ ਸਿਹਤ ਸੰਭਾਲ ਢਾਂਚਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਹੈ, ਜਿਸ ਵੇਲੇ ਕਿ ਇਸਦੀ ਬਹੁਤ ਜ਼ਰੂਰਤ ਸੀ। ਉਹਨਾਂ ਕਿਹਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਮੁੜ ਬਣਨ ’ਤੇ ਪਿੰਡਾਂ ਵਿਚ ਸਿਹਤ ਦਾ ਬੁਨਿਆਦੀ ਢਾਂਚਾ ਤੇ ਹਸਪਤਾਲ ਬਣਾਏ ਜਾਣਗੇ ਤੇ ਸੂਬੇ ਭਰ ਦੇ ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਮੌਜੂਦ ਸਨ।