ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਵਿਖੇ ਮੁਫ਼ਤ ਕੋਰੋਨਾ ਵੈਕਸੀਨ ਕੈਂਪ ਦੀ ਸ਼ੁਰੂਆਤ
- ਪੰਜਾਬ ਸਰਕਾਰ ਕੋਰੋਨਾ ਕਾਲ ’ਚ ਫੇਲ੍ਹ ਸਾਬਤ ਹੋਈ, ਸ਼੍ਰੋਮਣੀ ਕਮੇਟੀ ਨੇ ਕੀਤੇ ਸ਼ਲਾਘਾਯੋਗ ਕਾਰਜ- ਸ. ਸੁਖਬੀਰ ਸਿੰਘ ਬਾਦਲ
- ਅਗਲੇ ਪੜਾਅ ਤਹਿਤ ਤਖ਼ਤ ਸਾਹਿਬਾਨ ’ਤੇ ਵੀ ਲਗਾਏ ਜਾਣਗੇ ਕੋਰੋਨਾ ਵੈਕਸੀਨ ਕੈਂਪ-ਬੀਬੀ ਜਗੀਰ ਕੌਰ
ਅੰਮ੍ਰਿਤਸਰ, 29 ਮਈ 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇਥੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਵਿਖੇ ਕੋਰੋਨਾ ਵੈਕਸੀਨ ਕੈਂਪ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸਾਂਝੇ ਤੌਰ ’ਤੇ ਕੀਤਾ। ਸ਼੍ਰੋਮਣੀ ਕਮੇਟੀ ਨੇ ਇਸ ਕੈਂਪ ਲਈ 53 ਲੱਖ ਰੁਪਏ ਨਾਲ ਪੰਜ ਹਜ਼ਾਰ ਕੋਰੋਨਾ ਵੈਕਸੀਨ ਦਾ ਪ੍ਰਬੰਧ ਕੀਤਾ ਹੈ, ਜੋ ਲੋਕਾਂ ਨੂੰ ਬਿਲਕੁਲ ਮੁਫ਼ਤ ਲਗਾਈ ਜਾਵੇਗੀ।
ਕੈਂਪ ਦੀ ਸ਼ੂਰੂਆਤ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਹ ਉਪਰਾਲਾ ਉਸ ਵੇਲੇ ਹੋਰ ਵੱਡੀ ਅਹਿਮੀਅਤ ਰੱਖਦਾ ਹੈ, ਜਦੋਂ ਲੋਕ ਵੈਕਸੀਨ ਲਗਵਾਉਣ ਲਈ ਖੱਜਲ ਹੋ ਰਹੇ ਹਨ ਅਤੇ ਪੰਜਾਬ ਦੀ ਸਰਕਾਰ ਵੱਲੋਂ ਵੈਕਸੀਨ ਦਾ ਯੋਗ ਪ੍ਰਬੰਧ ਨਹੀਂ ਹੈ। ਸ. ਬਾਦਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਸਮੇਂ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਆਪਣੀ ਜ਼ੁੰਮੇਵਾਰੀ ਬਾਖੂਬੀ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਬਣਦੀ ਜ਼ੁੰਮੇਵਾਰੀ ਨਹੀਂ ਨਿਭਾਈ, ਜਿਸ ਕਾਰਨ ਅੱਜ ਪੰਜਾਬ ਅੰਦਰ ਕੋਰੋਨਾ ਕਾਰਨ ਮੌਤ ਦਰ ਸਭ ਤੋਂ ਵੱਧ ਹੈ।
ਪੰਜਾਬ ਅੰਦਰ ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਨੇ ਵੈਕਸੀਨ, ਦਵਾਈਆਂ, ਵੈਂਟੀਲੈਂਟਰ ਅਤੇ ਕੋਵਿਡ ਕੇਅਰ ਕੇਂਦਰਾਂ ਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਵੈਕਸੀਨ ਸਭ ਤੋਂ ਵੱਡੀ ਜ਼ਰੂਰਤ ਹੈ, ਪਰ ਪੰਜਾਬ ਸਰਕਾਰ ਇਸ ਲਈ ਕੁਝ ਨਹੀਂ ਕਰ ਰਹੀ। ਉਨ੍ਹਾਂ ਭਾਰਤ ਸਰਕਾਰ ਦੇ ਪ੍ਰਬੰਧਾਂ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੇਤ ਸਮਾਜ ਸੇਵੀ ਸੰਸਥਾਵਾਂ ਕੋਰੋਨਾ ਕਾਲ ਦੌਰਾਨ ਲੋਕਾਂ ਦੀ ਹੋਰ ਵੀ ਵਧੇਰੇ ਮੱਦਦ ਕਰਨਾ ਚਾਹੁੰਦੀਆਂ ਹਨ, ਪਰੰਤੂ ਕੇਂਦਰ ਸਰਕਾਰ ਦੇ ਨਾਂਹ-ਪੱਖੀ ਰਵੱਈਏ ਕਾਰਨ ਸੰਭਵ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਇਸ ਦੀ ਉਦਾਹਰਣ ਸ਼੍ਰੋਮਣੀ ਕਮੇਟੀ ਨੂੰ ਫਾਈਜ਼ਰ ਵੈਕਸੀਨ ਦੀ ਸਰਕਾਰ ਵੱਲੋਂ ਇਜਾਜ਼ਤ ਨਾ ਦੇਣਾ ਹੈ, ਜਿਸ ਦਾ ਸ਼੍ਰੋਮਣੀ ਕਮੇਟੀ ਨੇ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਦੀ ਮੱਦਦ ਨਾਲ ਪ੍ਰਬੰਧ ਕੀਤਾ ਸੀ। ਸ. ਬਾਦਲ ਨੇ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸਰਕਾਰਾਂ ਅਜਿਹੇ ਸੰਕਟਮਈ ਸਮੇਂ ਨਕਾਰਾਤਮਕ ਰਵੱਈਆ ਕਿਉਂ ਅਪਣਾ ਰਹੀਆਂ ਹਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵੱਲੋਂ ਮਾਨਵਤਾ ਲਈ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਪੱਧਰ ’ਤੇ ਸਹਿਯੋਗ ਦੇਣ ਦੀ ਵਚਨਬੱਧਤਾ ਦੁਹਰਾਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਪੰਥ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੇ ਨਾਲ ਹੈ ਅਤੇ ਇਹ ਗੁਰੂ ਸਾਹਿਬਾਨ ਦੇ ਸਿਧਾਂਤਾਂ ਦੀ ਰੌਸ਼ਨੀ ਵਿਚ ਮਾਨਵ ਭਲਾਈ ਦੇ ਕਾਰਜ ਕਰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੁਣ 9 ਕੋਵਿਡ ਕੇਅਰ ਕੇਂਦਰ ਪੰਜਾਬ ਦੇ ਵੱਖ-ਵੱਖ ਥਾਵਾਂ ’ਤੇ ਸਥਾਪਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 900 ਦੇ ਕਰੀਬ ਮਰੀਜ਼ ਠੀਕ ਹੋਏ ਹਨ। ਹੁਣ ਸ਼੍ਰੋਮਣੀ ਕਮੇਟੀ ਨੇ ਕੋਰੋਨਾ ਵੈਕਸੀਨ ਦੇ ਕੈਂਪਾਂ ਦੀ ਸ਼ੁਰੂਆਤ ਕੀਤੀ ਹੈ। ਸ੍ਰੀ ਦਰਬਾਰ ਸਾਹਿਬ ਦੇ ਬਾਹਰ ਲਗਾਏ ਇਸ ਕੈਂਪ ਮਗਰੋਂ ਤਖ਼ਤ ਸਾਹਿਬਾਨ ਵਿਖੇ ਵੀ ਵੈਕਸੀਨ ਲਗਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪਹਿਲੇ ਦਿਨ ਤੋਂ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਖੇ ਮੁਫ਼ਤ ਵੈਕਸੀਨ ਲਗਾ ਰਹੀ ਹੈ ਅਤੇ ਆਉਂਦੇ ਦਿਨਾਂ ਵਿਚ ਹੋਰ ਵੀ ਵੱਡੇ ਪੱਧਰ ’ਤੇ ਵੈਕਸੀਨ ਮੰਗਵਾਉਣ ਲਈ ਯਤਨ ਕੀਤੇ ਜਾਣਗੇ। ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਵੈਕਸੀਨ ਦੇ ਪ੍ਰਬੰਧ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸ. ਅਜਮੇਰ ਸਿੰਘ ਖੇੜਾ, ਸ. ਹਰਭਜਨ ਸਿੰਘ ਮਸਾਣਾਂ, ਸ. ਭੁਪਿੰਦਰ ਸਿੰਘ ਭਲਵਾਨ, ਮੈਂਬਰ ਸ. ਅਲਵਿੰਦਰਪਾਲ ਸਿੰਘ ਪੱਖੋਕੇ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਹਰਪਾਲ ਸਿੰਘ ਜੱਲ੍ਹਾ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਅਵਤਾਰ ਸਿੰਘ ਵਣਵਾਲਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਹਰਮੀਤ ਸਿੰਘ ਕਾਲਕਾ, ਅਕਾਲੀ ਆਗੂ ਸ. ਅਮਰਪਾਲ ਸਿੰਘ ਬੋਨੀ, ਸ. ਤਲਬੀਰ ਸਿੰਘ ਗਿੱਲ, ਸ. ਗੁਰਪ੍ਰਤਾਪ ਸਿੰਘ ਟਿੱਕਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਡੀਨ ਡਾ. ਏ.ਪੀ. ਸਿੰਘ, ਓਐਸਡੀ ਡਾ. ਸੁਖਬੀਰ ਸਿੰਘ, ਸ. ਜਸਵਿੰਦਰ ਸਿੰਘ ਜੱਸੀ ਸੂਚਨਾ ਅਧਿਕਾਰੀ ਆਦਿ ਮੌਜੂਦ ਸਨ।
ਵੈਕਸੀਨ ਲਗਾਉਣ ਪੁੱਜੇ ਲੋਕਾਂ ਨੇ ਕੀਤਾ ਸ਼੍ਰੋਮਣੀ ਕਮੇਟੀ ਦਾ ਧੰਨਵਾਦ
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸੂਚਨਾ ਕੇਂਦਰ ਨਜ਼ਦੀਕ ਲਗਾਏ ਗਏ ਕੋਰੋਨਾ ਵੈਕਸੀਨ ਕੈਂਪ ਦੌਰਾਨ ਵੈਕਸੀਨ ਲਗਾਉਣ ਲਈ ਵੱਡੀ ਗਿਣਤੀ ਲੋਕ ਪਹੁੰਚੇ। ਲੋਕ ਕਤਾਰਾਂ ਵਿਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਆਪਸੀ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਤ ਕਰਦੇ ਰਹੇ। ਇਸ ਦੌਰਾਨ ਕੁਝ ਲੋਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਮੌਜੂਦਾ ਸਮੇਂ ਕੋਰੋਨਾ ਵੈਕਸੀਨ ਬਹੁਤ ਲਾਜ਼ਮੀ ਹੈ, ਪਰੰਤੂ ਉਨ੍ਹਾਂ ਨੂੰ ਵੈਕਸੀਨ ਲਗਵਾਉਣ ਲਈ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਸੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਲਗਾਏ ਕੈਂਪ ਦੌਰਾਨ ਉਹ ਵੈਕਸੀਨ ਲਗਵਾਉਣ ਲਈ ਪੁੱਜੇ ਹਨ। ਇਸ ਮੌਕੇ ਲੋਕਾਂ ਨੇ ਸ਼੍ਰੋਮਣੀ ਕਮੇਟੀ ਦਾ ਇਸ ਕਾਰਜ ਲਈ ਧੰਨਵਾਦ ਕੀਤਾ ਅਤੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵੈਕਸੀਨ ਲਗਾਉਣ ਲਈ ਪ੍ਰਬੰਧ ਕਰੇ। ਇਸੇ ਦੌਰਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅੱਜ ਸ਼ੁਰੂ ਕੀਤਾ ਗਿਆ ਕੋਰੋਨਾ ਵੈਕਸੀਨ ਕੈਂਪ ਅਗਲੇ ਦਿਨਾਂ ਵਿਚ ਵੀ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਸ੍ਰੀ ਅੰਮ੍ਰਿਤਸਰ ਦਾ ਸਟਾਫ਼ ਸੇਵਾ ਨਿਭਾਅ ਰਿਹਾ ਹੈ।