ਸਰਕਾਰ ਪੰਜਾਬ ਵਿੱਚ 10 ਆਕਸੀਜਨ ਪਲਾਂਟ ਲਾਵੇ ਅੱਧਾ ਖ਼ਰਚਾ ਅਸੀਂ ਕਰਾਂਗੇ - ਐੱਸ.ਪੀ ਓਬਰਾਏ
ਸੰਜੀਵ ਜਿੰਦਲ
ਮਾਨਸਾ 13 ਮਈ 2021 : ਪੰਜਾਬ ਸਮੇਤ ਪੂਰੇ ਭਾਰਤ ਵਿਚ ਕੋਰੋਨਾ ਮਹਾਂਮਾਰੀ ਨੇ ਕਹਿਰ ਮਚਾਇਆ ਹੋਇਆ ਹੈ । ਬੇਸ਼ੱਕ ਪੰਜਾਬ ਸਰਕਾਰ ਨੇ ਚਰਚਾ ਵਿੱਚ ਰਹਿਣ ਲਈ ਆਪਣੇ ਸੋਹਲੇ ਅਲਾਪੇ ਹੋਏ ਹਨ ,ਪਰ ਮਰੀਜ਼ਾਂ ਨੂੰ ਸਹੂਲਤਾਂ ਦੇਣ ਵਿੱਚ ਇਹ ਅਸਫਲ ਸਾਬਤ ਹੋਈ ਹੈ। ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਫਤਿਹ ਕਿੱਟਾਂ ਦੀ ਸਪਲਾਈ ਨਹੀਂ ਕੀਤੀ ਜਾ ਰਹੀ। ਇਸ ਤੋਂ ਇਲਾਵਾ ਵੇੈਟੀਲੇਟਰ ਅਤੇ ਆਕਸੀਜਨ ਦੀ ਕਮੀ ਨਾਲ ਵੀ ਪੰਜਾਬ ਦੇ ਹਸਪਤਾਲ ਅਤੇ ਲੋਕ ਜੂਝ ਰਹੇ ਹਨ। ਸਿਰਫ਼ ਇਹੋ ਹੀ ਨਹੀਂ ਟੈਸਟ ਟੈਸਟ ਰਿਪੋਰਟ ਵਿਚ ਸਿਰਫ ਨੈਗੇਟਿਵ ਜਾਂ ਪਾਜ਼ਿਟਿਵ ਹੀ ਲਿਖ ਕੇ ਰਿਪੋਰਟ ਦਿੱਤੀ ਜਾਂਦੀ ਹੈ ਜਦੋਂ ਕਿ ਮਰੀਜ਼ ਨੂੰ ਉਸ ਦੀ ਮੈਡੀਕਲ ਰਿਪੋਰਟ ਪੂਰੀ ਮਿਲਣੀ ਚਾਹੀਦੀ ਹੈ । ਜਿਸ ਨਾਲ ਮਰੀਜ਼ ਨੂੰ ਇਹ ਪਤਾ ਲੱਗ ਸਕੇ ਕਿ ਕੋਰੋਨਾ ਨੇ ਉਸਦੇ ਸਰੀਰ ਦੇ ਕਿਹੜੇ ਭਾਗ ਤੇ ਕਿੰਨਾ ਪ੍ਰਭਾਵ ਪਾਇਆ ਹੈ ।
ਦੁਬਈ ਦੇ ਵਪਾਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧ ਵਪਾਰੀ ਐੱਸਪੀ ਓਬਰਾਏ ਜਿਨ੍ਹਾਂ ਦਾ ਦੁਨੀਆਂ ਵਿੱਚ ਆਪਣਾ ਵੱਖਰਾ ਮੁਕਾਮ ਹੈ ,ਜੋ ਜਿੱਥੇ ਭਾਰਤ ਵਿਚ ਬਹੁਤ ਸਾਰਾ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ, ਉਥੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਲਈ ਐਲਾਨ ਕੀਤਾ ਹੈ ਕਿ ਸੂਬੇ ਵਿੱਚ 10 ਆਕਸੀਜਨ ਪਲਾਂਟ ਲਗਾਏ ਜਾਣ ਜਿਸ ਦਾ ਅੱਧਾ ਖਰਚਾ ਉਹ ਖ਼ੁਦ ਚੁੱਕਣਗੇ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਪੰਜਾਬ ਵਾਸੀਆਂ ਨੂੰ ਜਿਥੇ ਕੋਰੋਨਾ ਤੋਂ ਬਚਾਉਣ ਲਈ ਇਹ ਆਕਸੀਜਨ ਪਲਾਂਟ ਕੰਮ ਕਰਨਗੇ ਉਥੇ ਹੀ ਆਉਣ ਵਾਲੇ ਸਮੇਂ ਵਿਚ ਇੰਡਸਟਰੀ ਲਈ ਵੀ ਆਕਸੀਜਨ ਦੀ ਵਰਤੋਂ ਬਹੁਤ ਕੰਮ ਆਵੇਗੀ ।
ਹੁਣ ਪੰਜਾਬ ਇੱਕ ਸੰਕਟ ਦੀ ਘੜੀ ਵਿੱਚ ਖੜ੍ਹਾ ਹੈ ਪੰਜਾਬ ਸਰਕਾਰ ਨੂੰ ਆਪਣੇ ਖਰਚਿਆਂ ਵਿੱਚ ਕਟੌਤੀ ਕਰਕੇ ਇਹ ਪਲਾਂਟ ਲਗਾਉਣੇ ਚਾਹੀਦੇ ਹਨ । ਬਹੁਤ ਸਾਰੇ ਸਮਾਜ ਸੇਵੀ ਰਾਜਨੀਤਕ ਅਤੇ ਹੋਰ ਲੋਕਾਂ ਵਿਚ ਇਹ ਚਰਚਾ ਛਿੜ ਗਈ ਹੈ ਕਿ ਪੰਜਾਬ ਸਰਕਾਰ ਨੂੰ ਐੱਸ ਪੀ ਓਬਰਾਏ ਦਾ ਇਹ ਸੁਝਾਅ ਮੰਨ ਲੈਣਾ ਚਾਹੀਦਾ ਹੈ। ਕਿਉਂਕਿ ਪੰਜਾਬ ਸਰਕਾਰ ਲਈ ਇਕ ਵਧੀਆ ਮੌਕਾ ਹੈ । ਆਉਣ ਵਾਲੇ ਸਮੇਂ ਵਿੱਚ ਆਕਸੀਜਨ ਦੀ ਪੰਜਾਬ ਨੂੰ ਬਹੁਤ ਜ਼ਰੂਰਤ ਪਵੇਗੀ ।ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਸਰਕਾਰ ਐੱਸ ਪੀ ਓਬਰਾਏ ਵੱਲੋਂ ਦਿੱਤੇ ਗਏ ਸੁਝਾਅ ਉੱਪਰ ਅਮਲ ਕਰਦੀ ਹੈ ਜਾਂ ਨਹੀਂ ।