ਹਸਪਤਾਲ 'ਚ ਕੋਵਿਡ ਮਰੀਜ਼ਾਂ ਲਈ ਰੈਮਡੇਸਿਵਰ ਇੰਜੈਕਸ਼ਨ ਦੀ ਸਟੇਟ ਸਪਲਾਈ ਦੀ ਗਲਤ ਵਰਤੋਂ ਸਬੰਧੀ ਮਿਲੀ ਸ਼ਿਕਾਇਤ
ਹਰਜਿੰਦਰ ਸਿੰਘ ਭੱਟੀ
- ਕਾਰਨ ਦੱਸੋ ਨੋਟਿਸ ਜਾਰੀ
- ਹਸਪਤਾਲ ਅਥਾਰਟੀਆਂ ਨੂੰ 48 ਘੰਟਿਆਂ ਦੇ ਅੰਦਰ ਜਵਾਬ ਦੇਣ ਦੇ ਦਿੱਤੇ ਨਿਰਦੇਸ਼
ਐਸ.ਏ.ਐਸ.ਨਗਰ, 22 ਮਈ 2021 - ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਇਓ ਹਸਪਤਾਲ ਮੁਹਾਲੀ ਵਿਰੁੱਧ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਰੈਮਡੇਸਿਵਰ ਇੰਜੈਕਸ਼ਨ ਦੀ ਸਟੇਟ ਸਪਲਾਈ ਦੀ ਗਲਤ ਵਰਤੋਂ ਸਬੰਧੀ ਸ਼ਿਕਾਇਤ ਮਿਲੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ।
ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਸੂਬਾ ਸਰਕਾਰ ਵੱਲੋਂ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਨਿਰਧਾਰਤ ਰੇਟਾਂ ‘ਤੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਜਾ ਰਹੇ ਰੈਮਡੇਸਿਵਰ ਇੰਜੈਕਸ਼ਨਾਂ ਨੂੰ ਹਸਪਤਾਲ ਵੱਲੋਂ ਇੰਜੈਕਸ਼ਨ ਦਿੱਤੇ ਜਾਣ ਵਾਲੇ ਮਰੀਜ਼ਾਂ ਦਾ ਰਿਕਾਰਡ ਰੱਖੇ ਬਿਨ੍ਹਾਂ ਵਰਤਿਆ ਜਾ ਰਿਹਾ ਹੈ ਅਤੇ ਕਥਿਤ ਤੌਰ 'ਤੇ ਟੀਕਿਆਂ ਦੀ ਗ਼ਲਤ ਵਰਤੋਂ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧ ਵਿਚ ਹਸਪਤਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਹਸਪਤਾਲ ਅਥਾਰਟੀਆਂ ਨੂੰ 48 ਘੰਟਿਆਂ ਵਿਚ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।