ਹਸਪਤਾਲ ਨੂੰ ਮਨਜ਼ੂਰੀ ਨਾ ਦੇਣ ਖਿਲਾਫ ਬੰਨ੍ਹੀਆਂ ਕਾਲੀਆਂ ਪੱਟੀਆਂ
ਅਸ਼ੋਕ ਵਰਮਾ
ਬਠਿੰਡਾ,16ਮਈ2021 - ਭਾਰਤੀ ਜਨਤਾ ਪਾਰਟੀ ਨੇ ਅੱਜ ਕਰੋਨਾ ਮਰੀਜਾਂ ਦੇ ਮੁਫਤ ਇਲਾਜ ਲਈ ਕਿਸ਼ੋਰੀ ਰਾਮ ਹਸਪਤਾਲ ਨੂੰ ਪ੍ਰਵਾਨਗੀ ਨਾਂ ਦੇਣ ਖਿਲਾਫ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਜਤਾਇਆ ਅਤੇ ਮਨਜੂਰੀ ਨਾ ਦੇਣ ਵਾਲੇ ਅਫਸਰਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਅਤੇ ਭਾਜਪਾ ਯੁਵਾ ਮੋਰਚਾ ਦੇ ਜਿਲ੍ਹਾ ਪ੍ਰਧਾਨ ਸੰਦੀਪ ਅੱਗਰਵਾਲ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਜਿੱਥੇ ਕੋਰੋਨਾ ਮਹਾਂਮਾਰੀ ਨੇ ਹਾਹਾਕਾਰ ਮਚਾ ਰੱਖੀ ਹੈ,ਉੱਥੇ ਸ਼ਹਿਰ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਡਾ ਵਿਤੁਲ ਗੁਪਤਾ ਨੇ ਆਪਸੀ ਸਹਿਯੋਗ ਨਾਲ ਕਰੋਨਾ ਦੇ ਲੈਵਲ ਵਨ ਅਤੇ ਟੂ ਦੇ ਮਰੀਜਾਂ ਲਈ ਮੁਫਤ ਹਸਪਤਾਲ ਖੋਲ੍ਹਣ ਲੱਗੇ ਸਨ ਜਿਸ ਨੂੰ ਪ੍ਰਸ਼ਾਸ਼ਨ ਨੇ ਮਨਜੂਰੀ ਨਹੀਂ ਦਿੱਤੀ ਜੋਕਿ ਬੇਹੱਦ ਦੁਖਦਾਈ ਅਤੇ ਪੀੜਤਾਂ ਦੀ ਜਿੰਦਗੀ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਇਸ ਡਰ ਦੇ ਮਾਹੌਲ ਦੌਰਾਨ ਮਾਨਵਤਾ ਲਈ ਮਸੀਹਾ ਬਣ ਕੇ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ ।
ਉਨ੍ਹਾਂ ਕਿਹਾ ਕਿ ਇਸ ਦੇ ਉਲਟ ਕਥਿਤ ਸਿਆਸੀ ਹਿੱਤਾਂ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਕਥਿਤ ਲਾਹੇ ਲਈ ਹਸਪਤਾਲ ਨੂੰ ਲੰਬਾ ਸਮਾਂ ਬੀਤ ਜਾਣ ਦੇ ਬਾਅਦ ਵੀ ਮਨਜ਼ੂਰੀ ਨਾ ਦੇਣਾ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਨੀਅਤ ਤੇ ਸਵਾਲ ਖੜ੍ਹੇ ਕਰਦਾ ਹੈ। ਆਗੂਆਂ ਨੇ ਕਿਹਾ ਇਸ ਸਮੇਂ ਵਿੱਚ ਮੁੱਖ ਮੰਤਰੀ ਅਤੇ ਸਥਾਨਕ ਵਿਧਾਇਕ ਨੂੰ ਲੋਕਾਂ ਦੀ ਸੇਵਾ ਲਈ ਅੱਗੇ ਆਕੇ ਆਕਸੀਜਨ ਅਤੇ ਹੋਰ ਸਾਮਾਨ ਮੁਹੱਈਆ ਕਰਵਾਉਣਾ ਚਾਹੀਦਾ ਸੀ ਪਰ ਸਮਾਜਿਕ ਕਾਰਜਾਂ ’ਚ ਦਖਲਅੰਦਾਜੀ ਰਾਹੀਂ ਲੋਕਾਂ ਨੂੰ ਪ੍ਰੇਸ਼ਾਨੀ ਵਿੱਚ ਪਾਇਆ ਜਾ ਰਿਹਾ ਹੈ। ਆਗੂਆਂ ਨੇ ਇਸ ਸਮਾਜਿਕ ਕੰਮਾਂ ਨੂੰ ਲਟਕਾਉਣ ਵਾਲੇ ਅਫ਼ਸਰਾਂ ਵਿਰੁੱਧ ਕਾਰਵਾਈ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਵੈਂਟੀਲੇਟਰ ਸੇਵਾ ਭਾਵ ਨਾਲ ਕੰਮ ਕਰ ਰਹੀ ਸਮਾਜਿਕ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਸੌਂਪਣ ਅਤੇ ਕਿਸ਼ੋਰੀ ਰਾਮ ਹਸਪਤਾਲ ਨੂੰ ਤੁਰੰਤ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਗਗਨ ਗੋਇਲ ਅਤੇ ਸੰਜੀਵ ਡਾਗਰ ਵੀ ਹਾਜ਼ਰ ਸਨ।