ਫਾਈਲ ਫੋਟੋ
ਚੰਡੀਗੜ੍ਹ, 17 ਨਵੰਬਰ, 2016 : ਸੂਬੇ ਦੇ ਤਰਨਤਾਰਨ ਜ਼ਿਲ੍ਹੇ ਤੋਂ 2000 ਰੁਪਏ ਦੇ ਜਾਅਲੀ ਨੋਟਾਂ ਦੀ ਬਰਾਮਦੀ 'ਤੇ ਸਖ਼ਤ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਪ੍ਰਦੇਸ਼ ਕਾਂਗਰਸ ਨੇ ਕਿਹਾ ਹੈ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਪ੍ਰਧਾਨ ਮੰਤਰੀ ਦੀ ਨੋਟਬੰਦੀ ਸਕੀਮ ਕਿੰਨੀ ਗੈਰ ਪ੍ਰਭਾਵੀ ਤੇ ਵਿਅਰਥ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਭਾਰਤ ਭੂਸ਼ਣ ਆਸ਼ੂ, ਬ੍ਰਹਮ ਮੋਹਿੰਦਰਾ ਤੇ ਰਾਕੇਸ਼ ਪਾਂਡੇ ਨੇ ਕਿਹਾ ਕਿ ਇਸ ਸਕੀਮ ਨੇ ਆਮ ਲੋਕਾਂ ਨੂੰ ਪ੍ਰੇਸ਼ਾਨੀ 'ਚ ਧਕੇਲ ਦਿੱਤਾ ਹੈ, ਜਿਨ੍ਹਾਂ 'ਚੋਂ ਕਈ ਪੈਸਿਆਂ ਦੀ ਤੰਗੀ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਉਭਰ ਨਹੀਂ ਪਾ ਰਹੇ ਹਨ। ਜਿਸ ਤੋਂ ਸਾਬਤ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੋਟਬੰਦੀ ਸਕੀਮ ਆਪਣੇ ਦਾਅਵਿਆਂ ਮੁਤਾਬਿਕ ਟੀਚਿਆਂ ਦੀ ਪ੍ਰਾਪਤੀ 'ਚ ਅਸਫਲ ਰਹੀ ਹੈ।
ਇਥੇ ਜ਼ਾਰੀ ਬਿਆਨ 'ਚ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਮੋਦੀ ਦੇ ਉਨ੍ਹਾਂ ਦਾਅਵਿਆਂ ਦਾ ਹਾਸਾ ਉਡਾਇਆ ਹੈ ਕਿ ਨੋਟਬੰਦੀ ਸਕੀਮ ਦੇਸ਼ ਨੂੰ ਕਾਲੇ ਧੰਨ, ਭ੍ਰਿਸ਼ਟਾਚਾਰ ਤੇ ਸਰਹੱਦ ਪਾਰ ਤੋਂ ਆਉਣ ਵਾਲੀ ਹਵਾਲਾ ਰਾਸ਼ੀ ਤੋਂ ਮੁਕਤੀ ਦਿਲਾਉਣ 'ਚ ਸਹਾਇਤਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੇ ਹਾਲੇ ਤੱਕ 2000 ਰੁਪਏ ਦਾ ਨੋਟ ਨਹੀਂ ਦੇਖਿਆ ਹੈ, ਲੇਕਿਨ ਇਸਦਾ ਜਾਅਲੀ ਰੂਪ ਮਾਰਕੀਟ 'ਚ ਉਪਲਬਧ ਹੈ ਅਤੇ ਹਾਲਾਤ ਸਪੱਸ਼ਟ ਕਰ ਰਹੇ ਹਨ ਕਿ ਦੇਸ਼ 'ਚ ਕਾਲੇ ਧੰਨ ਦੀ ਸਮੱਸਿਆ ਅਜਿਹੇ ਬਿਨ੍ਹਾਂ ਸੋਚੇ ਸਮਝੇ ਚੁੱਕੇ ਗਏ ਕਦਮਾਂ ਨਾਲ ਹੱਲ ਨਹੀਂ ਹੋਣ ਵਾਲੀ।
ਇਸ ਲੜੀ ਹੇਠ ਨੋਟਬੰਦੀ ਦੇ ਐਲਾਨ ਤੋਂ ਬਾਅਦ ਦੇਸ਼ 'ਚ ਫੈਲ੍ਹੀ ਅਵਿਵਸਥਾ ਦਾ ਜ਼ਿਕਰ ਕਰਦਿਆਂ ਕਾਂਗਰਸ ਦੇ ਆਗੂਆਂ ਨੇ ਮੋਦੀ ਦੇ ਗੈਰ ਸੰਗਠਿਤ ਤੇ ਨਾਸਮਝੀ ਵਾਲੇ ਕਦਮਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਮੋਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਇਹ ਸਕੀਮ ਅਮੀਰਾਂ ਤੇ ਭ੍ਰਿਸ਼ਟਾਂ ਦੀਆਂ ਤਿਜੋਰੀਆਂ ਦੇ ਕਾਲੇ ਧੰਨ ਨੂੰ ਬਾਹਰ ਕੱਢਣ ਦੀ ਬਜਾਏ ਆਮ ਤੇ ਮਾਸੂਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਤੇ ਸਮੱਸਿਆਵਾਂ ਦਾ ਕਾਰਨ ਬਣੀ ਹੋਈ ਹੈ।
ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਸਕੀਮ ਮਾਸੂਮ ਗਰੀਬਾਂ ਦੀ ਲਾਗਤ 'ਤੇ ਅਮੀਰਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਦੇ ਕਾਲੇ ਧੰਨ ਨੂੰ ਸਫੈਦ 'ਚ ਤਬਦੀਲ ਕਰਨ ਲਈ ਤਿਆਰ ਕੀਤੀ ਗਈ ਹੈ, ਜਿਨ੍ਹਾਂ ਦੀ ਸਰਕਾਰ ਦੇ ਹੱਸਣਯੋਗ ਤੇ ਗੈਰ ਸੰਗਠਿਤ ਕਦਮਾਂ ਕਾਰਨ ਹੋਂਦ ਖਤਰੇ 'ਚ ਪੈ ਚੁੱਕੀ ਹੈ।
ਇਸਦੇ ਤਹਿਤ ਬੈਂਕਾਂ ਤੇ ਏ.ਟੀ.ਐਮਾਂ ਦੇ ਬਾਹਰ ਮਿਹਨਤ ਮਜ਼ਦੂਰੀ ਕਰਕੇ ਕਮਾਈ ਆਪਣੀ ਜਮ੍ਹਾ ਕਰੰਸੀ ਬਦਲਵਾਉਣ/ਜਮ੍ਹਾ ਕਰਵਾਉਣ/ਕੱਢਵਾਉਣ ਲਈ ਪ੍ਰੇਸ਼ਾਨ ਲੋਕਾਂ ਦੀ ਸਹਾਇਤਾ ਕਰਨ ਵਾਸਤੇ ਕਾਂਗਰਸ ਦੀ ਕੌਮੀ ਪੱਧਰੀ ਮੁਹਿੰਮ ਹੇਠ ਪੰਜਾਬ ਕਾਂਗਰਸ ਨੇ ਦਿਕੱਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਹਰ ਮੁਮਕਿਨ ਸਹਾਇਤਾ ਮੁਹੱਈਆ ਕਰਵਾਉਣ ਲਈ ਹਰ ਵਿਧਾਨ ਸਭਾ ਹਲਕੇ 'ਚ ਹੈਲਪ ਡੈਸਕਾਂ ਨੂੰ ਸਥਾਪਤ ਕੀਤਾ ਹੈ। ਇਸ ਤੋਂ ਇਲਾਵਾ, ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਆਗੂ ਤੇ ਵਰਕਰ ਲੋਕਾਂ ਦੀ ਫਾਰਮ ਭਰਨ ਤੇ ਉਨ੍ਹਾਂ ਨੂੰ ਤਕਨੀਕੀਆਂ ਸਮਝਾਉਣ ਲਈ ਸਹਾਇਤਾ ਕਰਨ ਸਮੇਤ ਲੋਕਾਂ ਦਾ ਪਾਣੀ ਤੇ ਚਾਹ ਦੇ ਲੰਗਰਾਂ ਨਾਲ ਸਮਰਥਨ ਵੀ ਕਰ ਰਹੇ ਹਨ।