ਅਸ਼ੋਕ ਵਰਮਾ
- ਉੱਘੇ ਗਾਇਕ ਰਵਿੰਦਰ ਗਰੇਵਾਲ ਨੇ ਵੀ ਲਵਾਈ ਹਾਜ਼ਰੀ
ਨਵੀਂ ਦਿੱਲੀ 16 ਜਨਵਰੀ 2021 - ਤਿੰਨੇ ਖੇਤੀ ਵਿਰੋਧੀ ਕਾਨੂੰਨਾਂ, ਬਿਜ਼ਲੀ ਸੋਧ ਬਿੱਲ 2020 ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਕਰੋੜਾਂ ਦੇ ਜੁਰਮਾਨੇ ਅਤੇ ਸਜ਼ਾਵਾਂ ਦਾ ਆਰਡੀਨੈਂਸ ਰੱਦ ਕਰਾਉਣ ਲਈ 26 ਨਵੰਬਰ ਤੋਂ ਚੱਲ ਰਹੇ ਦਿੱਲੀ ਕਿਸਾਨ ਮੋਰਚੇ ਦੇ ਅੱਜ 52ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿੱਕਰੀ ਬਾਰਡਰ ਨੇੜੇ ਪਕੋੜਾ ਚੌਂਕ ਸਟੇਜ 'ਤੇ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੇ ਭਰਵੀਂ ਸਮੂਲੀਅਤ ਕੀਤੀ।ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਿਸ਼ਵ ਵਪਾਰ ਸੰਸਥਾ ਨੀਤੀਆ ਨੂੰ ਲਾਗੂ ਕਰਨ ਲਈ ਬਜਿੱਦ ਹੈ।
ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਸੰਘਰਸ਼ ਨੂੰ ਹੋਰ ਤੇਜ਼ ਤੇ ਵਿਸ਼ਾਲ ਕਰਦੇ ਹੋਏ19 ਜਨਵਰੀ ਨੂੰ ਕੌਮਾਂਤਰੀ ਵਿੱਤੀ ਸੰਸਥਾਵਾਂ ਸੰਸਾਰ ਵਪਾਰ ਸੰਸਥਾ ਤੇ ਕੌਮਾਂਤਰੀ ਮੁਦਰਾ ਕੋਸ਼ ਦੀਆਂ ਅਰਥੀਆਂ ਸਾੜਕੇ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਕਿਸਾਨ 26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ। ਉਹਨਾਂ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਟਰੈਕਟਰ ਪਰੇਡ ਪੂਰੀ ਤਰ੍ਹਾਂ ਸ਼ਾਂਤਮਈ ਰੱਖਣ । ਉਹਨਾਂ ਕਿਹਾ ਕਿ ਅੱਜ ਤੱਕ ਜਾਰੀ ਸ਼ਾਂਤਮਈ ਸੰਘਰਸ਼ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕਰ ਚੁੱਕਿਆ ਹੈ। ਚੋਣਾਂ ਵੇਲੇ ਕੀਤੇ ਵਾਅਦਿਆਂ ਤੋਂ ਭੱਜਣ ਵਾਲੇ ਮੰਤਰੀਆਂ ਵਿਧਾਇਕਾਂ ਨੂੰ ਘਰਾਂ ਵਿੱਚ ਕੈਦ ਹੋਣਾ ਪੈ ਰਿਹਾ ਹੈ ।
ਅੱਜ ਦੇ ਧਰਨੇ ਵਿੱਚ ਪਹੁੰਚੇ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਨੇ "ਮੋਰਚੇ ਚੋਂ ਲਭਦੇ ਗੁਆਚੇ ਹੋਏ ਪੁੱਤ ਅੱਜ ਤਾਂ ਹੀ ਖਿੜਿਆ ਮੁੱਖ ਪੰਜਾਬ ਦਾ" ਗੀਤ ਪੇਸ਼ ਕੀਤਾ ਅਤੇ ਸ਼ਹੀਦ ਏ ਆਜਮ ਭਗਤ ਸਿੰਘ ਨੂੰ ਸਮਰਪਿਤ ਫਾਂਸੀ ਬਹੁਤ ਹੀ ਕਬੂਲ ਹੋ ਨਿਬੜਿਆ ਉਨ੍ਹਾਂ ਸਟੇਜ ਤੋਂ ਆਪਣੇ ਭਾਸ਼ਣ ਦੌਰਾਨ ਨੌਜਵਾਨਾਂ ਨੂੰ ਸ਼ਾਂਤਮਈ ਰਹਿ ਕੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰ ਕੇ ਵੱਧ ਤੋ ਵੱਧ ਸ਼ਮੁਲੀਅਤ ਕਰਨ ਦਾ ਸੱਦਾ ਦਿੱਤਾ।
ਮਰਹੂਮ ਨਾਟਕਕਾਰ ਹੰਸਾ ਸਿੰਘ ਦੁਆਰਾ ਕਿ੍ਸ਼ਨ ਚੰਦਰ ਦੇ ਬਹੁ ਚਰਚਿਤ ਨਾਵਲ ਜਦੋਂ ਖੇਤ ਜਾਗੇ ਦੀ ਕਹਾਣੀ 'ਤੇ ਆਧਾਰਿਤ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ "ਮਿੱਟੀ ਦਾ ਮੋਹ "ਨਾਟਕ ਟੀਮ ਨਵਚਿੰਤਨ ਕਲਾ ਬਿਆਸ (ਪਲਸ ਮੰਚ) ਵੱਲੋਂ ਪੇਸ਼ ਕੀਤਾ ਗਿਆ। ਅੱਜ ਦੇ ਇਕੱਠ ਨੂੰ ਰੂਪ ਸਿੰਘ ਛੰਨਾ, ਪੈਨਸ਼ਨਰ ਐਸੋਸੀਏਸ਼ਨ ਮੰਡਲ ਲਹਿਰਾਗਾਗਾ ਦੇ ਆਗੂ ਗੁਰਪਿਆਰ ਸਿੰਘ, ਹਰਸ਼ਿੰਦਰ ਕੌਰ ਝੇਰਿਆਂ ਵਾਲੀ, ਪਰਮਜੀਤ ਕੌਰ ਦਿੜ੍ਹਬਾ, ਰਾਮ ਸਿੰਘ ਨਿਰਮਾਣ, ਗੁਲਾਬ ਰਸੂਲਪੁਰ, ਸਿਮਰਪਾਲ ਕੌਰ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਰਬਾਰਾ ਸਿੰਘ ਨੇ ਵੀ ਸੰਬੋਧਨ ਕੀਤਾ।