ਅਸ਼ੋਕ ਵਰਮਾ
ਬਠਿੰਡਾ, 29 ਜਨਵਰੀ 2021 - ਬਠਿੰਡਾ ਜਿਲ੍ਹੇ ਦੇ ਪਿੰਡ ਵਿਰਕ ਖੁਰਦ ਦੀ ਪੰਚਾਇਤ ਨੇ ਕਿਸਾਨ ਸੰਘਰਸ਼ ਦੇ ਹੱਕ ’ਚ ਝੰਡਾ ਚੁੱਕਦਿਆਂ ਪਿੰਡ ਦੇ ਹਰ ਵਿਅਕਤੀ ਲਈ ਦਿੱਲੀ ਮੋਰਚੇ ’ਚ ਸ਼ਾਮਲ ਹੋਣਾ ਲਾਜਮੀ ਕਰ ਦਿੱਤਾ ਹੈ। ਲੰਘੀ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ਤੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਕਿਸਾਨੀ ਸੰਘਰਸ਼ ਨੂੰ ਸੰਕਟ ’ਚ ਫਸਣ ਦੇ ਤੌਖਲਿਆਂ ਦੌਰਾਨ ਵਿਰਕ ਖੁਰਦ ਦੀ ਸਰਪੰਚ ਮਨਜੀਤ ਕੌਰ ਦੀ ਅਗਵਾਈ ਹੇਠ ਗਰਾਮ ਪੰਚਾਇਤ ਨੇ ਇਹ ਨਿਵੇਕਲੀ ਪਹਿਲ ਕਦਮੀ ਕੀਤੀ ਹੈ। ਪੰਚਾਇਤ ਨੇ 27 ਜਨਵਰੀ ਨੂੰ ਇਸ ਸਬੰਧ ’ਚ ਬਾਬਾ ਮਸਤ ਰਾਮ ਦੇ ਥੜੇ ਤੇ ਪਿੰਡ ਵਾਸੀਆਂ ਦਾ ਇਕੱਠ ਕਰਕੇ ਬਕਾਇਦਾ ਮਤਾ ਪਾਇਆ ਹੈ। ਇਸ ਤੋਂ ਪਹਿਲਾਂ ਪਿੰਡ ਦੇ ਲੋਕਾਂ ਦੀ ਸਲਾਹ ਵੀ ਲਈ ਗਈ।
ਹੁਣ ਜਦੋਂ ਪੈਲੀਆਂ ਦਾ ਮਸਲਾ ਆਇਆ ਤਾਂ ਪਿੰਡ ਵਾਸੀ ਇੱਕ ਮੋਰੀ ਨਿੱਕਲ ਗਏ ਹਨ। ਇਕੱਠ ਨੇ ਪੰਚਾਇਤ ਵੱਲੋਂ ਕੀਤੇ ਫੈਸਲੇ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਹੈ। ਪੰਚਾਇਤ ਵੱਲੋਂ ਪਾਏ ਮਤੇ ਅਨੁਸਾਰ ਹਰੇਕ ਪਿੰਡ ਵਾਸੀ ਦਾ ਦਿੱਲੀ ਮੋਰਚੇ ’ਚ 7 ਦਿਨ ਲਈ ਸ਼ਾਮਲ ਹੋਣਾ ਜਰੂਰੀ ਹੈ। ਜੇਕਰ ਕੋਈ ਵੀ ਵਿਅਕਤੀ ਪੰਚਾਇਤ ਦੇ ਫੈਸਲੇ ਨੂੰ ਨਹੀਂ ਮੰਨੇਗਾ ਤਾਂ ਉਸ ਨੂੰ 15 ਸੌ ਰੁਪਿਆ ਜੁਰਮਾਨਾ ਕਰਨ ਦੀ ਗੱਲ ਆਖੀ ਗਈ ਹੈ। ਇਸ ਦੇ ਨਾਲ ਹੀ ਮਤੇ ਦੀ ਉਲੰਘਣਾ ਕਰਨ ਵਾਲਿਆਂ ਦਾ ਬਾਈਕਾਟ ਕਰਨਾ ਵੀ ਸ਼ਾਮਲ ਹੈ। ਮਤੇ ਦਾ ਮਹੱਤਵਪੂਰਨ ਤੱਥ ਹੈ ਕਿ ਦਿੱਲੀ ਮੋਰਚੇ ’ਚ ਜੇ ਕਿਸੇ ਦੀ ਗੱਡੀ ਜਾਂ ਟਰੈਕਟਰ ਆਦਿ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਪੂਰਤੀ ਦੀ ਜਿੰਮੇਵਾਰੀ ਪੰਚਾਇਤ ਨੇ ਲਈ ਹੈ।
ਪੈਲੀਆਂ ਦੀ ਜੰਗ ਬਣਿਆ ਮੋਰਚਾ:ਸਰਪੰਚ
ਵਿਰਕ ਖੁਰਦ ਦੀ ਸਰਪੰਚ ਮਨਜੀਤ ਕੌਰ ਦਾ ਕਹਿਣਾ ਸੀ ਕਿ ਦਿੱਲੀ ਮੋਰਚਾ ਹੁਣ ਪੈਲੀਆਂ ਬਚਾਉਣ ਦੀ ਜੰਗ ਬਣ ਗਿਆ ਹੈ। ਉਹਨਾਂ ਕਿਹਾ ਕਿ ਅਸਲ ’ਚ ਕੁੱਝ ਚੈਨਲਾਂ ਰਾਹੀਂ ਮੋਰਚੇ ਦੇ ਨਿਵਾਣਾਂ ਵੱਲ ਜਾਣ ਦਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਨੂੰ ਦੇਖਦਿਆਂ ਪਿੰਡ ਵਾਸੀ ਕਿਸਾਨ ਮੋਦੀ ਸਰਕਾਰ ਨਾਲ ਥਾਂ ਦੋ ਦੋ ਹੱਥ ਕਰਨ ਲਈ ਤਿਆਰ ਹੋਏ ਹਨ। ਉਹਨਾਂ ਆਖਿਆ ਕਿ ਕਿਸਾਨਾਂ ਦੇ ਰਾਹ ਕੜਾਕੇ ਦੀ ਠੰਢ ਰੋਕ ਸਕੀ ਹੈ ਅਤੇ ਨਾਂ ਹੀ ਮੋਦੀ ਸਰਕਾਰ ਦੇ ਜਾਬਰ ਹੱਲੇ ਬਲਕਿ ਕੇਂਦਰ ਸਰਕਾਰ ਦੀਆਂ ਚਾਲਾਂ ਲੋਕ ਰੋਹ ਨੂੰ ਹੋਰ ਪ੍ਰਚੰਡ ਕਰ ਰਹੀਆਂ ਹਨ। ਉਹਨਾਂ ਆਖਿਆ ਕਿ ਸਰਕਾਰ ਜੋ ਮਰਜੀ ਕਰੇ ਸਿਰਫ ਵਿਰਕ ਖੁਰਦ ਹੀ ਨਹੀਂ ਹੱਕ ਸੱਚ ਦੇ ਰਾਹ ਤੇ ਤੁਰੇ ਪਿੰਡਾਂ ਦੇ ਕਾਫਲੇ ਵਧਦੇ ਹੀ ਜਾਣਗੇ।
ਪਿੰਡ ’ਚ ਭਾਰੀ ਉਤਸ਼ਾਹ:ਜਗਜੀਤ ਸਿੰਘ
ਸਰਪੰਚ ਮਨਜੀਤ ਕੌਰ ਦੇ ਲੜਕੇ ਜਗਜੀਤ ਸਿੰਘ ਦਾ ਕਹਿਣਾ ਸੀ ਕਿ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਲਈ ਪਿੰਡ ’ਚ ਭਾਰੀ ਉਤਸ਼ਾਹ ਹੈ। ਉਹਨਾਂ ਕਿਹਾ ਕਿ ਅੰਬਾਨੀ-ਅਡਾਨੀ ਦਾ ਹੱਲਾ ਵੱਡਾ ਹੈ ਇਸ ਲਈ ਹੁਣ ਸਾਰਿਆਂ ਨੂੰ ਇੱਕਠੇ ਨਿੱਤਰਨਾ ਪੈਣਾ ਹੈ। ਉਹਨਾਂ ਆਖਿਆ ਕਿ ਜੇ ਹੁਣ ਜ਼ਮੀਨਾਂ ਬਚਾ ਨਾ ਸਕੇ ਤਾਂ ਅਗਲੀਆਂ ਪੀੜ੍ਹੀਆਂ ਨੇ ਕਦੇ ਮੁਆਫ ਨਹੀਂ ਕਰਨਾ ਹੈ। ਉਹਨਾਂ ਆਖਿਆ ਕਿ ਅਸਲ ’ਚ ਕੇਂਦਰ ਨੇ ਕਿਸਾਨ ਰੋਹ ਪਰਖਿਆ ਹੈ ਇਸ ਲਈ ਉਹ ਹਰ ਇਮਤਿਹਾਨ ਦੇਣ ਨੂੰ ਤਿਆਰ ਹਨ। ਉਹ ਆਖਦਾ ਹੈ ਕਿ ਜੇ ਘਰ ਰੁਕ ਜਾਂਦੇ ਹਾਂ ਤਾਂ ਜ਼ਮੀਨਾਂ ਨੇ ਹੱਥੋਂ ਕਿਰ ਜਾਣਾ ਸੀ ਤਾਹੀਂਓਂ ਘਰਾਂ ਚੋਂ ਨਿਕਲਣ ਦਾ ਫੈਸਲਾ ਲਿਆ ਹੈ।
ਸੰਘਰਸ਼ ਦਾ ਰਾਹ ਹੁਣ ਮੁੱਖ ਲੋੜ:ਝੁੰਬਾ
ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਵਿਰਕ ਖੁਰਦ ਵਾਸੀਆਂ ਵੱਲੋਂ ਮੋਰਚੇ ਲਈ ਪੱਟਿਆ ਕਦਮ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਸਿਰਫ਼ ਪੂੰਜੀਪਤੀਆਂ ਦੇ ਹਿੱਤਾਂ ਬਾਰੇ ਹੀ ਸੋਚ ਰਹੀ ਹੈ ਅਤੇ ਦੇਸ਼ ਵਾਸੀਆਂ ਨੂੰ ਕਾਰਪੋਰੇਟਾਂ ਦਾ ਗੁਲਾਮ ਬਣਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਹੋਕੇ ਇਹਨਾਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਵਾਲੀ ਕੇਂਦਰ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਉਹਨਾਂ ਬਹਾਦਰ ਪੰਜਾਬੀਆਂ ਨੂੰ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੀ ਲੜਾਈ ’ਚ ਸ਼ਮੂਲੀਅਤ ਦਾ ਸੱਦਾ ਦਿੱਤਾ।