- ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਲਾਈਫ ਕੇਅਰ ਫਾਉਂਡੇਸ਼ਨ ਡੇਰਾ-ਬੱਸੀ ਦੇ ਸਹਿਯੋਗ ਨਾਲ ਸਿੰਘੂ ਬਾਰਡਰ ਦਿੱਲੀ ਵਿਖੇ ਬਣਾਏ ਗਏ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਵਿਖੇ ਮੁਫਤ ਦਿੱਤੀਆਂ ਜਾ ਰਹੀਆਂ ਐਮਰਜੈਂਸੀ ਅਤੇ ਸਿਹਤ ਸੇਵਾਵਾਂ ਵਿੱਚ ਕੀਤਾ ਵਾਧਾ
ਨਵਾਂਸ਼ਹਿਰ 23 ਜਨਵਰੀ 2021 - ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦੇ ਪ੍ਰਧਾਨ ਸ. ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਖਾਲਸਾ ਵੱਲੋਂ ਦੱਸਿਆ ਗਿਆ ਕਿ ਸਿੰਘੂ ਬਾਰਡਰ ਦਿੱਲੀ ਵਿਖੇ ਲਾਈਫ ਕੇਅਰ ਫਾਉਂਡੇਸ਼ਨ ਡੇਰਾ-ਬੱਸੀ ਦੇ ਸਹਿਯੋਗ ਨਾਲ ਨਿਰਮਾਣ ਕੀਤੇ ਗਏ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਵਿਖੇ ਐਮਰਜੈਂਸੀ ਅਤੇ ਸਿਹਤ ਸਬੰਧੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਗਿਆ ਹੈ ।
ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ 'ਤੇ ਬੈਠੇ ਕਿਸਾਨ ਭਰਾਵਾਂ ਨੂੰ 2 ਮਹੀਨੇ ਦੇ ਕਰੀਬ ਸਮਾਂ ਹੋ ਗਿਆ ਹੈ। ਵੱਧ ਰਹੇ ਇੱਕਠ ਅਤੇ ਠੰਡ ਕਾਰਨ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਵਿਖੇ ਜਿੱਥੇ ਪਹਿਲਾਂ ਮਰੀਜ਼ਾਂ ਲਈ ਚਾਰ ਬੈਡ ਸੀ ਹੁਣ *ਅੱਠ ਬੈਡ* ਕਰ ਦਿੱਤੇ ਗਏ ਹਨ । ਹੁਣ ਹਸਪਤਾਲ ਵਿਖੇ *ਫਿਜੀਓ-ਥੈਰੇਪੀ* ਦੀ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਜਿਸ ਦਾ ਬਹੁਤ ਸਾਰੀਆਂ ਸੰਗਤਾਂ ਵੱਲੋਂ ਲਾਹਾ ਲਿਆ ਜਾ ਰਿਹਾ ਹੈ। ਲੋੜਵੰਦਾਂ ਲਈ 24 ਘੰਟੇ ਐਮਰਜੈਂਸੀ ਅਤੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ-ਨਾਲ *ਫਰੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਆਕਸੀਜਨ ਦੀ ਸੇਵਾ, ਖੂਨ ਜਾਂਚ ਲਈ ਲੈਬੋਰੇਟਰੀ ਦੀ ਸੇਵਾਵਾਂ, ਈ. ਸੀ. ਜੀ. ਦੀ ਸੇਵਾਵਾਂ, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਟੈਸਟ ਅਤੇ 24 ਘੰਟੇ ਫਰੀ ਦਵਾਈਆਂ ਦੀ ਸੇਵਾ* ਚਲਾਈ ਜਾ ਰਹੀ ਹੈ।
ਹਸਪਤਾਲ ਵਿਖੇ 24 ਘੰਟੇ ਐਮਰਜੈਂਸੀ ਸੇਵਾਵਾਂ ਲਈ 3 ਡਾਕਟਰ ਸਮੇਤ ਨਰਸਾਂ ਦਾ ਸਟਾਫ ਵਲੋਂ ਡਿਊਟੀਆਂ ਨਿਭਾਈਆਂ ਜਾ ਰਹੀਆਂ ਹਨ ਤਾਂ ਜੋ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ । ਉਹਨਾਂ ਦੱਸਿਆ ਕਿ ਹਸਪਤਾਲ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਰ ਰੋਜ ਲਾਹਾ ਲੈ ਰਹੀਆਂ ਹਨ ।ਉਹਨਾਂ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਇਸ ਨੇਕ ਕਾਰਜ ਲਈ ਆਪਣਾ ਸਹਿਯੋਗ ਦੇਣ ਲਈ ਅੱਗੇ ਆਉਣ ਲਈ ਬੇਨਤੀ ਕੀਤੀ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਲੋੜ ਪੈਂਦੀ ਹੈ ਤਾਂ ਮੈਡੀਕਲ ਸੇਵਾਵਾਂ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਹਰਪ੍ਰੀਤ ਸਿੰਘ ਹੈਪੀ, ਸਾਜਿਦ ਖਾਨ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਜਸਵੀਰ ਸਿੰਘ, ਰਣਜੀਤ ਸਿੰਘ, ਜਤਿੰਦਰ ਸਿੰਘ, ਇੰਦਰਜੀਤ ਸਿੰਘ, ਹਰਮੇਲ ਸਿੰਘ, ਸੁਰਿੰਦਰਪਾਲ ਸਿੰਘ, ਹਰਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਹਾਜ਼ਰ ਸਨ।