ਅਸ਼ੋਕ ਵਰਮਾ
ਬਠਿੰਡਾ, 31 ਜਨਵਰੀ 2021 - ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਤਕੜਾਈ ਦੇਣ ਲਈ ਖੇਤ ਮਜਦੂਰ ਪ੍ਰੀਵਾਰਾਂ ਨੂੰ ਇਸ ਘੋਲ ਦਾ ਹਿੱਸਾ ਬਨਾਉਣ ਦੀ ਅਣਸਰਦੀ ਲੋੜ ਦੀ ਪੂਰਤੀ ਲਈ ਪੰਜਾਬ ਖੇਤ ਮਜਦੂਰ ਯੂਨੀਅਨ ਨੇ 15 ਤੋਂ 20 ਫਰਵਰੀ ਤੱਕ ਜਿਲਾ ਪੱਧਰ ਤੇ ਵਿਸ਼ਾਲ ਕਾਨਫਰੰਸਾਂ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫੈਸਲਾ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ ਹੈ। ਉਹਨਾਂ ਆਖਿਆ ਕਿ ਖੇਤ ਮਜਦੂਰ ਕਿਸਾਨ ਲਹਿਰ ਦਾ ਸਭ ਤੋਂ ਜਿਆਦਾ ਲੁੱਟਿਆ ਪੁੱਟਿਆ ਤੇ ਜੁਝਾਰੂ ਅੰਗ ਹੈ ਅਤੇ ਖੇਤੀ ਖੇਤਰ ‘ਚ ਹੁੰਦੀਂ ਹਰ ਤਬਦੀਲੀ ਉਹਨਾਂ ਦੀ ਜਿੰਦਗੀ ਨੂੰ ਬੇਹੱਦ ਪ੍ਰਭਾਵਿਤ ਕਰਦੀ ਹੈ।
'
ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ 26 ਜਨਵਰੀ ਦੀਆਂ ਘਟਨਾਵਾਂ ਬਹਾਨੇ ਕਿਸਾਨੀ ਘੋਲ ਨੂੰ ਫਿਰਕੂ ਰੰਗਤ ਦੇ ਕੇ ਕਿਸਾਨ ਮੋਰਚਿਆਂ ’ਤੇ ਵਿੱਢੇ ਫਿਰਕੂ ਫਾਸੀ ਹੱਲੇ ਦਾ ਟਾਕਰਾ ਕਰਨ ਲਈ ਵਿਸ਼ਾਲ ਕਿਸਾਨ ਏਕਤਾ ਅਤੇ ਸਮੂਹ ਇਨਸਾਫ ਪਸੰਦ, ਜਮਹੂਰੀ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਡਟਵੀ ਹਮਾਇਤ ਦੀ ਲੋੜ ਹੈ। ਉਹਨਾਂ ਦੱਸਿਆ ਕਿ ਇਹਨਾਂ ਕਾਨਫਰੰਸਾਂ ਦੌਰਾਨ ਖੇਤ ਮਜਦੂਰਾਂ ਨੂੰ ਖੇਤੀ ਕਾਨੂੰਨਾਂ ਤੇ ਜਾਤਪਾਤੀ ਵਿਤਕਰੇ ਤੇ ਜਬਰ ਦੇ ਖਿਲਾਫ ਡਟਣ ਦਾ ਸੱਦਾ ਦਿੱਤਾ ਜਾਏਗਾ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਇੱਕ ਹੱਥ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਤੇਜੀ ਨਾਲ ਲਾਗੂ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ ਅਤੇ ਦੂਜੇ ਪਾਸੇ ਦੇਸ਼ ’ਚ ਵੰਡੀਆਂ ਦੀ ਸਿਆਸਤ ਖੇਡਦਿਆਂ ਦਲਿਤਾਂ ਤੇ ਮੁਸਲਮਾਨਾਂ ਨੂੰ ਵਿਸ਼ੇਸ਼ ਨਿਸ਼ਾਨਾ ਬਨਾਉਣ ਤੋਂ ਅੱਗੇ ਵਧਕੇ ਹੁਣ ਕਿਸਾਨਾਂ ‘ਚ ਫਿਰਕੂ ਵੰਡੀਆਂ ਪਾਉਣ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ ।
ਉਹਨਾਂ ਦੋਸ਼ ਲਾਇਆ ਕਿ ਭਾਜਪਾ ਦੇ ਸੱਤਾ ‘ਚ ਆਉਣ ਤੋਂ ਬਾਅਦ ਦਲਿਤਾਂ ’ਤੇ ਜਾਤਪਾਤੀ ਅੱਤਿਆਚਾਰਾਂ ‘ਚ ਬੇਸਸ਼ਮਾਰ ਵਾਧਾ ਹੋਇਆ ਹੈ । ਉਹਨਾਂ ਦੱਸਿਆ ਕਿ ਮਾਮਲੇ ਦਾ ਗੰਭੀਰ ਪਹਿਲੂ ਇਹ ਹੈ ਕਿ ਦਲਿਤਾਂ ਦੇ ਹੱਕ ’ਚ ਅਵਾਜ ਉਠਾਉਣ ਵਾਲੇ ਬੁੱਧੀਜੀਵੀ ਜੇਲਾਂ ਵਿੱਚ ਡੱਕਣੇ ਸ਼ੁਰੂ ਕਰ ਦਿੰਦੇ ਹਨ। ਉਹਨਾਂ ਆਖਿਆ ਕਿ ਦੁਖਦਾਈ ਪਹਿਲੂ ਹੈ ਕਿ ਸੀਖਾਂ ਪਿੱਛੇ ਡੱਕੇ ਜਾਣ ਵਾਲੇ ਅਜਿਹੇ ਬੁੱਧੀਜੀਵੀਆਂ ਨੂੰ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਖੇਤ ਮਜਦੂਰ ਕਾਨਫਰੰਸਾਂ ਦੌਰਾਨ ਖੇਤੀ ਕਾਨੂੰਨ ਤੇ ਬਿਜਲੀ ਸੋਧ ਬਿੱਲ 2020 ਰੱਦ ਕਰਨ, ਦਲਿਤਾਂ ‘ਤੇ ਜਬਰ ਰੋਕਣ , ਗਿਰਫਤਾਰ ਕੀਤੇ ਕਿਸਾਨਾਂ ਦੀ ਬਿਨਾਂ ਸਰਤ ਰਿਹਾਈ, ਕਿਸਾਨ ਮੋਰਚਿਆਂ ’ਤੇ ਹਮਲੇ ਬੰਦ ਕਰਨ, ਦਲਿਤਾਂ ਦੀ ਸਮਾਜਿਕ ਬਰਾਬਰੀ ਦੀ ਗਰੰਟੀ, ਗਿਰਫਤਾਰ ਕੀਤੇ ਬੁੱਧੀਜੀਵੀਆਂ ਨੂੰ ਰਿਹਾਅ ,ਖੇਤ ਮਜਦੂਰਾਂ ਦੇ ਰੁਜਗਾਰ ਦਾ ਪੱਕਾ ਪ੍ਰਬੰਧ, ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ, ਖੇਤ ਮਜਦੂਰਾਂ ਦੇ ਸਮੁੱਚੇ ਕਰਜੇ ਖਤਮ ਅਤੇ ਤਿੱਖੇ ਜਮੀਨੀ ਸੁਧਾਰ ਕਾਨੂੰਨ ਲਾਗੂ ਕਰਨ ਵਰਗੇ ਮੁੱਦੇ ਜੋਰ ਨਾਲ ਉਭਾਰੇ ਜਾਣਗੇ। ਉਹਨਾਂ ਕਿਹਾ ਕਿ ਇਹਨਾਂ ਕਾਨਫਰੰਸਾਂ ਦੀ ਤਿਆਰੀ ਲਈ ਪਿੰਡਾਂ ਅੰਦਰ ਘਰ ਘਰ ਦੇ ਅੰਦਰ ਜੋਰਦਾਰ ਮੁਹਿੰਮ ਚਲਾਈ ਜਾਵੇਗੀ ਅਤੇ ਪਿੰਡਾਂ ‘ਚ ਮੀਟਿੰਗਾਂ ਰੈਲੀਆਂ ਤੇ ਜਾਗੋ ਮਾਰਚ ਵੀ ਕੀਤੇ ਜਾਣਗੇ।