ਅਸ਼ੋਕ ਵਰਮਾ
ਨਵੀਂ ਦਿੱਲੀ, 20 ਜਨਵਰੀ 2021 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਖਿਆ ਹੈ ਕਿ ਸਰਕਾਰ ਜਾਂ ਪੁਲਿਸ ਪ੍ਰਸ਼ਾਸ਼ਨ ਕੁੱਝ ਵੀ ਕਹੇ 26 ਜਨਵਰੀ ਦੀ ਟਰੈਕਟਰ ਪਰੇਡ ਤਹਿ ਪੋ੍ਗਰਾਮ ਅਨੁਸਾਰ ਦਿੱਲੀ ਦੇ ਅੰਦਰ ਹੋਵੇਗੀ। ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਹੁਣ ਤੱਕ ਦੀ ਗੱਲਬਾਤ ਤੋਂ ਸਾਹਮਣੇ ਆਇਆ ਹੈ ਕਿ ਮੋਦੀ ਸਰਕਾਰ ਦਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਅਜੇ ਕੋਈ ਇਰਾਦਾ ਨਹੀਂ ਹੈ ਕਿਉਂਕਿ ਸਰਕਾਰ ਦੀ ਨੀਤੀ ਤੇ ਨੀਅਤ ਵਿਚ ਫਰਕ ਹੈ। ਇਸ ਕਰਕੇ ਪੰਜਾਬ ’ਚ ਕਿਸਾਨਾਂ ਮਜਦੂਰਾਂ ਵੱਲੋਂ 26 ਜਨਵਰੀ ਦੀ ਟਰੈਕਟਰ ਪਰੇਡ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ।
ਉਹਨਾਂ ਕਿਹਾ ਕਿ ਪੰਜਾਬੀ ਤੇ ਦੇਸ਼ ਵਾਸੀ ਨਿਰਾਸ਼ ਨਾਂ ਹੋਣ ਕਿਉਂਕਿ ਦਿੱਲੀ ਮੋਰਚਾ ਲੰਬਾ ਚੱਲ ਸਕਦਾ ਹੈ। ਉਹਨਾਂ ਇਸ ਲੰਬੇ ਸੰਘਰਸ਼ ਲਈ ਮਾਨਸਿਕ ਤਿਆਰੀ ਕਰਕੇ ਇਸ ਦਾ ਦਾਇਰਾ ਹੋਰ ਵਿਸ਼ਾਲ ਕਰਨ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਨੂੰ ਹੋਰ ਤੇਜ ਕਰਨ ਦੇ ਨਾਲ ਨਾਲ ਅੰਬਾਨੀਆਂ, ਅਡਾਨੀਆਂ ਦੇ ਉਤਪਾਦਾਂ ਦਾ ਬਾਈਕਾਟ ਜਾਰੀ ਰੱਖਣ ਅਤੇ ਇਸ ਨੂੰ ਹੋਰ ਵਧਾਉਣ ਦੀ ਅਪੀਲ ਵੀ ਕੀਤੀ। ਉਹਨਾਂ ਦੱਸਿਆ ਕਿ ਅੱਜ ਤਰਨਤਾਰਨ, ਹਰੀਕੇ ਪਤਣ ਤੇ ਆਖਿਰ ਤੇ ਬਿਆਸ ਤੋਂ ਹਜਾਰਾਂ ਕਿਸਾਨ ਮਜਦੂਰ ਹਜਾਰਾਂ ਗੱਡੀਆਂ ਤੇ ਰਵਾਨਾ ਹੋ ਚੁੱਕੇ ਹਨ ਜੋ ਪੂਰੇ ਬੁਲੰਦ ਹੌਂਸਲੇ ਨਾਲ ਪੈਂਡਾ ਤੈਅ ਕਰਦਿਆਂ ਮੋਰਚੇ ’ਚ ਸ਼ਾਮਲ ਹੋਣਗੇ।
ਉਹਨਾਂ ਦੱਸਿਆ ਕਿ 23 ਜਨਵਰੀ ਤੱਕ ਤਾਂ ਪੰਜਾਬ ਤੋਂ ਲੱਖਾਂ ਟ੍ਰੈਕਟਰ ਦਿੱਲੀ ਪਹੁੰਚ ਜਾਣਗੇ। ਓਧਰ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਸਟੇਜ਼ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਥਾ ਕੀਰਤਨ ਕੀਤਾ ਗਿਆ। ਇਸ ਮੌਕੇ ਹਜਾਰਾਂ ਦੀ ਗਿਣਤੀ ’ਚ ਸੰਗਤਾਂ ਨੇ ਗੁਰੂ ਸਾਹਿਬ ਨੂੰ ਯਾਦ ਕਰਦਿਆਂ ਹੱਕ ਸੱਚ ਲਈ ਸੰਘਰਸ਼ ਕਰਨ ਦਾ ਅਹਿਦ ਲਿਆ। ਆਗੂਆਂ ਨੇ ਆਖਿਆ ਕਿ ਅਸਲ ’ਚ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਦੀ ਪ੍ਰੀਖਿਆ ਲੈ ਰਹੀ ਹੈ ਪਰ ਲੋਕ ਹਰ ਇਮਤਿਹਾਨ ਦੇਣ ਨੂੰ ਤਿਆਰ ਹਨ। ਦੋਵਾਂ ਆਗੂਆਂ ਨੇ ਕਾਲੇ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਸਮੂਹ ਪੰਜਾਬੀਆਂ ਨੂੰ ਟਰੈਕਟਰ ਪਰੇਡ ’ਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ।
ਟਰੈਕਟਰ ਪਰੇਡ ਲਈ ਕਾਫਲਾ ਰਵਾਨਾ
ਅੱਜ ਬਿਆਸ ਪੁਲ ਤੋਂ 26 ਜਨਵਰੀ ਦੀ ਦਿੱਲੀ ਟਰੈਕਟਰ ਪਰੇਡ ਲਈ ਰਣਜੀਤ ਸਿੰਘ ਕਲੇਰਬਾਲਾ,ਦਿਆਲ ਸਿੰਘ ਮੀਆਂਵਿੰਡ ਅਤੇ ਵਲੰਟੀਅਰ ਇੰਚਾਰਜ ਅਮਰਦੀਪ ਸਿੰਘ ਗੋਪੀ ਦੀ ਅਗਵਾਈ ਹੇਠ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਦੌਰਾਨ ਕਿਸਾਨ ਮਜਦੂਰ ਜਥੇਬੰਦੀ ਦਾ ਵੱਡਾ ਕਾਫਲਾ ਰਵਾਨਾ ਹੋਇਆ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ ਦਾ ਕਹਿਣਾ ਸੀ ਕਿ 21 ਜਨਵਰੀ ਤੋਂ 26 ਜਨਵਰੀ ਤੱਕ ਹੋਰ ਵੀ ਜੱਥੇ ਦਿੱਲੀ ਪਰੇਡ ਲਈ ਕੂਚ ਕਰਨਗੇ। ਸ਼ਿਮਲੇ ’ਚ ਕਿਸਾਨ ਆਗੂਆਂ ਦੀ ਗਿ੍ਰਫਤਾਰੀ ਦੀ ਨਿਖੇਧੀ ਕਰਦਿਆਂ ਉਹਨਾਂ ਕਿਹਾ ਕਿ ਜਬਰੀ ਗਿ੍ਰਫਤਾਰੀਆਂ ਕਰਨ ਕਰਕੇ ਕੇਂਦਰ ਦੀ ਬੁਖਲਾਹਟ ਸਾਫ ਸਾਫ ਨਜਰ ਆ ਰਹੀ ਹੈ। ਉਹਨਾਂ ਦੱਸਿਆ ਕਿ ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ 119ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਮੌਕੇ ਲਖਵਿੰਦਰ ਸਿੰਘ ,ਮੰਗਲ ਸਿੰਘ ਗੁੱਦੜਡੰਡੀ ,ਧਰਮ ਸਿੰਘ ਸਿੱਧੂ, ਗੁਰਬਖਸ਼ ਸਿੰਘ ,ਨਿਰਮਲ ਸਿੰਘ ਭੂਪੇਵਾਲਾ ਅਤੇ ਮੁਨਸ਼ਾ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।