ਅਸ਼ੋਕ ਵਰਮਾ
ਬਠਿੰਡਾ, 24 ਜਨਵਰੀ 2021 - ਬਠਿੰਡਾ ਜਿਲੇ ਦੇ ਇੱਕ ਕਿਸਾਨ ਪ੍ਰੀਵਾਰ ਨੇ ਆਪਣੇ ਘਰ ਪੁੱਤਰ ਦੇ ਜਨਮ ਲੈਣ ਦੀ ਖੁਸ਼ੀ ’ਚ ਦਿੱਲੀ ਦੇ ਕਿਸਾਨ ਮੋਰਚੇ ’ਚ ਨਿੰਮ ਬੰਨ੍ਹ ਕੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੀ ਲੜਾਈ ’ਚ ਇੱਕ ਨਵਾਂ ਸੁਨੇਹਾ ਦਿੱਤਾ ਅਤੇ ਨਿਵੇਕਲੀ ਪਿਰਤ ਪਾਈ ਹੈ। ਕਿਸਾਨ ਕੁਲਵੰਤ ਸਿੰਘ ਸੰਗਤ ਬਲਾਕ ਦੇ ਪਿੰਡ ਜੈ ਸਿੰਘ ਵਾਲਾ ਦਾ ਹੈ ਜਿਸ ਦੇ ਘਰ ਪਹਿਲਾ ਬੱਚਾ ਹੋਇਆ ਹੈ। ਲੜਕਾ ਹੋਣ ਤੋਂ ਬਾਅਦ ਪ੍ਰੀਵਾਰ ਨੇ ਇਸ ਬਾਰੇ ਫੈਸਲਾ ਕੀਤਾ ਕਿ ਹੁਣ ਕਿਸਾਨਾਂ ਦਾ ਸਭ ਕੁੱਝ ਕਿਸਾਨ ਮੋਰਚੇ ਨਾਲ ਜੁੜਿਆ ਹੋਇਆ ਹੈ ਇਸ ਲਈ ਉਹ ਦਿੱਲੀ ਮੋਰਚੇ ’ਚ ਨਿੰਮ ਬੰਨ੍ਹਣ ਉਪਰੰਤ ਹੀ ਅੱਗੇ ਕੁੱਝ ਕਰਨਗੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕਾ ਪ੍ਰਧਾਨ ਕੁਲਵੰਤ ਰਾਏ ਸ਼ਰਮਾ , ਪਿੰਡ ਦੇ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਅਤੇ ਸਰਪੰਚ ਬਾਬੂ ਸਿੰਘ ਨਾਲ ਜਾਕੇ ਕੁਲਵੰਤ ਸਿੰਘ ਨੇ ਦਿੱਲੀ ਮੋਰਚੇ ’ਚ ਇਹ ਰਸਮ ਅਦਾ ਕੀਤੀ। ਇਸ ਮੌਕੇ ਹਾਜਰ ਆਗੂਆਂ ਨੇ ਲੜਕੇ ਦਾ ਨਾਮ ‘ਦਿਲਜੀਤ’ ਰੱਖ ਕੇ ਨਾਮਕਰਨ ਵੀ ਕੀਤਾ। ਕਿਸਾਨ ਪ੍ਰੀਵਾਰ ਵੱਲੋਂ ਖੁਸ਼ੀਆਂ ਮਨਾਉਂਦਿਆਂ ਲੱਡੂ ਵੀ ਵੰਡੇ ਗਏ। ਮੋਰਚੇ ’ਚ ਹਾਜਰ ਕਿਸਾਨਾਂ ਮਜਦੂਰਾਂ ਆਦਿ ਵੱਲੋਂ ਕੁਲਵੰਤ ਸਿੰਘ ਅਤੇ ਉਹਨਾਂ ਦੀ ਪਤਨੀ ਲਵਪ੍ਰੀਤ ਕੌਰ ਨੂੰ ਪ੍ਰਮਾਤਮਾ ਵੱਲੋਂ ਪੁੱਤਰ ਦੀ ਦਾਤ ਬਖਸ਼ਣ ਵਧਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਕਿਸਾਨ ਸੰਘਰਸ਼ ਦੀ ਸਫਲਤਾ ਅਤੇ ਕਿਸਾਨਾਂ ਦੀ ਚੜਦੀ ਕਲਾ ਤੋਂ ਇਲਾਵਾ ਬੱਚੇ ਦੇ ਰੌਸ਼ਨ ਭਵਿੱਖ ਲਈ ਅਰਦਾਸ ਵੀ ਕੀਤੀ ਗਈ। ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਜੈ ਸਿੰਘ ਵਾਲਾ ਦੇ ਪ੍ਰਧਾਨ ਜਗਤਾਰ ਸਿੰਘ ਮਾਨ ਦਾ ਕਹਿਣਾ ਸੀ ਕਿ ਹੁਣ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜਮੀਨਾਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਰਵਾਉਣ ਲਈ ਰਾਹ ਪੱਧਰੇ ਕੀਤੇ ਹਨ ਤਾਂ ਘਰਾਂ ’ਚ ਟਿਕਣ ਦਾ ਵੇਲਾ ਨਹੀਂ ਬਲਕਿ ਕਾਲੇ ਕਾਨੂੰਨ ਰੱਦ ਨਾਂ ਹੋਣ ਦੀ ਸੂਰਤ ’ਚ ਸਭ ਦਿਨ ਤਿਉਹਾਰ ਇੱਥੇ ਹੀ ਮਨਾਇਆ ਕਰਾਂਗੇ। ਉਹਨਾਂ ਮੋਦੀ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹਨ ਦੀ ਨਸੀਹਤ ਵੀ ਦਿੱਤੀ।
ਕਿਸਾਨ ਮੋਰਚੇ ਨਾਲ ਜੁੜੀਆਂ ਸਭ ਖੁਸ਼ੀਆਂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਦੀ ਕਹਿਣਾ ਸੀ ਕਿ ਹੁਣ ਤਾਂ ਕਿਸਾਨ ਪ੍ਰੀਵਾਰਾਂ ਦੀਆਂ ਗਮੀਆਂ ਖੁਸ਼ੀਆਂ ਕਿਸਾਨ ਸੰਘਰਸ਼ ਨਾਲ ਜੁੜੀਆਂ ਹੋਈਆਂ ਹਨ। ਉਹਨਾਂ ਆਖਿਆ ਕਿ ਭਾਵੇਂ ਇਹ ਪਿੰਡਾਂ ਦੀ ਆਮ ਰਸਮ ਹੈ ਪਰ ਕਿਸਾਨ ਕੁਲਵੰਤ ਸਿੰਘ ਨੇ ਅਜਿਹਾ ਕਰਕੇ ਮੋਦੀ ਸਰਕਾਰ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਸਿਰਫ ਮੌਜੂਦਾ ਕਿਸਾਨ ਹੀ ਨਹੀਂ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਜਬਰ ਜੁਲਮ ਖਿਲਾਫ ਲੜਾਈ ਲੜਨਗੀਆਂ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਮੌਕੇ ਦੀ ਨਜ਼ਾਕਤ ਸਮਝਦਿਆਂ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਉਹਨਾਂ ਸਮੂਹ ਪੰਜਾਬੀਆਂ ਨੂੰ ਮੋਦੀ ਸਰਕਾਰ ਖਿਲਾਫ ਹਿੱਕ ਡਾਹ ਕੇ ਡਟਣ ਦਾ ਸੱਦਾ ਵੀ ਦਿੱਤਾ।