ਨਵਾਂਸ਼ਹਿਰ, 24 ਜਨਵਰੀ 2021 - 26 ਜਨਵਰੀ ਦੀ ਕਿਸਾਨਾਂ ਵਲੋਂ ਦਿੱਲੀ ਵਿਚ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਚੋਂ 300 ਟਰੈਕਟਰ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਦਿੱਲੀ ਲਈ ਰਵਾਨਾ ਹੋਇਆ।ਇਥੇ ਰਿਲਾਇੰਸ ਕੰਪਨੀ ਦੇ ਸਟੋਰ ਅੱਗਿਓਂ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਦਿੱਲੀ ਲਈ ਰਵਾਨਾ ਹੋਈਆਂ ਜਿਸਦੀ ਅਗਵਾਈ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਭੁਪਿੰਦਰ ਸਿੰਘ ਵੜੈਚ, ਜਿਲਾ ਸਕੱਤਰ ਤਰਸੇਮ ਸਿੰਘ ਬੈਂਸ,ਕੁਲਵਿੰਦਰ ਸਿੰਘ ਵੜੈਚ, ਪਰਮਜੀਤ ਸਿੰਘ ਸੰਘਾ ਸ਼ਹਾਬਪੁਰ ਨੇ ਕੀਤੀ।ਵੱਖ ਵੱਖ ਕਾਫਲਿਆਂ ਨੂੰ ਇੱਥੋਂ ਯੂਨੀਅਨ ਆਗੂਆਂ ਮੱਖਣ ਸਿੰਘ ਭਾਨਮਜਾਰਾ, ਬੂਟਾ ਸਿੰਘ ਮਹਿਮੂਦ ਪੁਰ, ਅਵਤਾਰ ਕੱਟ, ਜਸਬੀਰ ਦੀਪ, ਸੋਹਣ ਸਿੰਘ ਅਟਵਾਲ, ਪਾਖਰ ਸਿੰਘ ਅਸਮਾਨ ਪੁਰ, ਰਘਬੀਰ ਸਿੰਘ ਅਸਮਾਨ ਪੁਰ, ਹਰੀ ਰਾਮ ਰਸੂਲਪੁਰੀ ਨੇ ਦਿੱਲੀ ਲਈ ਰਵਾਨਾ ਕੀਤਾ।
ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈਕੇ ਮੋਦੀ ਸਰਕਾਰ ਵਿਰੁੱਧ ਕਿਸਾਨਾਂ ਦਾ ਘੋਲ ਤਿੱਖਾ ਰੂਪ ਧਾਰਨ ਕਰ ਚੁੱਕਾ ਹੈ ।ਉਹਨਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਕੋਝੀਆਂ ਚਾਲਾਂ ਚੱਲਣ ਤੇ ਉੱਤਰ ਆਈ ਹੈਪਰ ਕਿਸਾਨਾਂ ਦਾ ਜਾਬਤਾਬੱਧ ਰੋਹ ਅਤੇ ਹੌਸਲਾ ਸਰਕਾਰ ਦੀ ਹਰ ਚਾਲ ਦਾ ਢੁੱਕਵਾਂ ਜਵਾਬ ਦੇ ਰਿਹਾ ਹੈ ।ਕਿਸਾਨ ਸਰਕਾਰ ਵਿਰੁੱਧ ਲੰਮੀ ਲੜਾਈ ਦਾ ਦਾਈਆ ਰੱਖਕੇ ਆਪਣੇ ਨਾਲ ਟਰਾਲੀਆਂ ਵਿਚ ਰਸਦ ,ਬਾਲਣ ਅਤੇ ਹੋਰ ਲੋੜੀਂਦਾ ਸਮਾਨ ਲੈਕੇ ਜਾ ਰਹੇ ਹਨ।ਇਹਨਾਂ ਕਾਫਲਿਆਂ ਵਿਚ ਕਿਸਾਨਾਂ ਦੇ ਨਾਲ ਔਰਤਾਂ, ਬੱਚੇ, ਮਜਦੂਰ, ਵਿਦਿਆਰਥੀ, ਨੌਜਵਾਨ ਵੀ ਵੱਡੀ ਪੱਧਰ ਉੱਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਇਹ ਘੋਲ ਹੁਣ ਸਹੀ ਅਰਥਾਂ ਵਿਚ ਲੋਕ ਘੋਲ ਬਣ ਚੁੱਕਾ ਹੈ ।ਸਰਕਾਰ ਦਾ ਕੋਈ ਵੀ ਹੱਥਕੰੰਡਾ ਹੁਣ ਇਸ ਘੋਲ ਨੂੰ ਮਾਤ ਨਹੀਂ ਦੇ ਸਕਦਾ ।ਅਖੀਰ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਹੀ ਪਵੇਗਾ।ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਕਮੇਟੀ ਮੈਂਬਰ ਅਵਤਾਰ ਸਿੰਘ ਕੱਟ ਨੇ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਇਸ ਜਿਲੇ ਵਿਚੋਂ 300 ਟਰੈਕਟਰ ਦਿੱਲੀ ਗਏ ਹਨ।