ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 24 ਜਨਵਰੀ 2021-ਪੰਜਾਬ ਵਿੱਚ ਇਸ ਸਮੇਂ ਹਰ ਵਰਗ, ਖ਼ਾਸਕਰ ਕਿਸਾਨਾਂ ’ਚ ਕੇਂਦਰ ਸਰਕਾਰ ਖ਼ਿਲਾਫ਼ ਰੋਹ ਸਿਖਰਾਂ ’ਤੇ ਹੈ। ਇੱਕ ਪਾਸੇ ਖੇਤੀ ਕਾਨੂੰਨਾਂ ਦਾ ਰੋਸ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਦੇ ਸੱਦੇ ’ਤੇ ਇਸ ਸਮੇਂ ਪੰਜਾਬ ਅੰਦਰੋਂ ਲਗਾਤਾਰ ਲੋਕ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ। ਭਾਵੇਂ ਕਿ ਮੌਸਮ ਪੂਰੇ ਠੰਡ ਹੈ ਤੇ ਧੁੰਦ ਵੀ ਸ਼ਾਮ-ਸਵੇਰ ਜੋਬਨ ’ਤੇ ਹੁੰਦੀ ਹੈ, ਪਰ ਫ਼ਿਰ ਵੀ ਟਰੈਕਟਰ ਪਰੇਡ ਦੀ ਸਫ਼ਲਤਾ ਲਈ ਕਿਸਾਨ ਕਿਸੇ ਕਿਸਮ ਦੀ ਪ੍ਰਵਾਹ ਨਹੀਂ ਕਰ ਰਹੇ ਤੇ ਟੋਲੀਆਂ ਬਣਾਕੇ ਦਿੱਲੀ ਲਈ ਰਵਾਨਾ ਹੋ ਰਹੇ ਹਨ। ਜਿਵੇਂ-ਜਿਵੇਂ 26 ਜਨਵਰੀ ਦਾ ਦਿਨ ਨਜ਼ਦੀਕ ਆ ਰਿਹਾ ਹੈ, ਓਵੇਂ ਓਵੇਂ ਦਿੱਲੀ ਵੱਲ ਚਾਲੇ ਪਾਉਣ ਦਾ ਕੰਮ ਹੁਣ ਦਿਨ-ਰਾਤ ’ਚ ਬਦਲ ਗਿਆ ਹੈ। ਸਿਰਫ਼ ਦਿਨ ਵੇਲੇ ਹੀ ਨਹੀਂ, ਸਗੋਂ ਕਿਸਾਨ ਰਾਤ ਸਮੇਂ ਵੀ ਦਿੱਲੀ ਵੱਲ ਨੂੰ ਕੂਚ ਕਰਨ ਲੱਗੇ ਹਨ। ਵੇਖਿਆ ਜਾਵੇ ਤਾਂ ਪੰਜਾਬ ਅੰਦਰੋ ਹਰ ਪਰਿਵਾਰ ਦਾ ਇੱਕ ਜਾਂ ਦੋ ਜੀਅ ਇਸ ਸਮੇਂ ਦਿੱਲੀ ਪੁੱਜਣ ਲਈ ਕਾਹਲੇ ਨਜ਼ਰ ਆ ਰਹੇ ਹਨ।
ਜਾਣਕਾਰੀ ਅਨੁਸਾਰ ਬੀਤੀ ਰਾਤ ਸ੍ਰੀ ਮੁਕਤਸਰ ਸਾਹਿਬ ਅੰਦਰੋਂ ਕੁੱਲ 84 ਟਰੈਕਟਰਾਂ ਦਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ। ਕਿਸਾਨਾਂ ਨੇ ਦੱਸਿਆ ਕਿ ਉਹ ਟਰੈਕਟਰਾਂ ਨੂੰ ਇਕੱਠੇ ਕਰਕੇ ਲਿਜਾ ਰਹੇ ਹਨ ਤੇ ਨਾਲ ਆਪਣੇ ਖ਼ਾਣ ਪੀਣ ਦਾ ਸਮਾਨ ਤੋਂ ਇਲਾਵਾ ਟਰੈਕਟਰਾਂ ਦੇ ਔਜ਼ਾਰ ਵੀ ਲਿਜਾਏ ਜਾ ਰਹੇ ਹਨ ਤਾਂ ਜੋ ਰਸਤੇ ਵਿੱਚ ਕੋਈ ਦਿੱਕਤ ਨਾ ਆਵੇ। ਕਿਸਾਨਾਂ ਨੇ ਦੱਸਿਆ ਕਿ ਉਹ 25 ਜਨਵਰੀ ਦੀ ਸ਼ਾਮ 3 ਜਾਂ 4 ਕੁ ਵਜੇ ਤੱਕ ਦਿੱਲੀ ਪਹੁੰਚ ਜਾਣਗੇ, ਜਿੱਥੇ ਕਿਸਾਨ ਜਥੇਬੰਦੀਆਂ ਦੀ ਰਣਨੀਤੀ ਤਹਿਤ ਕੰਮ ਕਰਨਗੇ। ਵਰਣਨਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਤਹਿਤ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਨੂੰ ਅੱਜ 60 ਦਿਨ ਪੂਰੇ ਹੋ ਗਏ ਹਨ। ਕਿਸਾਨੀ ਸੰਘਰਸ਼ ਦੀ ਸਫ਼ਲਤਾ ਲਈ ਪੰਜਾਬ ਭਰ ਅੰਦਰੋਂ ਕਾਫ਼ਲੇ ਤੁਰਨ ਲੱਗੇ ਹਨ ਤੇ ਕਿਸਾਨਾਂ ਦਾ ਇੱਕੋ ਹੀ ਨਾਅਰਾ ਹੈ ਕਿ ਖੇਤੀ ਕਾਨੂੰਨਾਂ ਨੂੰ ਹਰ ਹਾਲ ’ਚ ਰੱਦ ਕਰਾਇਆ ਜਾਵੇਗਾ।