ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 18 ਜਨਵਰੀ 2021-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੁੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਹਮਾਇਤੀ ਜਥੇਬੰਦੀਆਂ ਵੱਲੋਂ ਜਿੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਜਾ ਰਹੀ ਹੈ, ਉਥੇ ਹੀ 26 ਜਨਵਰੀ ਦੇ ਦਿੱਲੀ ਐਕਸ਼ਨ ਲਈ ਵੀ ਤਿਆਰੀਆਂ ਖਿੱਚੀਆਂ ਜਾ ਰਹੀਆਂ ਹਨ। ਧਾਨਕ ਸਮਾਜ ਤੇ ਗੱਲਾ ਮੰਡੀ ਮਜਦੂਰ ਵੱਲੋਂ ਅੱਜ ਸਥਾਨਕ ਅਨਾਜ ਮੰਡੀ ਵਿਖੇ 9ਵਾਂ ਧਰਨਾ ਲਗਾਇਆ ਗਿਆ, ਜਿਸ ਵਿੱਚ ਅਨਾਜ ਮੰਡੀ ਦੇ ਕਰਮਚਾਰੀਆਂ ਨੇ ਹਿੱਸਾ ਲਿਆ।
ਗੱਲਾ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮੋਨੂ ਨੁਗਰੀਆ ਦੀ ਅਗਵਾਈ ਹੇਠ ਲਗਾਏ ਗਏ ਇਸ ਧਰਨੇ ’ਚ ਮੰਡੀ ਮਜ਼ਦੂਰਾਂ ਤੋਂ ਇਲਾਵਾ ਧਾਨਕ ਸਮਾਜ ਦੇ ਲੋਕਾਂ ਨੇ ਵੀ ਹਿੱਸਾ ਲਿਆ। ਧਰਨੇ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੋਨੂ ਨੁਗਰੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਖੇਤੀ ਕਾਨੂੰਨ ਪਾਸ ਕੀਤੇ ਹਨ, ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਹੈ ਤੇ ਕਿਸਾਨੀ ਧੰਦੇ ਨਾਲ ਜੁੜੇ ਹਰ ਵਰਗ ਨੂੰ ਖਤਮ ਕਰਨਾ ਚਾਹੰੁਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣ ਲਈ ਰਣਨੀਤੀਆਂ ਘੜ ਰਹੀ ਹੈ, ਜਿਸਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਪਰੰਤ ਧਾਨਕ ਸਿੱਖ ਭਾਈਚਾਰਾ ਦੇ ਮਲੋਟ ਤੋਂ ਸੰਯੋਜਕ ਸੁਦੇਸ਼ ਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸਾਨੀ ਸੰਘਰਸ਼ ਦਾ ਡਟਕੇ ਸਾਥ ਦਿੱਤਾ ਜਾਵੇਗਾ ਤੇ ਕਿਸਾਨ ਜੋ ਵੀ ਰਣਨੀਤੀ ਤਿਆਰ ਕਰਨਗੇ, ਉਸ ਵਿੱਚ ਪੂਰਾ ਯੋਗਦਾਨ ਪਾਇਆ ਜਾਵੇਗਾ। ਇਸ ਤੋਂ ਇਲਾਵਾ 26 ਜਨਵਰੀ ਨੂੰ ਦਿੱਲੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਦੀ ਗੱਲ ਵੀ ਆਖ਼ੀ ਗਈ।
ਇਸ ਮੌਕੇ ਸਮੂਹ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਇਹ ਖੇਤੀ ਕਾਨੂੰਨ ਰੱਦ ਕਰੇ। ਇਸ ਮੌਕੇ ਸ਼ਾਮ ਲਾਲ ਗੋਲਨਾ, ਸੁਭਾਸ ਨੁਗਰੀਆ, ਬੂਟਾ ਰਾਮ, ਧਰਮਪਾਲ, ਬੁੱਧ ਰਾਮ, ਛਿੰਦਾ, ਸੁਰੇਸ਼ ਗੋਲਨਾ, ਅਮਰ, ਨਿੰਦਰ ਸਿੰਘ, ਸੋਹਣੀ, ਓਮ ਪ੍ਰਕਾਸ਼, ਵਿੱਕੀ, ਅਨਿਲ ਤੇ ਧਾਨਕ ਸਿੱਖ ਭਾਈਚਾਰੇ ਦੇ ਲੋਕ ਹਾਜ਼ਰ ਸਨ।