ਗਾਜ਼ੀਪੁਰ ਬਾਰਡਰ, 29 ਜਨਵਰੌ 2021 - ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਕੱਲ੍ਹ ਪੁਲਿਸ ਵੱਲੋਂ ਗਾਜ਼ੀਪੁਰ ਬਾਰਡਰ ਖਾਲੀ ਕਰਵਾਉਣ ਲਈ ਦਿੱਲੀ ਪੁਲਿਸ ਵੱਲੋਂ ਕਾਰਵਾਈ ਕੀਤੇ ਜਾਣ ਨੂੰ ਲੈ ਕੇ ਭਾਵੁਕ ਹੋ ਗਏ ਉਹਨਾਂ ਦੇ ਹੰਝੂ ਦੇਖ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਗਾਜ਼ੀਪੁਰ ਬਾਰਡਰ ਵੱਲ ਚਾਲੇ ਪਾ ਦਿੱਤੇ ਹਨ। ਇਸ ਵੇਲੇ ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਦਾ ਇਕੱਠ ਬਹੁਤ ਵੱਧ ਗਿਆ ਹੈ ਤੇ ਕਿਸਾਨਾਂ ਵਿਚ ਪੂਰਾ ਉਤਸ਼ਾਹ ਹੈ।
ਦੂਜੇ ਪਾਸੇ ਕਿਸਾਨਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਵੇਖਦਿਆਂ ਪੁਲਿਸ ਦਲ ਪਿੱਛੇ ਹਟ ਗਿਆ ਹੈ। ਇਹ ਪੁਲਿਸ ਬਾਰਡਰ ਖਾਲੀ ਕਰਵਾਉਣ ਪਹੁੰਚੀ ਸੀ ਤੇ ਟਿਕੈਤ ਦੇ ਹੰਝੂ ਕੇਰਨ ਮਗਰੋਂ ਵਧੇ ਇਕੱਠ ਨੂੰ ਵੇਖਦਿਆਂ ਪੁਲਿਸ ਨੇ ਪਿੱਛੇ ਹਟਣ ਦਾ ਫੈਸਲਾ ਕੀਤਾ ਤੇ ਸਾਰੀ ਟੀਮ ਪਿੱਛੇ ਹਟ ਗਈ।
ਇਸ ਦੌਰਾਨ ਆਪਣੇ ਭਰਾ ਦੇ ਹੰਝੂ ਨਾ ਦੇਖ ਸਕਿਆ ਨਰੇਸ਼ ਟਿਕੈਤ ਨੇ ਵਾਪਸ ਮੁੜਨ ਦਾ ਫੈਸਲਾ ਲਿਆ ਅਤੇ ਰਾਤ ਨੂੰ ਹੀ ਲੱਖਾਂ ਦਾ ਕਾਫਿਲਾ ਲੈ ਕੇ ਗਾਜ਼ੀਪੁਰ ਬਾਰਡਰ ਲਈ ਰਵਾਨਾ ਹੋ ਗਿਆ। ਰਾਕੇਸ਼ ਟਿਕੈਤ ਦੇ ਵੱਡੇ ਭਰਾ ਨਰੇਸ਼ ਟਿਕੈਤ ਨੇ ਇੱਥੇ ਪੰਚਾਇਤ ਨੂੰ ਸੰਬੋਧਿਤ ਕਰਦੇ ਹੋਏ ਐਲਾਨ ਕਰ ਦਿੱਤਾ ਕਿ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਮੁਜ਼ੱਫਰਨਗਰ ਸ਼ਹਿਰ ਦੇ ਸਰਕਾਰੀ ਇੰਟਰ ਕਾਲਜ ਵਿੱਚ ਮਹਾਪੰਚਾਇਤ ਬੁਲਾਈ ਜਾਵੇਗੀ। ਨਰੇਸ਼ ਟਿਕੈਤ ਨੇ ਕਿਹਾ ਕਿ ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਣਗੇ। ਇਸ ਪੰਚਾਇਤ ਵਿੱਚ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੱਜ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।