ਨਵੀਂ ਦਿੱਲੀ, 24 ਜਨਵਰੀ 2021 - 26 ਨਵੰਬਰ 2020 ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਸ਼ੁਰੂ ਹੋਇਆ ਕਿਸਾਨ ਮੋਰਚਾ ਲੱਗੇ ਨੂੰ ਕਰੀਬ ਪੂਰੇ ਦੋ ਮਹੀਨੇ, ਮਤਲਬ ਕਿ 60 ਦਿਨ ਹੋ ਚੁੱਕੇ ਹਨ। ਇਨ੍ਹਾਂ 60 ਦਿਨਾਂ ਦੇ ਵਿੱਚ ਕਿਸਾਨਾਂ ਨੇ ਬਹੁਤ ਕੁੱਝ ਪਾਇਆ ਹੈ ਅਤੇ ਬਹੁਤ ਕੁੱਝ ਗਵਾਇਆ ਵੀ ਹੈ। ਕਿਸਾਨੀ ਸੰਘਰਸ਼ ਏਨਾ 60 ਦਿਨਾਂ ਦੇ ਵਿੱਚ ਜਿੱਥੇ ਦੁਨੀਆ ਭਰ ਵਿੱਚ ਆਪਣੀ ਪਛਾਣ ਤਾਂ ਬਣਾ ਹੀ ਗਿਆ ਹੈ, ਨਾਲ ਹੀ ਕਿਸਾਨ ਆਗੂਆਂ ਦੇ ਦਾਅਵੇ ਮੁਤਾਬਿਕ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ 60 ਦਿਨਾਂ ਦੇ ਵਿੱਚ ਕਰੀਬ 120 ਕਿਸਾਨ, ਮਜ਼ਦੂਰ ਅਤੇ ਬੀਬੀਆਂ ਸ਼ਹੀਦੀਆਂ ਪ੍ਰਾਪਤ ਕਰ ਚੁੱਕੀਆਂ ਹਨ। ਕੇਂਦਰ ਸਰਕਾਰ ਦਾ ਰਵੱਈਆ ਸ਼ੁਰੂ ਵਿੱਚ ਤਾਂ ਸਿੱਧੇ ਤੌਰ 'ਤੇ ਹੀ ਕਿਸਾਨ ਵਿਰੋਧੀ ਸੀ, ਪਰ ਜਿਵੇਂ ਜਿਵੇਂ ਕਿਸਾਨਾਂ ਨੇ ਸਰਕਾਰ ਨੂੰ ਤਰਕ ਦੇਣੇ ਸ਼ੁਰੂ ਕੀਤੇ ਤਾਂ ਸਰਕਾਰ ਝੁਕਣੀ ਸ਼ੁਰੂ ਹੋ ਗਈ। ਇਸ ਵੇਲੇ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਕਰੀਬ 11 ਮੀਟਿੰਗਾਂ ਹੋ ਚੁੱਕੀਆਂ ਹਨ, ਜੋ ਕਿ ਬੇਸਿੱਟਾ ਤਾਂ ਰਹੀਆਂ ਹੀ ਹਨ, ਨਾਲ ਹੀ ਇਨ੍ਹਾਂ 11 ਮੀਟਿੰਗਾਂ ਦੇ ਵਿੱਚ ਸਰਕਾਰ ਦਾ ਚਿਹਰਾ ਵੀ ਸਭ ਨੂੰ ਪਤਾ ਲੱਗ ਗਿਆ ਹੈ।
ਦੱਸਣਾ ਬਣਦਾ ਹੈ ਕਿ ਜਿੱਥੇ ਪਹਿਲੋਂ ਪਹਿਲੋਂ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਲਈ ਤਾਂ ਰਾਜ਼ੀ ਹੀ ਸੀ, ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਵਾਸਤੇ ਤਿਆਰ ਨਹੀਂ ਸੀ, ਉੱਥੇ ਹੀ ਕੇਂਦਰ ਸਰਕਾਰ ਖ਼ਿਲਾਫ਼ ਵਧੇ ਕਿਸਾਨਾਂ ਦੇ ਰੋਹ ਤੋਂ ਮਗਰੋਂ ਸਰਕਾਰ ਜਿੱਥੇ ਪੂਰੀ ਤਰ੍ਹਾਂ ਨਾਲ ਝੁਕ ਕੇ, ਖੇਤੀ ਕਾਨੂੰਨਾਂ ਦੇ ਵਿੱਚ ਸੋਧ ਕਰਨ ਲਈ ਤਿਆਰ ਹੋਈ ਹੈ, ਉੱਥੇ ਹੀ ਪਿਛਲੇ ਦਿਨੀਂ 20 ਜਨਵਰੀ ਨੂੰ ਸਰਕਾਰ ਇਹ ਵੀ ਮੰਨੀ ਸੀ ਕਿ ਉਹ ਖੇਤੀ ਕਾਨੂੰਨਾਂ 'ਤੇ ਇੱਕ ਡੇਢ ਸਾਲ ਤੱਕ ਰੋਕ ਲਗਾ ਸਕਦੀ ਹੈ ਅਤੇ ਜੇਕਰ ਕਿਸਾਨਾਂ ਨੂੰ ਇਹ ਨੁਕਸਾਨਦਾਇਕ ਜਾਪੇ ਤਾਂ, ਕਾਨੂੰਨ ਰੱਦ ਕਰ ਦਿੱਤੇ ਜਾਣਗੇ, ਪਰ ਕਿਸਾਨਾਂ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹੋ ਹੀ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਆਏ ਹਨ, ਸਾਨੂੰ ਨਾ ਤਾਂ ਸੋਧ ਚਾਹੀਦੀ ਹੈ ਅਤੇ ਨਾ ਹੀ ਰੋਕ ਚਾਹੀਦੀ ਹੈ, ਇਸ ਲਈ ਏਨਾ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ।
ਕਿਸਾਨ ਆਗੂਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ, ਜਿਹੜੀ ਸਰਕਾਰ ਝੁਕਣ ਵਾਸਤੇ ਕਿਸਾਨਾਂ ਮੂਹਰੇ ਤਿਆਰ ਨਹੀਂ ਸੀ, ਉਹ ਸਰਕਾਰ ਹੁਣ ਗੋਡੇ ਟੇਕ ਕੇ, ਖੇਤੀ ਕਾਨੂੰਨਾਂ 'ਤੇ ਇੱਕ ਡੇਢ ਸਾਲ ਲਈ ਰੋਕ ਲਗਾਉਣ ਲਈ ਤਿਆਰ ਹੋ ਗਈ ਹੈ। ਕਿਸਾਨਾਂ ਮੁਤਾਬਿਕ, ਭਾਵੇਂ ਹੀ ਇਹ ਉਨ੍ਹਾਂ ਦੀ ਇੱਕ ਵੱਡੀ ਜਿੱਤ ਹੈ, ਪਰ ਦੂਜੇ ਪਾਸੇ ਉਨ੍ਹਾਂ ਦੀ ਮੁਕੰਮਲ ਜਿੱਤ ਤਾਂ ਉਸੇ ਦਿਨ ਹੋਵੇਗੀ, ਜਿਸ ਦਿਨ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰ ਦੇਵੇਗੀ।
ਖ਼ੈਰ, ਕਿਸਾਨ ਮੋਰਚਾ ਦਿਨ ਪ੍ਰਤੀ ਦਿਨ ਵੱਧ ਫੁੱਲ ਰਿਹਾ ਹੈ ਅਤੇ ਇਸ ਤੋਂ ਇਲਾਵਾ ਟਰੈਕਟਰ ਪਰੇਡ ਜੋ 26 ਜਨਵਰੀ ਨੂੰ ਹੋਣ ਜਾ ਰਹੀ ਹੈ, ਉਹਦੇ ਸਬੰਧ ਵਿੱਚ ਕਿਸਾਨਾਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹਨ। ਪ੍ਰਦਰਸ਼ਨਕਾਰੀ ਕਿਸਾਨ ਕਹਿ ਰਹੇ ਹਨ ਕਿ 'ਅੱਜ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਕਾਫ਼ੀ ਟਰੈਕਟਰ ਦਿੱਲੀ ਆਉਣਗੇ ਅਤੇ ਅਸੀਂ 26 ਜਨਵਰੀ ਨੂੰ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਪਰੇਡ ਕੱਢਾਂਗੇ। ਕਿਸਾਨਾਂ ਦਾ ਦਾਅਵਾ ਹੈ ਕਿ ਟਿਕਰੀ ਬਾਰਡਰ ਤੋਂ ਹੀ ਕਰੀਬ ਢਾਈ ਲੱਖ ਟਰੈਕਟਰ ਪਰੇਡ ਲਈ ਰਵਾਨਾ ਹੋਣਗੇ। ਦੂਜੇ ਪਾਸੇ ਕਿਸਾਨਾਂ ਨੇ ਸਾਫ਼ ਸਪੱਸ਼ਟ ਸ਼ਬਦਾਂ ਵਿੱਚ ਇਹ ਵੀ ਕਹਿ ਦਿੱਤਾ ਹੈ ਕਿ ਜੋ ਟਰੈਕਟਰ ਪਰੇਡ ਹੋਣ ਜਾ ਰਹੀ ਹੈ, ਉਸ ਵਿੱਚ ਜਿਹੜੇ ਵੀ ਟਰੈਕਟਰ ਸ਼ਾਮਲ ਹੋਣਗੇ, ਉਨ੍ਹਾਂ ਟਰੈਕਟਰਾਂ 'ਤੇ ਕਿਸਾਨ ਯੂਨੀਅਨਾਂ ਦੇ ਨਾਲ ਨਾਲ ਦੇਸ਼ ਦਾ ਤਿਰੰਗਾ ਝੰਡਾ ਵੀ ਲਗਾਇਆ ਜਾਵੇਗਾ। ਦੱਸਦੇ ਚੱਲੀਏ ਕਿ ਲੰਘੇ ਕੱਲ੍ਹ ਦਿੱਲੀ ਪੁਲਿਸ ਨੇ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ, ਟਰੈਕਟਰ ਪਰੇਡ ਕਰਨ 'ਤੇ ਸਹਿਮਤੀ ਬਣਾ ਲਈ ਸੀ।